ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਜੱਥੇਬੰਦੀਆਂ ਵੱਲੋਂ ਰਾਜਨੀਤਿਕ ਧਿਰਾਂ ਨਾਲ ਚੰਡੀਗੜ੍ਹ ’ਚ ਸੁਆਲ-ਜਵਾਬ 10 ਸਤੰਬਰ ਨੂੰ, ਹਰਜੀਤ ਗਰੇਵਾਲ ਦੇ ਬਿਆਨਾਂ ਦੀ ਨਿਖੇਧੀ

ਯੈੱਸ ਪੰਜਾਬ
ਚੰਡੀਗੜ੍ਹ, 9 ਸਤੰਬਰ, 2021 –
ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਪੰਜਾਬ-ਭਰ ‘ਚ ਜਾਰੀ ਪੱਕੇ-ਧਰਨੇ ਅੱਜ 344ਵੇਂ ਦਿਨ ਵੀ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਜਾਰੀ ਰਹੇ।

ਕਿਸਾਨ ਜਥੇਬੰਦੀਆਂ ਨੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦੀਆਂ ਇੱਛੁਕ ਸਿਆਸੀ ਪਾਰਟੀਆਂ ਦੀ ਚੰਡੀਗੜ੍ਹ ਵਿੱਚ 10 ਸਤੰਬਰ ਨੂੰ ਬੈਠਕ ਸੱਦੀ ਹੈ, ਜਿੱਥੇ ਸੁਆਲ-ਜਵਾਬ ਕੀਤੇ ਜਾਣਗੇ। ਕਿਸਾਨ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਪਿੰਡਾਂ ਵਿੱਚ ਟਕਰਾਅ ਨਾ ਹੋਵੇ ਤੇ ਲੋਕ ਵੰਡੇ ਨਾ ਜਾਣ, ਇਸ ਲਈ ਸਿਆਸੀ ਧਿਰਾਂ ਨੂੰ ਅਪੀਲ ਕਰਨ ਅਤੇ ਚਿਤਾਵਨੀ ਦੇਣ ਦੇ ਇਰਾਦੇ ਨਾਲ ਇਹ ਬੈਠਕ ਸੱਦੀ ਗਈ ਹੈ। ਜ਼ਿਕਰਯੋਗ ਹੈ ਕਿ ਕਿਸਾਨ-ਜਥੇਬੰਦੀਆਂ ਨੇ ਭਾਜਪਾ ਨੂੰ ਮੀਟਿੰਗ ਤੋਂ ਬਾਹਰ ਰੱਖਿਆ ਹੈ।

ਇਸ ਦੌਰਾਨ ਰਾਜਨੀਤਕ ਪਾਰਟੀਆਂ ਨੂੰ ਚੋਣਾਂ ਦੇ ਐਲਾਨ ਤੋਂ ਪਹਿਲਾਂ ਸਰਗਰਮੀਆਂ ਨਾ ਕਰਨ ਸਬੰਧੀ ਕਿਹਾ ਜਾਵੇਗਾ।

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਜਗਮੋਹਨ ਸਿੰਘ ਪਟਿਆਲਾ ਅਤੇ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਕੱਲ੍ਹ ਕੇਂਦਰ ਸਰਕਾਰ ਨੇ ਅਗਲੇ ਸ਼ੀਜਨ ਦੀਆਂ ਹਾੜ੍ਹੀ ਫਸਲਾਂ ਦੀ ਐਮਐਸਪੀ ਦਾ ਐਲਾਨ ‘ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ’ ਕਹਿ ਕੇ ਕੀਤਾ। ਦਰਅਸਲ ਜੇਕਰ 6% ਦੀ ਔਸਤ ਪ੍ਰਚੂਨ ਮਹਿੰਗਾਈ ਦਰ ਨਾਲ ਇਨ੍ਹਾਂ ਰੇਟਾਂ ਨੂੰ ਘਟਾ ਦਿੱਤਾ ਜਾਵੇ ਤਾਂ ਹਕੀਕੀ ਅਰਥਾਂ ਵਿੱਚ ਐਮਐਸਪੀ ਪਿਛਲੇ ਸਾਲ ਨਾਲੋਂ ਘੱਟ ਹੈ।

