ਹਨੀ ਸਿੰਘ ਜਿਹੇ ‘ਰੈਪਰਾਂ’ ’ਤੇ ਪਾਬੰਦੀ ਲੱਗੇ, ਸਜ਼ਾ ਵੀ ਮਿਲੇ: ਜਸਬੀਰ ਜੱਸੀ

ਯੈੱਸ ਪੰਜਾਬ
ਨਵੀਂ ਦਿੱਲੀ, 4 ਜੁਲਾਈ, 2019:
ਆਪਣੇ ਗੀਤਾਂ ਦੇ ਬੋਲਾਂ ਅਤੇ ਪੱਧਰ ਕਰਕੇ ਵਿਵਾਦਾਂ ਵਿਚ ਰਹਿੰਦੇ ‘ਰੈਪਰ’ ਹਨੀ ਸਿੰਘ ਦੇ ਇਕ ਹੋਰ ਗੀਤ ‘ਮੱਖਣਾ’ ਬਾਰੇ ਸ਼ੁਰੂ ਹੋਇਆ ਵਿਵਾਦ ਅੱਜ ਉਸ ਵੇਲੇ ਇਕ ਨਵਾਂ ਮੋੜ ਲੈ ਗਿਆ ਜਦ ਪੰਜਾਬੀ ਗਾਇਕ ਜਸਬੀਰ ਜੱਸੀ ਸਿੱਧੇ ਤੌਰ ’ਤੇ ਹਨੀ ਸਿੰਘ ਦੇ ਖਿਲਾਫ਼ ਨਿੱਤਰ ਆਏ ਅਤੇ ਉਨ੍ਹਾਂ ਆਖ਼ਿਆ ਕਿ ਪੰਜਾਬੀ ਗੀਤਾਂ ਵਿਚੋਂ ਅਸ਼ਲੀਲਤਾ ਨੂੰ ਖ਼ਤਮ ਕਰਨ ਲਈ ਹਨੀ ਸਿੰਘ ਜਿਹੇ ‘ਰੈਪਰਾਂ’ ’ਤੇ ਕੇਵਲ ਪਾਬੰਦੀ ਹੀ ਨਹੀਂ ਲਗਾ ਦਿੱਤੀ ਜਾਣੀ ਚਾਹੀਦੀ ਸਗੋਂ ਉਨ੍ਹਾਂ ਨੂੰ ਆਪਣੇ ਇਸ ਕੰਮ ਲਈ ਸਜ਼ਾ ਵੀ ਮਿਲਣੀ ਚਾਹੀਦੀ ਹੈ।

ਪਹਿਲਾਂ ‘ਮੈਂ ਹੂੰ ਬਲਾਤਕਾਰੀ’ ਜਿਹੇ ਬੋਲਾਂ ਕਰਕੇ ਵਿਵਾਦ ਵਿਚ ਆਏ ਹਨੀ ਸਿੰਘ ਹੁਣ ਆਪਣੇ ਗੀਤ ਵਿਚਜ ‘ਮੈਂ ਹੂੰ ਵੁਮੈਨਾਈਜ਼ਰ’ ਸ਼ਬਦ ਵਰਤ ਰਹੇ ਹਨ।

ਜਸਬੀਰ ਜੱਸੀ ਜੋ ਕਿਸੇ ਵੀ ਤਰ੍ਹਾਂ ‘ਅਸ਼ਲੀਲ’ ਗੀਤਾਂ ਦੀ ਹਾਮੀ ਭਰਣ ਵਾਲਿਆਂ ਵਿਚ ਨਹੀਂ ਹਨ ਦਾ ਕਹਿਣਾ ਹੈ ਕਿ ਇਹ ਠੀਕ ਹੈ ਕਿ ਹਨੀ ਸਿੰਘ ਅਤੇ ਹੋਰਨਾਂ ਰੈਪਰਾਂ ਨੇ ਪੱਛਮੀ ‘ਰੈਪ’ ਸਭਿਅਤਾ ਨੂੰ ਭਾਰਤ ਵਿਚ ਉਭਾਰਿਆ ਹੈ ਪਰ ਇਹ ਵੀ ਹੈ ਕਿ ਇਹ ‘ਰੈਪਰ’ ਆਪਣੇ ਗੀਤਾਂ ਦੇ ਬੋਲਾਂ ਦੇ ਮਾਮਲੇ ਵਿਚ ਵੀ ਪੱਛਮੀ ‘ਰੈਪਰਾਂ’ ਦੇ ਪਿਛਲੱਗ ਬਣੇ ਹੋਏ ਹਨ ਅਤੇ ਇਹ ਸਮਝਣ ਤੋਂ ਇਨਕਾਰੀ ਹਨ ਕਿ ਪੱਛਮੀ ਅਤੇ ਭਾਰਤੀ ਸਭਿਆਚਾਰ ਵਿਚ ਵੱਡਾ ਫ਼ਰਕ ਹੈ।

