29 C
Delhi
Saturday, April 20, 2024
spot_img
spot_img

ਹਰਸਿਮਰਤ ਬਾਦਲ ਦੀ ਵਜ਼ੀਰੀ ਬਚਾਉਣ ਲਈ ਬਾਦਲ ਦਿੱਲੀ ਚੋਣਾਂ ‘ਚੋਂ ਪਿੱਛੇ ਹਟੇ: ਆਮ ਆਦਮੀ ਪਾਰਟੀ

ਚੰਡੀਗੜ, 21 ਜਨਵਰੀ, 2020 –
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਗੱਠਜੋੜ ‘ਚ ਪਈ ਤਰੇੜ ਬਾਰੇ ਅਕਾਲੀਆਂ (ਬਾਦਲਾਂ) ਵੱਲੋਂ ਦਿੱਤੀ ਜਾ ਰਹੀ ਸਫ਼ਾਈ ਨੂੰ ਦੋਗਲੇਪਣ ਦਾ ਸ਼ਿਖਰ ਕਰਾਰ ਦਿੱਤਾ ਹੈ।

ਪਾਰਟੀ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬੇਸ਼ੱਕ ਇਹ ਭਾਜਪਾ ਅਤੇ ਅਕਾਲੀ ਦਲ (ਬਾਦਲ) ਦਾ ਅੰਦਰੂਨੀ ਮਾਮਲਾ ਹੈ, ਪਰੰਤੂ ਬਾਦਲ ਦਲੀਆਂ ਵੱਲੋਂ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਹਵਾਲੇ ਨਾਲ ਜੋ ਸਫ਼ਾਈ ਦਿੱਤੀ ਜਾ ਰਹੀ ਹੈ, ਉਹ ਅਸਲੀਅਤ ਤੋਂ ਦੂਰ ਹੈ।

ਚੀਮਾ ਨੇ ਕਿਹਾ ਕਿ ਜਦੋਂ ਦਾ ਸੀਏਏ/ਐਨਸੀਆਰ/ਐਨਪੀਆਰ ਵਿਵਾਦ ਸ਼ੁਰੂ ਹੋਇਆ ਹੈ। ਆਪਣੀ ਪਾਰਟੀ ਦੀ ਤਰਫ਼ੋਂ ਬਾਦਲਾਂ ਨੇ ਜਾਂ ਤਾਂ ਚੁੱਪੀ ਵਟੀ ਰੱਖੀ ਅਤੇ ਜਾਂ ਫਿਰ ਦੋਗਲਾ ਰੁੱਖ ਅਪਣਾਇਆ। ਦਿੱਲੀ ‘ਚ ਸੰਸਦ ਦੇ ਅੰਦਰ ਬਤੌਰ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਸੀਏਏ ਦੇ ਹੱਕ ‘ਚ ਵੋਟਾਂ ਪਾਈਆਂ, ਜਦਕਿ ਨੈਤਿਕ, ਸਿਧਾਂਤਿਕ ਅਤੇ ਵਿਵਹਾਰਿਕ ਤੌਰ ‘ਤੇ ਕਿਸੇ ਮੁੱਦੇ ਦਾ ਵਿਰੋਧ ਕਰਨ ਜਾਂ ਹੱਕ ‘ਚ ਖੜਨ ਦਾ ਸਭ ਤੋਂ ਕਾਰਗਰ ਤਰੀਕਾ ਵੋਟ ਹੁੰਦਾ ਹੈ, ਜੋ ਬਾਦਲ ਨੇ ਮੋਦੀ ਸਰਕਾਰ ਦੇ ਸਮਰਥਨ ‘ਚ ਸੀਏਏ ਦੇ ਹੱਕ ‘ਚ ਪਾਇਆ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੰਸਦ ‘ਚ ਸੀਏਏ ਦੇ ਹੱਕ ‘ਚ ਭੁਗਤਣ ਵਾਲੇ ਸੁਖਬੀਰ ਸਿੰਘ ਬਾਦਲ ਜੋੜੀ ਨੇ ਆਪਣੀ ਖ਼ਾਨਦਾਨੀ ਆਦਤ ਮੁਤਾਬਿਕ ਦਿੱਲੀ ‘ਚ ਹੋਰ, ਪੰਜਾਬ ‘ਚ ਹੋਰ ਅਤੇ ਚੰਡੀਗੜ ‘ਚ ਹੋਰ ਬੋਲੀ ਬੋਲਣ ਲੱਗੇ ਹਨ। ਸੰਸਦ ‘ਚ ਹੱਕ ਵਿਚ ਭੁਗਤਣ ਅਤੇ ਪੰਜਾਬ-ਮਾਲੇਰਕੋਟਲਾ ‘ਚ ਮੁਸਲਿਮ ਭਾਈਚਾਰੇ ਦਾ ਹਵਾਲਾ ਦੇਣਾ ਬਾਦਲਾਂ ਦੇ ਸੀਏਏ ਸੰਬੰਧੀ ਸਟੈਂਡ ਦੀ ਪੋਲ ਖੋਲਦਾ ਹੈ।