ਕਣਕ ਦੇ ਰੇਟ ਵਿੱਚ ਮਹਿਜ਼ 2% ਤੇ ਛੋਲਿਆਂ ਲਈ ਸਿਰਫ 2.5% ਵਾਧਾ ਕੀਤਾ ਹੈ। ਡੀਜਲ, ਪੈਟਰੌਲ, ਬੀਜਾਂ ਤੇ ਹੋਰ ਖੇਤੀ ਲਾਗਤਾਂ ਵਿੱਚ ਹੋਇਆ ਬੇਤਹਾਸ਼ਾ ਵਾਧਾ ਔਸਤ ਪ੍ਰਚੂਨ ਮਹਿੰਗਾਈ ਦਰ ਤੋਂ ਕਿਤੇ ਵਧੇਰੇ ਹੋਇਆ ਹੈ।ਪੰਜਾਬ ਸਰਕਾਰ ਨੇ ਭਾਵੇਂ ਕਣਕ ਦੀ ਫਸਲ ਦੇ ਸਮੁੱਚੇ ( ਸੀ- ਟੂ) ਖਰਚੇ ਨਹੀਂ ਜੋੜ੍ਹੇ, ਫਿਰ ਵੀ ਇਸ ਨੇ 2830 ਰੁਪਏ ਪ੍ਰਤੀ ਕੁਵਿੰਟਲ ਦੀ ਸਿਫਾਰਸ਼ ਕੀਤੀ ਸੀ।

ਕੇਂਦਰ ਸਰਕਾਰ ਸਵਾਮੀਨਾਥਨ ਕਮਿਸ਼ਨ ਵੱਲੋਂ ਸੁਝਾਏ ‘ਸੀ-ਟੂ ਪਲੱਸ 50%’ ਦੀ ਬਜਾਏ ‘ਏ.ਐਲ ਪਲੱਸ 50%’ ਦਾ ਫਾਰਮੂਲਾ ਵਰਤ ਕੇ ਕਿਸਾਨਾਂ ਨੂੰ ਧੋਖਾ ਦੇ ਰਹੀ ਹੈ। ਇਸ ਤੋਂ ਵੀ ਵੱਡਾ ਧੋਖਾ ਇਹ ਹੈ ਕਿ ਐਲਾਨ 23 ਫਸਲਾਂ ਲਈ ਕੀਤਾ ਜਾਂਦਾ ਹੈ ਪਰ ਖਰੀਦੀਆਂ ਸਿਰਫ ਦੋ ਫਸਲਾਂ ਜਾਂਦੀਆਂ ਹਨ, ਉਹ ਵੀ ਦੋ- ਢਾਈ ਸੂਬਿਆਂ ‘ਚ। ਕਿਸਾਨ ਮੋਰਚਾ ਇਸ ਐਮਐਸਪੀ ਨੂੰ ਰੱਦ ਕਰਦਾ ਹੈ ਅਤੇ ‘ਸੀ-ਟੂ ਪਲੱਸ’ ਫਾਰਮੂਲੇ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਦੀ ਮੰਗ ਕਰਦਾ ਹੈ।

ਕਿਸਾਨ-ਆਗੂਆਂ ਨੇ ਕਿਹਾ ਕਿ ਮਾਛੀਵਾੜਾ(ਲੁਧਿਆਣਾ) ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੁਆਲ-ਜਵਾਬ ਕਰਨ ਗਏ 15 ਦੇ ਕਰੀਬ ਕਿਸਾਨਾਂ ‘ਤੇ ਦਰਜ਼ ਕੀਤੇ ਪਰਚੇ ਤੁਰੰਤ ਰੱਦ ਕੀਤੇ ਜਾਣ। ਕਿਸਾਨ-ਆਗੂਆਂ ਨੇ ਪੰਜਾਬ-ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਮੋਗਾ ਅਤੇ ਮਾਛੀਵਾੜਾ ‘ਚ ਕਿਸਾਨ ਆਗੂਆਂ ‘ਤੇ ਦਰਜ਼ ਕੀਤੇ ਕੇਸ ਰੱਦ ਨਾ ਕੀਤੇ ਜਾਣ ਦੀ ਸੂਰਤ ‘ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰੋਗਰਾਮ ਉਲੀਕਿਆ ਜਾਵੇਗਾ।

ਕਿਸਾਨ-ਆਗੂਆਂ ਨੇ ਕਿਹਾ ਕਿ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਬਿਆਨ ਕਿ ਆਗੂਆਂਂ ਨੂੰ ਚੀਨ ਅਤੇ ਪਾਕਿਸਤਾਨ ਤੋਂ ਫੰਡ ਮਿਲਦੇ ਹਨ, ਲਗਦਾ ਗਰੇਵਾਲ ਪਾਗ਼ਲ ਹੋ ਗਿਆ ਹੈ। ਗਰੇਵਾਲ ਦੋਸ਼ ਸਾਬਤ ਕਰੇ, ਅਸੀਂ ਸੰਘਰਸ਼ ਬੰਦ ਕਰ ਦੇਵਾਂਗੇ। ਭਾਜਪਾ ਆਗੂ ਵੱਲੋਂ ਕਿਸਾਨਾਂ ਨੂੰ ਕਰੀਮੀਨਲ ਕਹਿਣਾ ਤਾਂ ਬੇਹੱਦ ਬੇਵਕੂਫੀ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਭਾਜਪਾ ਆਗੂ ਗਰੇਵਾਲ ਵੱਲੋਂ ਇੱਕ ਮਹਿਲਾ-ਪੱਤਰਕਾਰ ਲਈ ਵੀ ਗਲਤ ਸ਼ਬਦਾਵਲੀ ਵਰਤੀ ਗਈ ਸੀ।