ਜੱਸੀ ਨੇ ਕਿਹਾ, ਸੰਗੀਤ ਵਿਚ ਅਸ਼ਲੀਲਤਾ ਅਤੇ ਸਭਿਆਚਾਰਕ ਪ੍ਰਦੂਸ਼ਣਨੂੰ ਠਲ੍ਹ ਪਾਉਣ ਲਈ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੇ ‘ਰੈਪਰਾਂ’ ’ਤੇ ਨਾ ਕੇਵਲ ਪਾਬੰਦੀ ਲਗਾਈ ਜਾਵੇ ਸਗੋਂ ਇਨ੍ਹਾਂ ਨੂੰ ਇਸ ਦੀ ਸਜ਼ਾ ਵੀ ਮਿਲੇ।

ਜ਼ਿਕਰਯੋਗ ਹੈ ਕਿ ਹਨੀ ਸਿੰਘ ਦੇ ਗੀਤ ‘ਮੱਖਣਾ’ ਦਾ ਨੋਟਿਸ ਲੈਂਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਡੀ.ਜੀ.ਪੀ.ਪੰਜਾਬ ਸ੍ਰੀ ਦਿਨਕਰ ਗੁਪਤਾ ਨੂੰ ਇਕ ਪੱਤਰ ਲਿਖ਼ ਕੇ ਹਨੀ ਸਿੰਘ ਦੇ ਖਿਲਾਫ਼ ਅਪਰਾਧਕ ਕੇਸ ਦਰਜ ਕਰਨ ਲਈ ਕਿਹਾ ਹੈ ਕਿਉਂਕਿ ਗੀਤ ਵਿਚ ਦਾਅਵਾ ਸਿੱਧਾ ਹੈ ਕਿ ‘ਮੈਂ ਹੂਵੂਮੈਨਾਈਜ਼ਰ’। ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਗੀਤ ’ਤੇ ਪਾਬੰਦੀ ਦੀ ਮੰਗ ਕਰਦਿਆਂ ਕਿਹਾ ਹੈ ਕਿ ਇਸ ਗੀਤ ਦੀਆਂ ਸਤਰਾਂ ਅਭਦਰ ਹਨ ਅਤੇ ਇਨ੍ਹਾਂ ਦਾ ਸਮਾਜ ’ਤੇ ਪ੍ਰਭਾਵ ਚੰਗਾ ਨਹੀਂ ਜਾਵੇਗਾ ਇਸ ਲਈ ਇਸ ਬਾਰੇ ਕਾਰਵਾਈ ਕੀਤੀ ਜਾਣੀ ਬਣਦੀ ਹੈ।

ਯਾਦ ਰਹੇ ਕਿ ਹਨੀ ਸਿੰਘ ਸੰਨ 2013 ਵਿਚ ਵੀ ‘ਮੈਂ ਹੂੰ ਬਲਾਤਕਾਰੀ’ ਨਾਂਅ ਦੇ ਇਕ ਗਾਣੇ ਨਾਲ ਵਿਵਾਦਾਂ ਵਿਚ ਘਿਰ ਗਿਆ ਸੀ ਅਤੇ ਉਸਦੇ ਗੀਤਾਂ ਦੇ ਬੋਲਾਂ ਸੰਬੰਧੀ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਬਰੂਹਾਂ ਤਕ ਜਾ ਪੁੱਜਾ ਸੀ ਅਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹਨੀ ਸਿੰਘ ਖਿਲਾਫ਼ ਮਾਮਲਾ ਦਰਜ ਕਰਨ ਦੀ ਹਦਾਇਤ ਕੀਤੀ ਸੀ।

Share News / Article

Yes Punjab - TOP STORIES