ਹਰਸਿਮਰਤ ਤੇ ਮਜੀਠੀਆ ਦੀਆਂ ਧਾਰਮਿਕ ਸਰਗਰਮੀਆਂ ’ਤੇ ਪਾਬੰਦੀ ਲਾਈ ਜਾਵੇ: ਸੁਖਜਿੰਦਰ ਸਿੰਘ ਰੰਧਾਵਾ

ਚੰਡੀਗੜ, 14 ਸਤੰਬਰ, 2019 –
ਪੰਜਾਬ ਦੇ ਸਹਿਕਾਰਤਾ ਤੇ ਜੇਲ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਨਿਚਰਵਾਰ ਨੂੰ ਮੰਗ ਕੀਤੀ ਹੈ ਕਿ ਬਿਕਰਮ ਸਿੰਘ ਮਜੀਠੀਆ ਤੇ ਹਰਸਿਮਰਤ ਕੌਰ ਬਾਦਲ ਆਪਣੇ ਦਾਦੇ ਸੁੰਦਰ ਸਿੰਘ ਮਜੀਠੀਆ ਦੇ ਪਾਪਾਂ ਲਈ ਮੁਆਫੀ ਮੰਗਣ ਜਿਸ ਦੀ 13 ਅਪਰੈਲ 1919 ਨੂੰ ਹੋਏ ਜਲਿਆਂ ਵਾਲਾ ਬਾਗ ਦੇ ਖੂਨੀ ਸਾਕੇ ਤੇ ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਵਿੱਚ ਸਿੱਧੀ ਸ਼ਮੂਲੀਅਤ ਸੀ।

ਉਨ੍ਹਾਂ ਕਿਹਾ ਕਿ ਇਸ ਸਾਲ 13 ਅਪਰੈਲ ਨੂੰ ਜਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਦੀ ਇਕ ਸ਼ਤਾਬਦੀ ਪੂਰੀ ਹੋ ਗਈ ਅਤੇ ਇਸ ਸਾਲ ਨਵੰਬਰ ਮਹੀਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ ਪੁਰਬ ਮਨਾਉਣ ਜਾ ਰਹੇ ਹਨ ਜਿਸ ਕਾਰਨ ਇਹੋ ਵੇਲਾ ਹੈ ਕਿ ਦੋਵੇਂ ਭੈਣ ਭਰਾ ਆਪਣੇ ਦਾਦੇ ਦੇ ਕੀਤੇ ਪਾਪਾਂ ਬਦਲੇ ਮੁਆਫੀ ਮੰਗਣ। ਸ ਰੰਧਾਵਾ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਹਰਸਿਮਰਤ ਤੇ ਬਿਕਰਮ ਦੇ ਧਾਰਮਿਕ ਸਮਾਗਮਾਂ ਵਿੱਚ ਸਮੂਲੀਅਤ ਉਪਰ ਉਦੋਂ ਤੱਕ ਪਾਬੰਦੀ ਲਗਾਉਣ ਜਦੋਂ ਤੱਕ ਉਹ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਆਪਣੇ ਦਾਦੇ ਦੇ ਕੀਤੇ ਜੁਰਮਾਂ ਬਦਲੇ ਮੁਆਫੀ ਨਹੀਂ ਮੰਗ ਲੈਂਦੇ।

ਚੰਡੀਗੜ ਤੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਸ ਰੰਧਾਵਾ ਨੇ ਕਿਹਾ ਕਿ ਇਤਿਹਾਸਕ ਤੱਥਾਂ ਤੋਂ ਇਹ ਸਾਫ ਜਾਹਰ ਹੁੰਦਾ ਹੈ ਕਿ ਸੁੰਦਰ ਸਿੰਘ ਮਜੀਠੀਆ ਇਨਾਂ ਦੋਵੇਂ ਘਟਨਾਵਾਂ ਵਿੱਚ ਸਿੱਧੇ ਤੌਰ ‘ਤੇ ਸਾਮਲ ਸੀ ਅਤੇ ਉਸਨੇ ਭਾਰਤੀ ਕ੍ਰਾਂਤੀਕਾਰੀਆਂ ਵਿਰੁੱਧ ਅੰਗਰੇਜਾਂ ਨਾਲ ਖੜਨ ਦਾ ਫੈਸਲਾ ਲਿਆ। ਉਨਾਂ ਕਿਹਾ ਕਿ ਜਦੋਂ ਜਨਰਲ ਡਾਇਰ ਦੀ ਅਗਵਾਈ ਵਾਲੀ ਟੁਕੜੀ ਨੇ ਜਲਿਆਂਵਾਲਾ ਬਾਗ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਮਾਸੂਮ ਲੋਕਾਂ ‘ਤੇ ਗੋਲੀਆਂ ਚਲਾਉਣੀਆਂ ਸੁਰੂ ਕਰ ਦਿੱਤੀਆਂ ਤਾਂ ਇਸ ਘਟਨਾ ਵਿੱਚ ਸੈਂਕੜੇ ਮਾਸੂਮ ਲੋਕ ਮਾਰੇ ਗਏ ਅਤੇ 1200 ਤੋਂ ਵੱਧ ਜਖਮੀ ਹੋਏ।