3 ਖੇਤੀ ਕਾਨੂੰਨ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਲਗਾਤਾਰ ਸ਼ਮੂਲੀਅਤ ਜਾਰੀ ਹੈ।

ਪੰਜਾਬ ਭਰ ‘ਚ 108 ਥਾਵਾਂ- ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ ‘ਚ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕਿਸਾਨ-ਆਗੂਆਂ ਨੇ ਦੁਹਰਾਇਆ ਕਿ ਸੰਘਰਸ਼ ਦੇ 8 ਮਹੀਨੇ ਬੀਤ ਜਾਣ ‘ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਬੇਰੁਖੀ ਧਾਰੀ ਹੋਈ ਹੈ, ਪਰ ਉਹ ਇਹ ਭੁੱਲ ਜਾਣ ਕੇ ਕਿਸਾਨ ਨਿਰਾਸ਼ ਹੋ ਕੇ ਘਰਾਂ ਨੂੰ ਵਾਪਿਸ ਚਲੇ ਜਾਣਗੇ, ਸੰਘਰਸ਼ ਲਗਾਤਾਰ ਜਾਰੀ ਰਹੇਗਾ। ਆਗੂਆਂ ਨੇ ਕਿਹਾ ਕਿ ਕੇਂਦਰ-ਸਰਕਾਰ ਖੇਤੀ-ਕਾਨੂੰਨ, ਪਰਾਲੀ ਆਰਡੀਨੈਂਸ ਅਤੇ ਬਿਜਲੀ-ਸੋਧ ਬਿਲ-2020 ਤੁਰੰਤ ਰੱਦ ਕਰੇ।

ਅੱਜ ਦੇ ਦਿਨ ਸੰਨ 1950 ਵਿੱਚ ਸਾਡੇ ਸਮਿਆਂ ਦੇ ਮਹਾਨ ਕਵੀ ਅਵਤਾਰ ਸਿੰਘ ਪਾਸ਼ ਦਾ ਜਨਮ ਹੋਇਆ ਸੀ। ਉਨਾਂ ਦੀ ਇਨਕਲਾਬੀ ਕਵਿਤਾ ਨੇ ਸਿਰਫ ਪੰਜਾਬ ਦੇ ਹੀ ਨਹੀਂ ਸਗੋਂ ਪੂਰੀ ਦੁਨੀਆ ਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਗੁਲਾਮੀ ਦੀਆਂ ਜੰਜੀਰਾਂ ਤੋੜਨ ਲਈ ਪ੍ਰੇਰਿਆ। ਕਿਸਾਨ ਅੰਦੋਲਨ ਨੂੰ ਜਿੱਤ ਤੱਕ ਜਾਰੀ ਰੱਖਣ ਦੇ ਅਹਿਦ ਨੂੰ ਦ੍ਰਿੜਾ ਕੇ ਅੱਜ ਧਰਨੇ ਵਿੱਚ ਉਸ ਯੁੱਗਕਵੀ ਨੂੰ ਸਿਜਦਾ ਕੀਤਾ ਗਿਆ।

ਇਸੇ ਦੌਰਾਨ ਕਿਸਾਨਾਂ ਦੇ ਕਾਫ਼ਲਿਆਂ ਦਾ ਪੰਜਾਬ ‘ਚੋਂ ਲਗਾਤਾਰ ਸਿੰਘੂ ਅਤੇ ਟਿਕਰੀ ਦੇ ਮੋਰਚਿਆਂ ‘ਤੇ ਜਾਣਾ ਜਾਰੀ ਹੈ।

ਸੰਗਰੂਰ, ਪਟਿਆਲਾ, ਮਾਨਸਾ, ਬਠਿੰਡਾ, ਮੋਗਾ, ਗੁਰਦਾਸਪੁਰ, ਫਰੀਦਕੋਟ, ਫਾਜ਼ਿਲਕਾ, ਮੋਗਾ, ਬਰਨਾਲਾ, ਨਵਾਂਸ਼ਹਿਰ, ਰੋਪੜ, ਮੁਹਾਲੀ ਜਿਲ੍ਹਿਆਂ ਸਮੇਤ ਵੱਖ-ਵੱਖ ਥਾਵਾਂ ਤੋਂ ਕਿਸਾਨਾਂ ਦੇ ਕਿਸਾਨਾਂ ਦੇ ਦਰਜ਼ਨਾਂ ਜਥੇ ਰਵਾਨਾ ਹੋਏ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