ਸੰਵਿਧਾਨ ਦੀ ਰਾਖੀ ਕਰਦੇ ਲੋਕਾਂ ਨੂੰ ਮਾਰਿਆ ਜਾ ਰਿਹਾ ਜਦਕਿ ਸੁਖਬੀਰ ਘਟੀਆ ਸਿਆਸਤ ਖੇਡ ਰਿਹਾ: ਕੈਪਟਨ ਅਮਰਿੰਦਰ

ਚੰਡੀਗੜ, 14 ਦਸੰਬਰ, 2019:

ਨਾਗਰਿਕਤਾ ਸੋਧ ਬਿੱਲ ਦੇ ਸੰਦਰਭ ਵਿੱਚ ਅਫਗਾਨਿਸਤਾਨ ਦੇ ਸਿੱਖਾਂ ਬਾਰੇ ਸੁਖਬੀਰ ਬਾਦਲ ਵੱਲੋਂ ਕੀਤੀ ਟਿੱਪਣੀ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਜਿਵੇਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੰਵਿਧਾਨਿਕ ਕਦਰਾਂ-ਕੀਮਤਾਂ ਦੀ ਰਾਖੀ ਕਰਨ ਦੀ ਬਜਾਏ ਘਟੀਆ ਸਿਆਸਤ ਖੇਡਣ ਵਿੱਚ ਵਧੇਰੇ ਦਿਲਚਸਪੀ ਰੱਖਦਾ ਹੈ।

ਇਸ ਮਸਲੇ ’ਤੇ ਸੁਖਬੀਰ ਬਾਦਲ ਵੱਲੋਂ ਕੀਤੀ ਬਿਆਨਬਾਜ਼ੀ ’ਤੇ ਉਸ ਨੂੰ ਸਵਾਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਕੀ ਤੁਹਾਨੂੰ ਸ਼ਰਮ ਨਹੀਂ ਆਉਂਦੀ? ਤੁਸੀਂ ਆਪਣੇ ਸੌੜੇ ਸਿਆਸੀ ਮੁਫਾਦਾਂ ਖਾਤਰ ਮੁਲਕ ਦੇ ਧਰਮ ਨਿਰਪੱਖ ਸਰੂਪ ਨੂੰ ਤਬਾਹ ਕਰਨ ’ਤੇ ਤੁਲੇ ਹੋਏ ਹੋ।’’

ਮੁੱਖ ਮੰਤਰੀ ਨੇ ਕਿਹਾ ਕਿ ਮੁਲਕ ਦੇ ਧਰਮ ਨਿਰਪੱਖ ਚਰਿੱਤਰ ਅਤੇ ਸੰਵਿਧਾਨ ਦੀ ਰਾਖੀ ਖਾਤਰ ਲੜਾਈ ਲੜ ਰਹੇ ਲੋਕ ਮਾਰੇ ਜਾ ਰਹੇ ਹਨ ਜਦਕਿ ਦੂਜੇ ਪਾਸੇ ਸੁਖਬੀਰ ਅਜਿਹੀ ਗੰਭੀਰ ਸਥਿਤੀ ’ਤੇ ਹੋਛੀ ਪੱਧਰ ਦੀ ਸਿਆਸਤ ਖੇਡਣ ਵਿੱਚ ਰੁੱਝਿਆ ਹੋਇਆ ਹੈ। ਉਨਾਂ ਕਿਹਾ ਕਿ ਭਾਰਤ ਦੇ ਜਮਹੂਰੀ ਅਤੇ ਧਰਮ ਨਿਰਪੱਖਤਾ ਦੇ ਵਿਲੱਖਣ ਅਤੇ ਨਿਆਰੇਪਣ ਨੂੰ ਕਾਇਮ ਰੱਖਣ ਲਈ ਸਭ ਕੁਝ ਦਾਅ ’ਤੇ ਲੱਗਾ ਹੋਇਆ ਹੈ।

