ਸੰਦੀਪ ਸਿੰਘ ਧਾਲੀਵਾਲ ਲਈ ਐਲਕ ਗਰੋਵ ’ਚ ਹੋਇਆ ਕੈਂਡਲ ਲਾਈਟ ਦਾ ਆਯੋਜਨ

ਸੈਕਰਾਮੈਂਟੋ, 9 ਅਕਤੂਬਰ, 2019 –

ਪਿਛਲੇ ਦਿਨੀਂ ਹਿਊਸਟਨ ’ਚ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਨੂੰ ਆਪਣੀ ਡਿਊਟੀ ਦੌਰਾਨ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ ਸੀ। ਇਸ ਘਿਨਾਉਣੀ ਕਾਰਵਾਈ ’ਤੇ ਪੂਰੇ ਅਮਰੀਕਾ, ਕੈਨੇਡਾ ਵਿਚ ਰੋਸ ਸਮਾਗਮ ਕੀਤੇ ਗਏ ਹਨ। ਇਸੇ ਤਰ੍ਹਾਂ ਐਲਕ ਗਰੋਵ ਸਿਟੀ ਵਿਚ ਵੀ ਕੈਂਡਲ ਲਾਈਟ ਵਿਜ਼ਲ ਦਾ ਆਯੋਜਨ ਕੀਤਾ ਗਿਆ।

ਐਲਕ ਗਰੋਵ ਸਿਟੀ ਅਤੇ ਐਲਕ ਗਰੋਵ ਪੁਲਿਸ ਦੇ ਸਹਿਯੋਗ ਨਾਲ ਹੋਏ ਇਸ ਕੈਂਡਲ ਲਾਈਟ ਵਿਜ਼ਲ ਵਿਚ ਪੰਜਾਬੀ ਭਾਈਚਾਰੇ ਤੋਂ ਇਲਾਵਾ ਹੋਰਨਾਂ ਕੌਮਾਂ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਸ਼ਹੀਦ ਸੰਦੀਪ ਸਿੰਘ ਧਾਲੀਵਾਲ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ।

ਸਮਾਗਮ ਦੇ ਸ਼ੁਰੂ ਵਿਚ ਨੀਲ ਨਈਅਰ ਵੱਲੋਂ ਅਮਰੀਕਾ ਦਾ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਅਮਰੀਕਾ ਦੇ ਝੰਡੇ ਨੂੰ ਸਲਿਊਟ ਕੀਤਾ ਗਿਆ। ਉਪਰੰਤ ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ ਤੋਂ ਪਹੁੰਚੇ ਭਾਈ ਹਰਜੀਤਪਾਲ ਸਿੰਘ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਸਤਿੰਦਰ ਸਿੰਘ ਜੀ ਦੇ ਰਾਗੀ ਜੱਥੇ ਵੱਲੋਂ ‘‘ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ’’ ਸ਼ਬਦ ਗਾਇਨ ਕੀਤਾ ਗਿਆ।

ਬੁਲਾਰਿਆਂ ਵਿਚ ਐਲਕ ਗਰੋਵ ਸਿਟੀ ਦੇ ਪੁਲਿਸ ਮੁਖੀ ਟਿਮ ਐਲਬਰਾਈਟ, ਮੇਅਰ ਸਟੀਵ ਲੀ, ਮੈਨੀ ਗਰੇਵਾਲ (ਵਾਈਸ ਮੇਅਰ, ਮੋਡੈਸਟੋ ), ਗੁਰਜਤਿੰਦਰ ਸਿੰਘ ਰੰਧਾਵਾ (ਸਲਾਹਕਾਰ ਸੈਕਟਰੀ ਆਫ ਸਟੇਟ, ਕੈਲੀਫੋਰਨੀਆ), ਕੌਂਸਲ ਮੈਂਬਰ ਡੈਰੇਨ ਸਿਊਨ, ਸਟੈਫਨੀ ਨਿਊਨ, ਪਰਗਟ ਸਿੰਘ ਸੰਧੂ (ਕੌਂਸਲ ਮੈਂਬਰ ਗਾਲਟ ਸਿਟੀ), ਪੋਰਸ਼ ਮਿਡਲਟਨ (ਕੌਂਸਲ ਮੈਂਬਰ ਸਿਟਰਸ ਹਾਈਟਸ), ਬੌਬੀ ਸਿੰਘ ਐਲਨ, ਗੁਲੰਦਰ ਗਿੱਲ, ਮਹਿੰਦਰ ਸਿੰਘ (ਕਮਿਸ਼ਨਰ), ਸੀ.ਐੱਸ.ਡੀ. ਡਾਇਰੈਕਟਰ ਰਾਡ ਬਰਿਊਰ, ਪਲਾਨਿੰਗ ਕਮਿਸ਼ਨਰ ਕੇਵਿਨ ਸਪੀਸ, ਜੇਲ੍ਹ ਉੱਚ ਅਧਿਕਾਰੀ ਵਿਮਲ ਸਿੰਘ ਚਾਹਲ, ਡਾ. ਪਰਗਟ ਸਿੰਘ ਹੁੰਦਲ, ਸੋਨੂੰ ਹੁੰਦਲ, ਦਲਜੀਤ ਸਿੰਘ ਢਾਂਡਾ, ਧੀਰਾ ਨਿੱਜਰ, ਮਹਿੰਦਰ ਸਿੰਘ ਸੰਧੂ (ਗੁਰਦੁਆਰਾ ਸਾਹਿਬ, ਵੈਸਟ ਸੈਕਰਾਮੈਂਟੋ), ਅੰਮ੍ਰਿਤ ਕੌਰ ਅਟਵਾਲ, ਦਲਜੀਤ ਸਿੰਘ ਸੰਧੂ, ਇੰਦਰਜੀਤ ਕਾਲੀਰਾਏ, ਪੰਮੀ ਮਾਨ, ਹਰਜਿੰਦਰ ਧਾਮੀ, ਸਤਿੰਦਰਪਾਲ ਹੇਅਰ, ਗੁਰਪ੍ਰੀਤ ਸਿੰਘ ਹੰਸਰਾ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਅਤੇ ਸ਼ਰਧਾਂਜਲੀਆਂ ਭੇਂਟ ਕੀਤੀਆਂ।