ਉਨ੍ਹਾਂ ਕਿਹਾ ਕਿ ਕੈਂਟਰਬਰੀ (ਇੰਗਲੈਂਡ) ਦੇ ਆਰਚਬਿਸਪ ਜਸਟਿਨ ਵੈਲਬੀ ਜਿਨ੍ਹਾਂ ਦਾ ਇੰਗਲੈਂਡ ਵਿੱਚ ਬਹੁਤ ਵੱਡਾ ਤੇ ਸਨਮਾਨਯੋਗ ਰੁਤਬਾ ਹੈ, ਨੇ ਆਪਣੇ ਹਾਲੀਆ ਅੰਮ੍ਰਿਤਸਰ ਦੌਰੇ ਮੌਕੇ ਬਿਆਨ ਵਿੱਚ ਕਿਹਾ ਕਿ ਉਨਾਂ ਲਈ ਇਸ ਘਿਨਾਉਣੇ ਹਾਦਸੇ ਵਾਲੀ ਥਾਂ ‘ਤੇ ਆਉਣਾ ਬਹੁਤ ਸਰਮਨਾਕ ਗੱਲ ਹੈ ਜਿੱਥੇ ਕਿ ਸੈਂਕੜੇ ਮਾਸੂਮ ਲੋਕਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਗਿਆ। ਉਨਾਂ ਕਿਹਾ, ” ਮੈਂ ਇਸ ਘਿਨੌਣੇ ਜੁਰਮ ਲਈ ਸਰਮਿੰਦਾ ਹਾਂ ਅਤੇ ਮੁਆਫੀ ਦਾ ਪਾਤਰ ਹਾਂ, ਮੈਂ ਇੱਕ ਧਾਰਮਿਕ ਆਗੂ ਹਾਂ ਕੋਈ ਸਿਆਸਤਦਾਨ ਨਹੀਂ, ਇਸ ਲਈ ਇੱਕ ਧਾਰਮਿਕ ਆਗੂ ਹੋਣ ਦੇ ਨਾਂ ‘ਤੇ ਇੱਥੇ ਵਾਪਰੀ ਦੁੱਖਦਾਈ ਘਟਨਾ ਲਈ ਮੈਨੂੰ ਬਹੁਤ ਅਫਸੋਸ ਹੈ।”

ਸ. ਰੰਧਾਵਾ ਨੇ ਕਿਹਾ ਕਿ ਵੀ.ਐਨ. ਦੱਤਾ ਇਤਿਹਾਸਕਾਰ ਅਨੁਸਾਰ ਸੁੰਦਰ ਸਿੰਘ ਮਜੀਠੀਆ ਭਾਰਤ ਵਿੱਚ ਅੰਗਰੇਜਾਂ ਦਾ ਇੱਕ ਕੱਟੜ ਸਮਰਥਕ ਸੀ ਅਤੇ ਉਸਨੇ ਹਮੇਸਾ ਕ੍ਰਾਂਤੀਕਾਰੀਆਂ ਦੀ ਗਤੀਵਿਧੀਆਂ ਦਾ ਵਿਰੋਧ ਕੀਤਾ। ਉਸ ਦੇ ਸਮਰਥਨ ਲਈ ਅੰਗਰੇਜਾਂ ਨੇ ਉਸਨੂੰ ‘ਸਰ ਸਰਦਾਰ ਬਹਾਦੁਰ’ ਦਾ ਦਰਜਾ ਦੇਣ ਦੇ ਨਾਲ ਨਾਲ ਪੈਨਸ਼ਨ ਅਤੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ਜਿਲੇ ਵਿੱਚ ਜਾਗੀਰ ਵੀ ਦਿੱਤੀ।