ਸੁਖਬੀਰ ਨੇ ਇਹ ਸਵਾਲ ਕੀਤਾ ਸੀ ਕਿ ਕੀ ਅਮਰਿੰਦਰ ਸਿੰਘ ਅਫਗਾਨਿਸਤਾਨ ਤੋਂ ਹਿਜਰਤ ਕਰਨ ਵਾਲੇ ਸਿੱਖਾਂ ਨੂੰ ਭਾਰਤੀ ਨਾਗਰਿਕਤਾ ਮਿਲਣ ਦੇ ਹੱਕ ਵਿੱਚ ਨਹੀਂ, ਜਿਸ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਮਸਲਾ ਇਸ ਵੇਲੇ ਕਿਸੇ ਖਾਸ ਭਾਈਚਾਰੇ ਨੂੰ ਨਾਗਰਿਕਤਾ ਦੇਣ ਜਾਂ ਨਾ ਦੇਣ ਦਾ ਨਹੀਂ ਹੈ ਸਗੋਂ ਇਹ ਮਸਲਾ ਕੇਂਦਰ ਸਰਕਾਰ ਵੱਲੋਂ ਸਾਡੇ ਸੰਵਿਧਾਨ ਜੋ ਮੁਲਕ ਦੀ ਹੋਂਦ ਦਾ ਅਧਾਰ ਹੈ, ਨਾਲ ਛੇੜ-ਛਾੜ ਕੀਤੇ ਜਾਣ ਦਾ ਖਤਰਨਾਕ ਕੋਸ਼ਿਸ਼ ਨਾਲ ਜੁੜਿਆ ਹੈ ਅਤੇ ਅਤੇ ਕੇਂਦਰ ਸਰਕਾਰ ਵਿੱਚ ਅਕਾਲੀ ਦਲ ਵੀ ਭਾਈਵਾਲ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕੀ ਸ਼੍ਰੋਮਣੀ ਅਕਾਲੀ ਦਲ ਨੇ ਇਸ ਬਿੱਲ ਬਾਰੇ ਆਪਣੇ ਮੁੱਢਲੇ ਪ੍ਰਤੀਕ੍ਰਮ ਵਿੱਚ ਇਹ ਨਹੀਂ ਕਿਹਾ ਸੀ ਕਿ ਇਸ ਸੋਧ ਬਿੱਲ ਦਾ ਲਾਭ ਮੁਸਲਮਾਨਾਂ ਨੂੰ ਵੀ ਦਿੱਤਾ ਜਾਣਾ ਚਾਹੀਦਾ ਹੈ? ਉਨਾਂ ਨੇ ਇਸ ਮਸਲੇ ’ਤੇ ਅਕਾਲੀਆਂ ਵੱਲੋਂ ਯੂ-ਟਰਨ ਲਏ ਜਾਣ ’ਤੇ ਇਸ ਦਾ ਜਵਾਬ ਦੇਣ ਲਈ ਆਖਿਆ।

ਉਨਾਂ ਕਿਹਾ ਕਿ ਸੁਖਬੀਰ ਦੇ ਅੰਤਰ-ਵਿਰੋਧੀ ਬਿਆਨਾਂ ਨਾਲ ਇੱਕ ਵਾਰ ਫਿਰ ਇਹ ਸਿੱਧ ਹੋ ਗਿਆ ਕਿ ਉਹ ਇੱਕ ਅਸੂਲਹੀਣ ਨੇਤਾ ਹੈ ਜਿਸ ਦੇ ਪੱਲੇ ਨਾ ਤਾਂ ਕਦਰਾਂ-ਕੀਮਤਾਂ ਹਨ ਅਤੇ ਨਾ ਹੀ ਨੈਤਿਕਤਾ ਹੈ। ਉਨਾਂ ਨੇ ਸ਼ੋ੍ਰਮਣੀ ਅਕਾਲੀ ਦਲ ਨੂੰ ਇਸ ਮਸਲੇ ’ਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਆਖਿਆ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੀਆਂ ਧਰਮ ਨਿਰਪੱਖ ਤੰਦਾਂ ਹਮੇਸ਼ਾ ਹੀ ਇਸ ਦੀਆਂ ਮਜ਼ਬੂਤ ਅਧਾਰ ਰਹੀਆਂ ਹਨ ਅਤੇ ਇਸ ਨਾਲ ਕਿਸੇ ਕਿਸਮ ਦੀ ਛੇੜ-ਛਾੜ ਦੀ ਕਾਂਗਰਸ ਪਾਰਟੀ ਅਤੇ ਦੇਸ਼ ਵਾਸੀ ਡਟ ਕੇ ਮੁਖਾਲਫ਼ਤ ਕਰਨਗੇ।

ਅਸਾਮ ਵਿੱਚ ਕਾਰਗਿਲ ਜੰਗ ਦੇ ਇਕ ਯੋਧੇ ਨੂੰ ਵਿਦੇਸ਼ੀ ਦੱਸ ਕੇ ਨਜ਼ਰਬੰਦੀ ਕੇਂਦਰ ਵਿੱਚ ਭੇਜਣ ਦੀ ਤਾਜ਼ਾ ਘਟਨਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਅਤੇ ਉਸ ਦੇ ਭਾਈਵਾਲ ਅਜਿਹੀਆਂ ਖਤਰਨਾਕ ਕਾਰਵਾਈਆਂ ਨਾਲ ਨਿਕਲਣ ਵਾਲੇ ਸਿੱਟਿਆਂ ਨੂੰ ਸੋਚੇ-ਸਮੇਝੇ ਬਿਨਾਂ ਮੁਲਕ ਦੀਆਂ ਨੀਹਾਂ ਨੂੰ ਕਮਜ਼ੋਰ ਕਰਨ ਲਈ ਪੱਬਾਂ ਭਾਰ ਹੋਏ ਪਏ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਇਕ ਸੈਨਿਕ ਦੀ ਵਫਾਦਾਰੀ ਅਤੇ ਦੇਸ਼ ਭਗਤੀ ’ਤੇ ਕਿਵੇਂ ਸਵਾਲ ਕਰ ਸਕਦੇ ਹਾਂ ਜੋ ਆਪਣੇ ਮੁਲਕ ਲਈ ਲੜਿਆ ਹੋਵੇ ਅਤੇ ਸਾਡੀ ਸੁਰੱਖਿਆ ਲਈ ਆਪਣੀ ਜਾਨ ਜ਼ੋਖਮ ਵਿੱਚ ਪਾਈ ਹੋਵੇ। ਉਨਾਂ ਐਨ.ਡੀ.ਏ ਅਤੇ ਉਸ ਦੇ ਭਾਈਵਾਲਾਂ ਨੂੰ ਅਜਿਹੀਆਂ ਕਾਰਵਾਈਆਂ ਦੇ ਖਤਰਨਾਕ ਸਿੱਟਿਆਂ ਵਿਰੁੱਧ ਚੇਤਾਵਨੀ ਦਿੱਤੀ।

ਮੁੱਖ ਮੰਤਰੀ ਨੇ ਕਿਹਾ ਕਿ ਐਨ.ਡੀ.ਏ ਅਤੇ ਉਸ ਦੇ ਅਕਾਲੀ ਦਲ ਵਰਗੇ ਭਾਈਵਾਲ ਭਾਰਤ ਦੀ ਵੰਨ-ਸੁਵੰਨਤਾ ਦੀਆਂ ਮਜ਼ਬੂਤ ਨੀਂਹਾਂ ਜਿਨਾਂ ’ਤੇ ਸਾਡਾ ਮੁਲਕ ਖੜਾ ਹੈ, ਉਪਰ ਹਮਲਾ ਕਰ ਰਹੇ ਹਨ। ਉਨਾਂ ਨੇ ਸਪੱਸ਼ਟ ਕੀਤਾ ਕਿ ਨਾ ਤਾਂ ਉਹ ਖੁਦ ’ਤੇ ਨਾ ਹੀ ਉਹਨਾਂ ਦੀ ਪਾਰਟੀ ਭਾਰਤ ਦੇ ਧਰਮ ਨਿਰਪੱਖ ਚਰਿੱਤਰ ਅਤੇ ਸੰਵਿਧਾਨ ’ਤੇ ਅਜਿਹੇ ਕਿਸੇ ਵੀ ਹਮਲੇ ਦੀ ਆਗਿਆ ਦੇਵੇਗੀ।

Share News / Article

YP Headlines

Loading...