ਹਰਸਿਮਰਤ ਬਾਦਲ ਨੇ ਸੋਨੀਆ ਗਾਂਧੀ ਨੂੰ ਕਿਹਾ: ਹੁਣ ਤਾਂ ਕਰ ਦਿਓ ਕਮਲ ਨਾਥ ਦੀ ਮੁੱਖ ਮੰਤਰੀ ਦੇ ਅਹੁਦੇ ਤੋਂ ਛੁੱਟੀ

ਚੰਡੀਗੜ੍ਹ,10 ਸਤੰਬਰ, 2019 –

ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਕਿਹਾ ਹੈ ਕਿ ਉਹ ਕਮਲ ਨਾਥ ਨੂੰ ਤੁਰੰਤ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ। ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਨੂੰ ਆਪਣੀ 1984 ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਦੀ ਨੀਤੀ ਹੁਣ ਤਿਆਗ ਦੇਣੀ ਚਾਹੀਦੀ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਦਿੱਲੀ ਵਿਚ ਗੁਰਦੁਆਰਾ ਰਕਾਬਗੰਜ ਕੋਲ ਦੋ ਸਿੱਖਾਂ ਨੂੰ ਕਤਲ ਕੀਤੇ ਜਾਣ ਦੇ ਮਾਮਲੇ, ਜਿਸ ਵਿਚ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਭੀੜ ਨੂੰ ਹਮਲੇ ਲਈ ਉਕਸਾਉਣ ਦਾ ਦੋਸ਼ੀ ਹੈ, ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋਂ ਦੁਬਾਰਾ ਜਾਂਚ ਖੋਲ੍ਹਣ ਤੋਂ ਬਾਅਦ ਵੀ ਸੋਨੀਆ ਗਾਂਧੀ ਨੇ ਚੁੱਪ ਧਾਰੀ ਹੋਈ ਹੈ।

ਉਹਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਅਤੇ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਧਾਰੀ ਚੁੱਪ ਪਾਰਟੀ ਦੀ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਅਤੇ ਇਨਾਮ ਦੇਣ ਦੀ ਨੀਤੀ ਦੀ ਪੁਸ਼ਟੀ ਕਰ ਰਹੇ ਹਨ। ਉਹਨਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਸੋਨੀਆ ਗਾਂਧੀ ਵੀ ਦੋਸ਼ੀਆਂ ਨੂੰ ਬਚਾਉਣ ਦੀ ਉਸੇ ਨੀਤੀ ਦੀ ਪਾਲਣਾ ਕਰ ਰਹੀ ਹੈ, ਜੋ ਉਸ ਦੇ ਬੇਟੇ ਰਾਹੁਲ ਗਾਂਧੀ ਨੇ ਅਪਣਾਈ ਹੋਈ ਸੀ।

ਉਹਨਾਂ ਕਿਹਾ ਕਿ ਸੋਨੀਆ ਗਾਂਧੀ ਨੇ ਪਿਛਲੇ 35 ਸਾਲਾਂ ਤੋਂ ਇਨਸਾਫ ਦੀ ਲੜਾਈ ਲੜ ਰਹੇ ਸਿੱਖਾਂ ਦੀ ਆਵਾਜ਼ ਸੁਣਨ ਦੀ ਥਾਂ ਕਮਲ ਨਾਥ ਨਾਲ ਖੜ੍ਹਣ ਦਾ ਫੈਸਲਾ ਕੀਤਾ ਹੈ, ਜਿਸ ਉੱਤੇ ਦੋ ਆਜ਼ਾਦ ਗਵਾਹਾਂ ਨੇ ਗੁਰਦੁਆਰਾ ਰਕਾਬਗੰਜ ਉੱਤੇ ਹਮਲਾ ਕਰਨ ਵਾਲੀ ਭੀੜ ਦੀ ਅਗਵਾਈ ਕਰਨ ਦਾ ਦੋਸ਼ ਲਾਇਆ ਸੀ।

ਬੀਬਾ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਉਹਨਾਂ ਆਗੂਆਂ ਦੀ ਰਾਖੀ ਕਰਨ ਦੀ ਨੀਤੀ ਅਪਣਾ ਰੱਖੀ ਹੈ, ਜਿਹਨਾਂ ਨੇ ਰਾਜੀਵ ਗਾਂਧੀ ਵੱਲੋਂ ਇਹ ਕਹਿੰਦਿਆਂ ਕਿ ‘ਜਬ ਕੋਈ ਬੜਾ ਪੇੜ ਗਿਰਤਾ ਹੈ ਤੋ ਧਰਤੀ ਹਿਲਤੀ ਹੈ’ 1984 ਕਤਲੇਆਮ ਨੂੰ ਸਹੀ ਠਹਿਰਾਉਣ ਮਗਰੋਂ ਨਾ ਸਿਰਫ ਬੇਰਹਿਮੀ ਨਾਲ ਸਿੱਖਾਂ ਦਾ ਕਤਲੇਆਮ ਕੀਤਾ ਸੀ, ਸਗੋਂ ਉਹਨਾਂ ਦੇ ਘਰ ਦੁਕਾਨਾਂ ਅਤੇ ਗੁਰਦੁਆਰਿਆਂ ਦੀ ਵੀ ਭੰਨ-ਤੋੜ ਕਰਵਾਈ ਸੀ।

ਉਹਨਾਂ ਕਿਹਾ ਕਿ ਰਾਜੀਵ ਗਾਂਧੀ ਦੇ ਸਪੁੱਤਰ ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਹੁੰਦਿਆਂ ਇਹੀ ਨੀਤੀ ਜਾਰੀ ਰੱਖੀ ਅਤੇ ਉਸ ਨੇ ਇਹ ਕਹਿ ਕੇ ਸੱਚ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਕਿ 1984 ਦੇ ਸਿੱਖ ਕਤਲੇਆਮ ਪਿੱਛੇ ਕਿਸੇ ਵੀ ਕਾਂਗਰਸੀ ਆਗੂ ਦਾ ਹੱਥ ਨਹੀਂ ਸੀ। ਉਹਨਾਂ ਕਿਹਾ ਕਿ ਹੁਣ ਸੋਨੀਆ ਗਾਂਧੀ ਕਮਲ ਨਾਥ ਦਾ ਸਮਰਥਨ ਕਰਕੇ ਕਾਂਗਰਸ ਦੀ ਇਸ ਪੁਰਾਣੀ ਅਤੇ ਮੰਦਭਾਗੀ ਨੀਤੀ ਨੂੰ ਜਾਰੀ ਰੱਖ ਰਹੀ ਹੈ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਨੇ ਦੱਸਿਆ ਕਿ ਗੁਰਦੁਆਰਾ ਰਕਾਬਗੰਜ ਉੱਤੇ ਹੋਏ ਹਮਲੇ ਦੇ ਗਵਾਹ ਇੰਡੀਅਨ ਐਕਸਪ੍ਰੈਸ ਦੇ ਸਾਬਕਾ ਪੱਤਰਕਾਰ ਸੰਜੇ ਸੂਰੀ ਨੇ ਕਿਹਾ ਸੀ ਕਿ ਉਸ ਨੇ ਕਮਲ ਨਾਥ ਨੂੰ ਭੀੜ ਨੂੰ ਕੰਟਰੋਲ ਕਰਦੇ ਹੋਏ ਵੇਖਿਆ ਸੀ ਅਤੇ ਜਦੋਂ ਭੀੜ ਨੇ ਗੁਰਦੁਆਰੇ ਉੱਤੇ ਹਮਲਾ ਕੀਤਾ ਸੀ ਤਾਂ ਕਮਲ ਨਾਥ ਉੱਥੇ ਮੌਜੂਦ ਸੀ। ਬੀਬਾ ਬਾਦਲ ਨੇ ਕਿਹਾ ਕਿ ਸੂਰੀ ਨੇ ਇਹ ਵੀ ਦੱਸਿਆ ਸੀ ਕਿ ਉੱਥੇ ਮੌਜੂਦ ਪੁਲਿਸ ਮੂਕ ਦਰਸ਼ਕ ਬਣ ਕੇ ਖੜ੍ਹੀ ਰਹੀ ਸੀ ਅਤੇ ਉਸ ਨੇ ਭੀੜ ਨੂੰ ਕਤਲੇਆਮ ਅਤੇ ਭੰਨਤੋੜ ਕਰਨ ਤੋਂ ਬਿਲਕੁੱਲ ਨਹੀਂ ਸੀ ਰੋਕਿਆ।