ਇਸ ਸਮਾਗਮ ਲਈ ਕੈਲੀਫੋਰਨੀਆ ਦੀ ਲੈਫਟੀਨੈਂਟ ਗਵਰਨਰ ਐਲੀਨੀ ਕੋਨਾਲਕੀਸ ਵੱਲੋਂ ਲਿਖਤੀ ਸ਼ੋਕ ਸੰਦੇਸ਼ ਭੇਜ ਕੇ ਸੰਦੀਪ ਸਿੰਘ ਧਾਲੀਵਾਲ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਸਮਾਗਮ ਵਿਚ ਹੋਰਨਾਂ ਕੌਮਾਂ ਤੋਂ ਇਲਾਵਾ ਬਹੁਤ ਸਾਰੇ ਦਸਤਾਰਧਾਰੀ ਸਿੱਖ ਪੁਲਿਸ ਅਫਸਰ ਵੀ ਪਹੁੰਚੇ ਹੋਏ ਸਨ। ਇਸ ਸਮਾਗਮ ਨੂੰ ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ ਵੱਲੋਂ ਸਹਿਯੋਗ ਦਿੱਤਾ ਗਿਆ।

ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ, ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ, ਗੁਰਦੁਆਰਾ ਸਾਹਿਬ ਐਲਸੀ ਰੋਡ, ਸ਼ਹੀਦ ਊਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ, ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ, ਚੜ੍ਹਦਾ ਪੰਜਾਬ ਕਲੱਬ ਸੈਕਰਾਮੈਂਟੋ, ਪੰਜਾਬ ਪ੍ਰੋਡਕਸ਼ਨ, ਇੰਡੀਅਨ ਕੇਅਰ ਐਸੋਸੀਏਸ਼ਨ ਫੇਅਰਫੀਲਡ, ਕੋਹਿਨੂਰ ਕਲੱਬ, ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ, ਹਿੰਦੂ ਕਮਿਊਨਿਟੀ ਅਤੇ ਮੁਸਲਿਮ ਕਮਿਊਨਿਟੀ ਆਦਿ ਸੰਸਥਾਵਾਂ ਨੇ ਵੱਧ-ਚੜ੍ਹ ਕੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ ਅਤੇ ਸੰਦੀਪ ਸਿੰਘ ਧਾਲੀਵਾਲ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ।

ਇਸ ਮੌਕੇ ’ਤੇ ਅਮਰੀਕੀ ਫੌਜ ’ਚ ਭਰਤੀ ਹੋ ਕੇ ਅਫਗਾਨਿਸਤਾਨ ਵਿਚ ਸ਼ਹੀਦੀ ਪਾਉਣ ਵਾਲੇ ਮੈਰੀਨ ਗੁਰਪ੍ਰੀਤ ਸਿੰਘ ਨੂੰ ਵੀ ਵਿਸ਼ੇਸ਼ ਤੌਰ ’ਤੇ ਯਾਦ ਕੀਤਾ ਗਿਆ। ਗੁਰਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰ ਵੀ ਇਸ ਮੌਕੇ ਹਾਜ਼ਰ ਸਨ। ਅੰਤ ’ਚ ਗੁਰਜਤਿੰਦਰ ਸਿੰਘ ਰੰਧਾਵਾ ਨੇ ਸਮੂਹ ਸੰਗਤ ਦਾ ਇਸ ਦੁੱਖ ਦੀ ਘੜੀ ਵਿਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ।

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES