ਸੰਤ ਸੀਚੇਵਾਲ ਨੇ ਸੁਖ਼ਬੀਰ ਬਾਦਲ ਨੂੰ ਸੌਂਪਿਆ ‘ਗ੍ਰੀਨ ਵਾਤਾਵਰਨ’ ਦਾ ਏਜੰਡਾ, ਕਿਹਾ ਅਕਾਲੀ ਦਲ ਆਪਣੇ ‘ਮੈਨੀਫ਼ੈਸਟੋ’ ਵਿੱਚ ਸ਼ਾਮਲ ਕਰੇ ਵਾਤਾਵਰਨ ਦਾ ਮੁੱਦਾ

ਯੈੱਸ ਪੰਜਾਬ
ਜਲੰਧਰ, 22 ਦਸੰਬਰ, 2021 –
ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਥ ਵਿਚ ਗ੍ਰੀਨ ਵਾਤਾਵਰਨ ਦਾ ਏਜੰਡਾ ਫਡ਼ਾਉਂਦਿਆਂ ਕਿਹਾ ਕਿ ਜਦੋਂ ਤੱਕ ਪੰਜਾਬ ਦੇ ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਦੀ ਨੀਤੀ ਰਾਜਨੀਤਕ ਪਾਰਟੀਆਂ ਆਪਣੇ ਚੋਣ ਮਨੋਰਥ ਪੱਤਰਾਂ ਵਿਚ ਸ਼ਾਮਲ ਨਹੀਂ ਕਰਦੀਆਂ ਉਦੋਂ ਤੱਕ ਪੰਜਾਬ ਦੇ ਲੋਕਾਂ ਦੀ ਸਿਹਤ ਨੂੰ ਸੁਧਾਰਿਆ ਨਹੀਂ ਜਾ ਸਕਦਾ।

ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੇ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਹ ਸਪੱਸ਼ਟ ਕਰੇ ਕਿ ਜੇਕਰ ਉਹ ਸੱਤਾ ਵਿਚ ਆਉਂਦੇ ਹਨ ਤਾਂ ਫਿਰ ਪੰਜਾਂ ਸਾਲਾਂ ਵਿਚ ਪੰਜਾਬ ਹੇਠਲਾ ਜੰਗਲਾਤ ਦਾ ਰਕਬਾ ਚਾਰ ਫੀਸਦੀ ਤੋਂ ਦਸ ਫੀਸਦੀ ਤੱਕ ਕਿਵੇਂ ਕਰਨਗੇ? ਇਹ ਵੀ ਸਪੱਸ਼ਟ ਕੀਤਾ ਜਾਵੇ ਕਿ ਪੰਜਾਬ ਦੇ ਪਲੀਤ ਹੋ ਰਹੇ ਦਰਿਆਵਾਂ ਨੂੰ ਸਾਫ-ਸੁਥਰਾ ਕਰਨ ਦੀ ਉਨ੍ਹਾਂ ਦੀ ਕੀ ਯੋਜਨਾ ਹੋਵੇਗੀ?

ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਵਾਤਾਵਰਨ ਨੂੰ ਸੁਧਾਰਨ ਲਈ ਕੋਈ ਨਵਾਂ ਕਾਨੂੰਨ ਬਣਾਉਣ ਦੀ ਲੋਡ਼ ਨਹੀਂ ਸਗੋਂ ਪਹਿਲਾਂ ਤੋਂ ਹੀ ਬਣੇ ਹੋਏ 1974 ਦੇ ਐਕਟ ਨੂੰ ਜੇਕਰ ਲਾਗੂ ਕਰ ਦਿੱਤਾ ਜਾਵੇ ਤਾਂ ਪੰਜਾਬ ਦੇ ਵਾਤਾਵਰਨ ਵਿਚ ਵੱਡੀਆਂ ਤਬਦੀਲੀਆਂ ਆ ਸਕਦੀਆਂ ਹਨ।

ਇਸ ਮੁਲਾਕਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਰੋਸਾ ਦਿੱਤਾ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਸਰਕਾਰ ਬਣਦੇ ਸਾਰ ਹੀ ਵਾਤਾਵਰਨ ਦੇ ਏਜੰਡੇ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਤੇ ਪੰਜਾਬ ਦੇ ਪਲੀਤ ਹੋਏ ਦਰਿਆਵਾਂ ਨੂੰ ਸਾਫ ਕਰਨ ਲਈ ਉਹ ਪਹਿਲਕਦਮੀ ਕਰਨਗੇ। ਉਨ੍ਹਾਂ ਨੇ ਲੁਧਿਆਣਾ ਵਾਲੇ ਸਮਾਗਮ ਵਿਚ ਨਾ ਪਹੁੰਚਣ ਲਈ ਖਿਮਾ ਜਾਚਨਾ ਵੀ ਕੀਤੀ। ਸੁਖਬੀਰ ਬਾਦਲ ਨੇ ਬਾਬੇ ਨਾਨਕ ਦੀ ਉਸ ਪਵਿੱਤਰ ਵੇਈਂ ਦੇ ਪਾਣੀ ਨੂੰ ਵੀ ਦੇਖਿਆ ਜਿਹਡ਼ਾ ਸੰਗਤਾਂ ਨੇ ਕਾਰ ਸੇਵਾ ਰਾਹੀਂ ਪਿਛਲੇ 21 ਸਾਲਾਂ ਤੋਂ ਸਾਫ ਕੀਤਾ ਹੈ।

ਸੂਬੇ ਦੇ ਵਾਤਾਵਰਨ ਨੂੰ ਸੁਧਾਰਨ ਲਈ ਬਣਾਈ ਗਈ ਪੰਜਾਬ ਵਾਤਾਵਰਨ ਚੇਤਨਾ ਲਹਿਰ ਵੱਲੋਂ ਬੀਤੇ ਦਿਨੀਂ ਲੁਧਿਆਣਾ ਵਿਚ ਸਮਾਗਮ ਕਰਵਾਇਆ ਗਿਆ ਸੀ ਜਿਸ ਵਿਚ ਰਾਜਨੀਤਕ ਪਾਰਟੀਆਂ ਦੇ ਸੂਬਾਈ ਪ੍ਰਧਾਨਾਂ ਨੂੰ ਸੱਦਿਆ ਗਿਆ ਸੀ।

ਇਸ ਸਮਾਗਮ ਵਿਚ ਕਿਸੇ ਵੀ ਰਾਜਨੀਤਕ ਪਾਰਟੀ ਦਾ ਸੂਬਾ ਪ੍ਰਧਾਨ ਨਹੀਂ ਸੀ ਪਹੁੰਚਿਆ। ਲੋਕਾਂ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ ਸੀ ਕਿ ਸੂਬੇ ਦੀਆਂ ਰਾਜਨੀਤਕ ਪਾਰਟੀਆਂ ਵਾਤਾਵਰਨ ਦੇ ਮੁੱਦੇ ’ਤੇ ਸੰਜ਼ੀਦਾ ਨਹੀਂ ਹਨ। ਪੰਜਾਬ ਵਾਤਾਵਰਨ ਚੇਤਨਾ ਲਹਿਰ ਦੇ ਕਨਵੀਨਰ ਸਾਬਕਾ ਆਈਏਐੱਸ ਕਾਹਨ ਸਿੰਘ ਪਨੂੰ ਹਨ ਤੇ ਇਸ ਲਹਿਰ ਦੀ ਅਗਵਾਈ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਅਤੇ ਬੀਬੀ ਇੰਦਰਜੀਤ ਕੌਰ ਪਿੰਗਲਵਾਡ਼ਾ ਵਾਲੇ ਕਰ ਰਹੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