ਬੀਬਾ ਬਾਦਲ ਨੇ ਕਿਹਾ ਕਿ ਇਸੇ ਤਰ੍ਹਾਂ ਇੱਕ ਹੋਰ ਚਸ਼ਮਦੀਦ ਗਵਾਹ ਮੁਖਤਿਆਰ ਸਿੰਘ ਨੇ ਨਾਨਾਵਤੀ ਕਮਿਸ਼ਨ ਕੋਲ ਗਵਾਹੀ ਦਿੰਦਿਆਂ ਦੱਸਿਆ ਸੀ ਕਿ ਗੁਰਦੁਆਰਾ ਰਕਾਬਗੰਜ ਉੱਤੇ ਹਮਲਾ ਕਰਨ ਲਈ ਆਈ ਭੀੜ ਦੇ ਕੁੱਝ ਸਮੇਂ ਲਈ ਪਿਛਾਂਹ ਹਟਣ ‘ਤੇ ਉਸ ਨੇ ਕਮਲ ਨਾਥ ਅਤੇ ਵਸੰਤ ਸਾਠੇ ਨੂੰ ਭੀੜ ਦੀ ਅਗਵਾਈ ਕਰਦੇ ਹੋਏ ਵੇਖਿਆ ਸੀ। ਉਹਨਾਂ ਕਿਹਾ ਕਿ ਮੁਖਤਿਆਰ ਸਿੰਘ ਨੇ ਇਹ ਵੀ ਦੱਸਿਆ ਸੀ ਕਿ ਦੋਵੇਂ ਕਾਗਰਸੀ ਆਗੂਆਂ ਨੇ ਪੁਲਿਸ ਨੂੰ ਗੁਰਦੁਆਰਾ ਰਕਾਬਗੰਜ ਉੁੱਤੇ ਗੋਲੀਆਂ ਚਲਾਉਣ ਦੇ ਹੁਕਮ ਦਿੱਤੇ ਸਨ ਅਤੇ ਗੋਲੀਆਂ ਦੇ ਉਹ ਨਿਸ਼ਾਨ ਅਜੇ ਵੀ ਗੁਰਦੁਆਰਾ ਸਾਹਿਬ ਉਤੇ ਮੌਜੂਦ ਹਨ।

ਕੇਂਦਰੀ ਮੰਤਰੀ ਨੇ ਕਿਹਾ ਕਿ ਹੁਣ ਇਹਨਾਂ ਦੋਵੇਂ ਗਵਾਹਾਂ ਨੂੰ ਸਿਟ ਅੱਗੇ ਆਪਣੇ ਬਿਆਨ ਰਿਕਾਰਡ ਕਰਵਾਉਣ ਦਾ ਮੌਕਾ ਦਿੱਤਾ ਗਿਆ ਹੈ, ਜਿਸ ਮਗਰੋਂ ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਵਿਖੇ ਦਰਜ ਐਫਅਈਆਰ ਵਿਚ ਕਮਲ ਨਾਥ ਦਾ ਨਾਂ ਸ਼ਾਮਿਲ ਕੀਤਾ ਜਾਵੇਗਾ। ਉਸ ਤੋਂ ਬਾਅਦ ਕਮਲ ਨਾਥ ਦੀ ਗਿਰਫਤਾਰੀ ਹੋਵੇਗੀ ਅਤੇ ਉਸ ਖ਼ਿਲਾਫ ਕੇਸ ਚੱਲੇਗਾ। ਉਹਨਾਂ ਕਿਹਾ ਕਿ ਇਸ ਕੇਸ ਵਿਚ ਇਨਸਾਫ ਦਾ ਪਹੀਆ ਘੁੰਮਣਾ ਸ਼ੁਰੂ ਹੋ ਗਿਆ ਹੈ ਅਤੇ ਉਹ ਦਿਨ ਦੂਰ ਨਹੀਂ, ਜਦੋਂ ਕਮਲ ਨਾਥ ਨੂੰ ਸਿੱਖਾਂ ਅਤੇ ਮਨੁੱਖਤਾ ਖ਼ਿਲਾਫ ਕੀਤੇ ਅਪਰਾਧਾਂ ਲਈ ਮਿਸਾਲੀ ਸਜ਼ਾ ਦਿੱਤੀ ਜਾਵੇਗੀ।

Share News / Article

Yes Punjab - TOP STORIES