ਉਨਾਂ ਕਿਹਾ ਕਿ 1920 ਵਿੱਚ ਸੁੰਦਰ ਸਿੰਘ ਮਜੀਠੀਆ ਨੂੰ ਜਲਿਆਂਵਾਲਾ ਬਾਗ ਦੇ ਇਸ ਖੂਨੀ ਸਾਕੇ ਵਿੱਚ ਜਨਰਲ ਡਾਇਰ ਦਾ ਸਾਥ ਦੇਣ ਲਈ ਅੰਗਰੇਜਾਂ ਵੱਲੋਂ ਵਿਸ਼ੇਸ਼ ਮਾਣ ਦਿੱਤਾ ਗਿਆ। ਇਸੇ ਤਰਾਂ ਨਨਕਾਣਾ ਸਾਹਿਬ ਸਾਕੇ ਵਿੱਚ ਲਾਹੌਰ ਡਵੀਜਨ ਦੇ ਤਤਕਾਲੀ ਕਮਿਸਨਰ ਸੀ.ਐਮ. ਕਿੰਗ, ਜੇ.ਡਬਲਿਊ ਬੌਅਰੀ ਐਸ.ਪੀ, ਮਹੰਤ ਦੇਵੀ ਦਾਸ, ਬਸੰਤ ਦਾਸ, ਸੁੰਦਰ ਸਿੰਘ ਮਜੀਠੀਆ ਅਤੇ ਹੋਰ ਨਨਕਾਣਾ ਸਾਹਿਬ ਦੇ ਇਸ ਸਾਕੇ ਲਈ ਜਿੰਮੇਵਾਰ ਸਨ।

ਸ. ਰੰਧਾਵਾ ਨੇ ਕਿਹਾ ਕਿ ਬੱਬਰ ਅਕਾਲੀਆਂ ਅਨੁਸਾਰ ਨਨਕਾਣਾ ਸਾਹਿਬ ਖੂਨੀ ਸਾਕੇ ਪਿੱਛੇ ਸੁੰਦਰ ਸਿੰਘ ਮਜੀਠੀਆ ਤੇ ਬ੍ਰਿਟਿਸ਼ ਅਫਸਰਾਂ ਦਾ ਹੱਥ ਸੀ। ਮਾਰਚ 1937 ਵਿੱਚ ਅਕਾਲੀਆਂ ਨੇ ਸੁੰਦਰ ਸਿੰਘ ਮਜੀਠੀਆ ਤੇ ਉਸ ਦੀ ਪਾਰਟੀ ਦੀ ਆਲੋਚਨਾ ਕਰਦਿਆਂ ਉਸ ਨੂੰ ਪੰਥ ਦਾ ਗੱਦਾਰ ਤੇ ਦੁਸ਼ਮਣ ਆਖਿਆ ਸੀ। ਉਨ੍ਹਾਂ ਕਿਹਾ ਕਿ ਹੈਰਾਨੀ ਤੇ ਸਿਤਮ ਦੀ ਗੱਲ ਹੈ ਕਿ ਅੱਜ ਉਹੀ ਗੱਦਾਰ ਅਕਾਲੀ ਦਲ ਉਤੇ ਕਬਜ਼ਾ ਜਮਾ ਕੇ ਪਾਰਟੀ ਨੂੰ ਚਲਾ ਰਹੇ ਹਨ।

ਸ. ਰੰਧਾਵਾ ਨੇ ਕਿਹਾ ਕਿ ਬਿਕਰਮ ਤੇ ਹਰਸਿਮਰਤ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਉਵੇਂ ਮੁਆਫੀ ਮੰਗਣੀ ਚਾਹੀਦੀ ਹੈ ਜਿਵੇਂ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਦਾਦੇ ਅਰੂੜ ਸਿੰਘ ਦੀ ਸਮੂਲੀਅਤ ਬਦਲੇ ਮੁਆਫੀ ਮੰਗੀ ਸੀ।

Share News / Article

Yes Punjab - TOP STORIES