ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖ਼ੇ ਬੇਹੁਰਮਤੀ ਦੀ ਕੋਸ਼ਿਸ਼

ਯੈੱਸ ਪੰਜਾਬ
ਅੰਮ੍ਰਿਤਸਰ, 18 ਦਸੰਬਰ, 2021:
ਸਿੱਖ ਧਰਮ ਦੇ ਅਤਿ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖ਼ੇ ਸਨਿਚਰਵਾਰ ਸ਼ਾਮ ਦੇ ਦੀਵਾਨ ਸਮੇਂ ਇਕ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੀ ਕੋਸ਼ਿਸ਼ ਕੀਤੀ ਗਈ ਹੈ।

ਇਸ ਸੰਬੰਧੀ ਕੁਝ ਵੀਡੀਓਜ਼ ਵਾਇਰਲ ਹੋਈਆਂ ਹਨ। ਵੀਡੀਓ ਨੂੰ ਵੇਖ਼ਿਆਂ ਪਤਾ ਲੱਗਦਾ ਹੈ ਕਿ ਇਹ ਕੋਝੀ ਹਰਕਤ ਕਿਸੇ ਵਿਅਕਤੀ ਵੱਲੋਂ ਸ਼ਾਮ ਦੇ ਦੀਵਾਨ ਸਮੇਂ ਉਸ ਵੇਲੇ ਕੀਤੀ ਗਈ ਜਦ ਸੱਚਖੰਡ ਸ੍ਰੀ ਦਰਾਬਾਰ ਸਾਹਿਬ ਅੰਦਰ ਰਹਿਰਾਸ ਸਾਹਿਬ ਦਾ ਪਾਠ ਕੀਤਾ ਜਾ ਰਿਹਾ ਸੀ।

ਪਤਾ ਲੱਗਾ ਹੈ ਕਿ ਇਕ ਵਿਅਕਤੀ ਨੇ ਸੱਚਖੰਡ ਦੇ ਅੰਦਰ ਮੱਥਾ ਟੇਕਣ ਵਾਲੇ ਪਾਸਿਉਂ ਜੰਗਲੇ ਤੋਂ ਕਿਸੇ ਤਰ੍ਹਾਂ ਅਗਾਂਹ ਨਿਕਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੀ ਕੋਸ਼ਿਸ਼ ਕੀਤੀ ਪਰ ਚੌਕਸ ਸੇਵਾਦਾਰਾਂ ਨੇ ਉਸ ਨੂੰ ਦਬੋਚ ਲਿਆ।

ਇਸ ਮੌਕੇ ਤਾਬਿਆ ਬੈਠ ਕੇ ਪਾਠ ਕਰ ਰਹੇ ਗ੍ਰੰਥੀ ਸਿੰਘ ਨੇ ਸੂਝ ਬੂਝ ਦਾ ਪ੍ਰਗਟਾਵਾ ਕਰਦਿਆਂ ਅਡੋਲ ਰਹਿੰਦੇ ਹੋਏ ਰਹਿਰਾਸ ਸਾਹਿਬ ਦਾ ਪਾਠ ਜਾਰੀ ਰੱਖ਼ਿਆ ਜਦਕਿ ਉਨ੍ਹਾਂ ਦੇ ਨਾਲ ਡਿਊਟੀ ’ਤੇ ਬੈਠੇ ਸਿੰਘ ਵੀ ਉਕਤ ਵਿਅਕਤੀ ਨੂੰ ਦਬੋਚਨ ਲਈ ਭੱਜੇ। ਇਸੇ ਦੌਰਾਨ ਇਸ ਹਰਕਤ ਨੂੰ ਵੇਖ਼ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਿਛਲੇ ਪਾਸੇ ਬੈਠੀ ਪਾਠ ਸੁਣ ਰਹੀ ਸੰਗਤ ਵੀ ਹੈਰਾਨੀ ਵਿੱਚ ਖੜ੍ਹੇ ਹੁੰਦੀ ਵਿਖ਼ਾਈ ਦਿੱਤੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