ਚੀਮਾ ਨੇ ਕਿਹਾ ਕਿ 20 ਜਨਵਰੀ (ਸੋਮਵਾਰ) ਦੀ ਦੁਪਹਿਰ ਤੋਂ ਬਾਅਦ ਅਕਾਲੀਆਂ (ਬਾਦਲ ਦਲ ) ਦਾ ਸੀਏਏ ਬਾਰੇ ‘ਕੁਰਬਾਨੀ ਭਰਿਆ’ ਐਲਾਨ ਅਸਲ ‘ਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਬਚਾਉਣ ਦੀ ਕੋਸ਼ਿਸ਼ ਦਾ ਹਿੱਸਾ ਹੈ। 20 ਜਨਵਰੀ ਤੋਂ ਪਹਿਲਾਂ ਸੰਸਦ ਤੋਂ ਬਾਹਰ ਇੱਥੋਂ ਤੱਕ ਕਿ ਪੰਜਾਬ ਵਿਧਾਨ ਸਭਾ ਦਾ ਸੀਏਏ ਸੰਬੰਧੀ ਸਟੈਂਡ ਦੋਹਰਾ ਰਿਹਾ ਹੈ। ਚੀਮਾ ਨੇ ਕਿਹਾ ਕਿ ਜੇਕਰ ਅਕਾਲੀ ਦਲ (ਬਾਦਲ) ਸੀਏਏ ਵਿਰੋਧ ‘ਚ ਦਿੱਲੀ ਦੀਆਂ ਚੋਣਾਂ ਤੋਂ ਪਿੱਛੇ ਹੱਟ ਸਕਦਾ ਹੈ ਤਾਂ ਸੀਏਏ ਦੇ ਮੁੱਦੇ ‘ਤੇ ਭਾਜਪਾ ਨੂੰ ਸਬਕ ਸਿਖਾਉਣ ਲਈ ਕੇਂਦਰੀ ਮੰਤਰੀ ਦੀ ਕੁਰਸੀ ਦੀ ਪ੍ਰਵਾਹ ਕੀਤੇ ਬਗੈਰ ਚੋਣਾਂ ਕਿਉਂ ਨਹੀਂ ਲੜ ਸਕਦਾ?

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਨੇ ਬਾਦਲਾਂ ਦੀ ਖਿਸਕ ਚੁੱਕੀ ਜ਼ਮੀਨ ਨੂੰ ਦੇਖਦਿਆਂ ਅਕਾਲੀ ਦਲ ਨੂੰ ਦਿੱਲੀ ਦੀਆਂ ਚੋਣਾਂ ਵਿਚੋਂ ‘ਮੱਖਣ ‘ਚੋਂ ਬਾਲ’ ਵਾਂਗ ਬਾਹਰ ਸੁੱਟ ਦਿੱਤਾ। ਇਸ ਬੇਇੱਜ਼ਤੀ ‘ਤੇ ਪਰਦਾ ਪਾਉਣ ਲਈ ਬਾਦਲਾਂ ਨੇ ਸੀਏਏ ਦਾ ਹਵਾਲਾ ਦਿੱਤਾ ਹੈ, ਜਦਕਿ ਅਸਲੀਅਤ ਇਹ ਹੈ ਕਿ ਭਾਜਪਾ ਨੇ ਬਾਦਲਾਂ ਨੂੰ ਦਿੱਲੀ ‘ਚ ਅਕਾਲੀ ਦਲ ਦੇ ਚੋਣ ਨਿਸ਼ਾਨ ‘ਤੇ ਇੱਕ ਵੀ ਟਿਕਟ ਨਾ ਦੇਣ ਤੋਂ ਕੋਰਾ ਜਵਾਬ ਦਿੰਦਿਆਂ ਸਾਫ਼ ਘੁਰਕੀ ਦਿੱਤੀ ਹੈ ਕਿ ਜੇਕਰ ਅਕਾਲੀ ਦਲ (ਬਾਦਲ) ਨੇ ਇਕੱਲੇ ਜਾਂ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਕਰਕੇ ਦਿੱਲੀ ਚੋਣਾਂ ਲੜੀਆਂ ਤਾਂ ਹਰਸਿਮਰਤ ਕੌਰ ਬਾਦਲ ਦੀ ਮੋਦੀ ਮੰਤਰੀ ਮੰਡਲ ‘ਚੋਂ ਛੁੱਟੀ ਤਹਿ ਹੈ।

ਚੀਮਾ ਨੇ ਕਿਹਾ ਕਿ ਬਾਦਲਾਂ ਨੇ ਹਰਸਿਮਰਤ ਕੌਰ ਦੀ ਵਜ਼ੀਰੀ ਬਚਾਏ ਰੱਖਣ ਲਈ ਦਿੱਲੀ ਚੋਣਾਂ ਲੜਨ ਤੋਂ ਮਜਬੂਰੀ ਵੱਸ ਕਿਨਾਰਾ ਕੀਤਾ ਹੈ, ਪਰੰਤੂ ਆਪਣੀ ਸਿਆਸੀ ਸ਼ਾਖ਼ ਬਚਾਉਣ ਲਈ ਬਾਦਲ ਹੁਣ ਸੀਏਏ ਦਾ ਹਵਾਲਾ ਦੇਣ ਲੱਗੇ ਹਨ, ਜੋ ਹਕੀਕਤ ਨਹੀਂ ਹੈ, ਕਿਉਂਕਿ ਬਾਦਲਾਂ ਨੇ 20 ਜਨਵਰੀ ਤੋਂ ਪਹਿਲਾਂ ਕਦੇ ਵੀ ਸੀਏਏ ਦੇ ਵਿਰੋਧ ‘ਚ ਸਪਸ਼ਟ ਸਟੈਂਡ ਨਹੀਂ ਲਿਆ ਸੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION