ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਗੱਤਕਾ ਕੈਂਪ ਸਮਾਪਤ, 134 ਗੱਤਕਾ ਖਿਡਾਰੀਆਂ ਨੂੰ ਵੰਡੀਆਂ ਟੀ ਸ਼ਰਟਾਂ ਤੇ ਸਰਟੀਫ਼ਿਕੇਟ

ਜਲੰਧਰ, 19 ਸਤੰਬਰ, 2019 –

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ, ਜਲੰਧਰ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ਰੋਜ਼ਾ ਗੱਤਕਾ ਕੈਂਪ ਯੂਨੀਵਰਸਿਟੀ ਦੇ ਚਾਂਸਲਰ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਅਤੇ ਉਪ-ਕੁਲਪਤੀ ਡਾ. ਜਤਿੰਦਰ ਸਿੰਘ ਬੱਲ ਦੀ ਅਗਵਾਈ ਹੇਠ ਸ਼ਾਨੋ-ਸ਼ੌਕਤ ਢੰਗ ਨਾਲ ਸਮਾਪਤ ਹੋ ਗਿਆ ਜਿਸ ਵਿੱਚ 134 ਗੱਤਕਾ ਖਿਡਾਰੀਆਂ ਨੇ ਭਾਗ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸੰਤ ਬਾਬਾ ਕਪੂਰ ਸਿੰਘ ਜੀ ਸਨੇਰਾਂ ਵਾਲੇ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ।

ਇਸ ਮੌਕੇ ਬੋਲਦਿਆਂ ਸੰਤ ਬਾਬਾ ਦਿਲਾਵਰ ਸਿੰਘ ਜੀ ਨੇ ਕਿਹਾ ਕਿ ਗੱਤਕਾ ਗੁਰੂ ਸਾਹਿਬਾਨ ਵੱਲੋਂ ਵਿਰਾਸਤ ਵਿੱਚ ਮਿਲੀ ਹੋਈ ਦਾਤ ਤੇ ਖੇਡ ਕਲਾ ਹੈ ਜਿਸ ਕਰਕੇ ਸਮੂਹ ਲੋਕਾਈ ਇਸ ਕਲਾ ਨੂੰ ਵੱਧ ਤੋਂ ਵੱਧ ਪ੍ਰਫੁੱਲਤ ਕਰਨ ਧਿਆਨ ਦੇਵੇ। ਉਨਾਂ ਯੂਨੀਵਰਸਿਟੀ ਵਿੱਚ ਸਥਾਪਤ ਕੀਤੀ ਗਈ ਗੱਤਕਾ ਅਕੈਡਮੀ ਰਾਹੀਂ ਇਸ ਇਲਾਕੇ ਦੇ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਬੱਚੇ ਨਸ਼ਿਆਂ ਤੋਂ ਰਹਿਤ ਹੁੰਦੇ ਹੋਏ ਬਾਣੀ-ਬਾਣੇ ਅਤੇ ਵਿਰਾਸਤ ਨਾਲ ਜੁੜ ਕੇ ਖੇਡਾਂ ਵਿੱਚ ਵੱਧ ਯੋਗਦਾਨ ਪਾ ਸਕਣ।

ਵਾਈਸ ਚਾਂਸਲਰ ਡਾ. ਜਤਿੰਦਰ ਸਿੰਘ ਬੱਲ ਨੇ ਯੂਨੀਵਰਸਿਟੀ ਵੱਲੋਂ ਥੋੜੇ ਸਮੇਂ ਵਿੱਚ ਹੀ ਵਿਦਿਅਕ ਅਤੇ ਖੇਡਾਂ ਦੇ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਖੇਡਾਂ ਦੇ ਖੇਤਰ ਵਿੱਚ ਉਚੇਚਾ ਧਿਆਨ ਦਿੱਤਾ ਜਾਵੇਗਾ ਤਾਂ ਜੋ ਵਿਦਿਆਰਥੀ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਆਪਣਾ ਭਵਿੱਖ ਰੌਸ਼ਨ ਕਰ ਸਕਣ।

ਗੱਤਕੇ ਨੂੰ ਓਲੰਪਿਕ ਵਿੱਚ ਸ਼ਾਮਲ ਕਰਵਾਉਣ ਲਈ ਤਿਆਰ ਕੀਤੇ ‘ਵਿਜ਼ਨ ਡਾਕੂਮੈਂਟ-2030’ ਬਾਰੇ ਬੋਲਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਚਾਨਣਾ ਪਾਇਆ ਕਿ ਇਸ ਸਬੰਧੀ ਲਾਗੂ ਕੀਤੇ ਡਿਜ਼ੀਟਲਾਈਜੇਸ਼ਨ ਪ੍ਰੋਜੈਕਟ ਤਹਿਤ ਡਿਜ਼ੀਟਲ ਸਕੋਰ ਬੋਰਡ ਅਤੇ ਸਿੰਥੈਟਿਕ ਮੈਟ ਗੱਤਕਾ ਗਰਾਊਂਡ ਲਈ ਖਰੀਦੇ ਜਾ ਚੁੱਕੇ ਹਨ ਜਦਕਿ ਜਲਦੀ ਟੁੱਟ ਜਾਣ ਵਾਲੀ ਲੱਕੜੀ ਦੀ ਸੋਟੀ ਦੀ ਥਾਂ ਲੰਮਾ ਸਮਾਂ ਵਰਤੀ ਜਾਣ ਵਾਲੀ ਫਾਈਬਰ ਦੀ ਸੋਟੀ ਜਲਦ ਤਿਆਰ ਕਰਵਾਈ ਜਾ ਰਹੀ ਹੈ। ਗੱਤਕਾ ਪ੍ਰੋਮੋਟਰ ਗਰੇਵਾਲ ਨੇ ਕਿਹਾ ਕਿ ਭਵਿੱਖ ਵਿੱਚ ਫਾਈਬਰ ਦੀ ਇਸ ਸੋਟੀ ਵਿੱਚ ਸੈਂਸਰ ਵਾਲੀ ਚਿੱਪ ਵੀ ਸਕੋਰਿੰਗ ਲਈ ਲਗਾਈ ਜਾਵੇਗੀ ਤਾਂ ਜੋ ਟੂਰਨਾਮੈਂਟ ਵੇਲੇ ਜੱਜਮੈਂਟ ਤੇ ਸਕੋਰਿੰਗ ਦੌਰਾਨ ਪਾਰਦਰਸ਼ਤਾ ਕਾਇਮ ਰਹੇ। ਇਸ ਤੋਂ ਇਲਾਵਾ ਉਨਾਂ ਡਿਜ਼ੀਟਲਾਈਜ਼ੇਸ਼ਨ ਪ੍ਰਾਜੈਕਟ ਅਤੇ ਵਿਜ਼ਨ ਡਾਕੂਮੈਂਟ ਦੇ ਹੋਰਨਾਂ ਪੱਖਾਂ ਉੱਤੇ ਵੀ ਰੌਸ਼ਨੀ ਪਾਈ।

ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਦੇ ਸਹਿਯੋਗ ਨਾਲ ਆਯੋਜਿਤ ਇਸ ਪੰਜ ਰੋਜ਼ਾ ਗੱਤਕਾ ਕੋਚਿੰਗ ਕੈਂਪ ਵਿੱਚ ਭਾਗ ਲੈਣ ਆਏ ਸਾਰੇ ਗੱਤਕਾ ਖਿਡਾਰੀਆਂ ਅਤੇ ਕੋਚਾਂ ਨੂੰ ਜਰਸੀਆਂ ਤੇ ਸਰਟੀਫਕੇਟ ਵੀ ਪ੍ਰਦਾਨ ਕੀਤੇ ਗਏ। ਇਸ ਮੌਕੇ ਖੇਡ ਡਾਇਰੈਕਟਰ ਡਾ. ਪ੍ਰੀਤਮ ਸਿੰਘ ਨੇ ਯੂਨੀਵਰਸਿਟੀ ਵੱਲੋਂ ਗੱਤਕਾ ਖੇਡ ਵਿੱਚ ਕੀਤੀਆਂ ਪ੍ਰਾਪਤੀਆਂ ਬਾਰੇ ਦੱਸਿਆ।

ਹੋਰਨਾਂ ਤੋਂ ਇਲਾਵਾ ਇਸ ਮੌਕੇ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਅਬਜਰਬਰ ਵਜੋਂ ਕੋਚ ਮੈਡਮ ਨਰਿੰਦਰ ਕੌਰ, ਵਿੱਦਿਅਕ ਟਰੱਸਟ ਦੇ ਮੀਤ ਪ੍ਰਧਾਨ ਕੇਵਲ ਸਿੰਘ, ਖੇਡ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ, ਨੈਸ਼ਨਲ ਗੱਤਕਾ ਐਸੋਸੀਏਸਨ ਦੇ ਜਨਰਲ ਸਕੱਤਰ ਹਰਜਿੰਦਰ ਕੁਮਾਰ, ਮੀਤ ਪ੍ਰਧਾਨ ਅਵਤਾਰ ਸਿੰਘ, ਸੰਯੁਕਤ ਸਕੱਤਰ ਪੰਕਜ ਧਮੀਜਾ, ਗੱਤਕਾ ਐਸੋਸੀਏਸਨ ਪੰਜਾਬ ਦੇ ਮੀਤ ਪ੍ਰਧਾਨ ਹਰਬੀਰ ਸਿੰਘ ਗੁਰੂ ਹਰ ਸਹਾਏ, ਜ਼ਿਲਾ ਪ੍ਰਧਾਨ ਫ਼ਿਰੋਜ਼ਪੁਰ ਕਮਲਪਾਲ ਸਿੰਘ, ਹਰਿਆਣਵੀ ਗੱਤਕਾ ਐਸੋਸੀਏਸਨ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਕਲਸਾਣੀ, ਇਸਮਾ ਦੇ ਵਿੱਤ ਸਕੱਤਰ ਬਲਜੀਤ ਸਿੰਘ, ਕੋਆਰਡੀਨੇਟਰ ਤਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਬੁਟਾਹਰੀ, ਸੱਚਨਾਮ ਸਿੰਘ ਤੇ ਬਖਸ਼ੀਸ਼ ਸਿੰਘ ਸਮੇਤ ਤਿੰਨੇ ਗੱਤਕਾ ਅਕੈਡਮੀਆਂ ਦੇ ਕੋਚ ਤੇ ਇੰਸਟਰੱਕਟਰ, ਪ੍ਰਭਜੋਤ ਸਿੰਘ ਜਲੰਧਰ ਤੇ ਗੁਰਦਿਆਲ ਸਿੰਘ ਭੁੱਲਾਰਾਈ ਵੀ ਸ਼ਾਮਿਲ ਸਨ।

Share News / Article

YP Headlines