ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਨੇ ਸਮੁੱਚੀ ਆਲ ਇੰਡੀਆ ਅੰਤਰ-ਵਰਸਿਟੀ ਗੱਤਕਾ ਟਰਾਫੀ ਜਿੱਤੀ

ਯੈੱਸ ਪੰਜਾਬ
ਜਲੰਧਰ, 13 ਮਈ, 2022 –
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ (ਐਸ.ਬੀ.ਬੀ.ਐਸ.ਯੂ.), ਖਿਆਲਾ, ਜਲੰਧਰ ਵਿਖੇ ਸੰਪੰਨ ਹੋਈ 5ਵੀਂ ਆਲ ਇੰਡੀਆ ਅੰਤਰ ਯੂਨੀਵਰਸਿਟੀ ਗੱਤਕਾ (ਲੜਕੇ ਤੇ ਲੜਕੀਆਂ) ਚੈਂਪੀਅਨਸ਼ਿੱਪ ਵਿਚ ਲੜਕਿਆਂ ਵਿੱਚੋਂ ਮੇਜ਼ਬਾਨ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਨੇ ਓਵਰ ਆਲ ਟਰਾਫੀ ਉਤੇ ਕਬਜਾ ਜਮਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸਵ ਯੂਨੀਵਰਸਿਟੀ ਫਤਹਿਗੜ ਸਾਹਿਬ ਦੀ ਟੀਮ ਦੂਸਰੇ ਸਥਾਨ ’ਤੇ ਰਹੀ ਜਦਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰਾਂ ਲੜਕੀਆਂ ਦੇ ਮੁਕਾਬਲਿਆਂ ਵਿੱਚੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਨੂੰ ਪਹਿਲਾ ਸਥਾਨ, ਜੰਮੂ ਯੂਨੀਵਰਸਿਟੀ ਦੂਸਰੇ ਸਥਾਨ ਉੱਤੇ ਅਤੇ ਚੰਡੀਗੜ ਯੂਨੀਵਰਸਿਟੀ ਮੁਹਾਲੀ ਦੀ ਟੀਮ ਨੂੰ ਤੀਸਰਾ ਸਥਾਨ ਮਿਲਿਆ।

ਸਵਰਗੀ ਸੰਤ ਦਿਲਾਵਰ ਸਿੰਘ ਬ੍ਰਹਮਜੀ ਦੇ ਅਸ਼ੀਰਵਾਦ ਸਦਕਾ ਇਸ ਚਾਰ ਰੋਜਾ ਅੰਤਰ-ਵਰਸਿਟੀ ਗੱਤਕਾ ਚੈਂਪੀਅਨਸ਼ਿੱਪ ਦਾ ਉਦਘਾਟਨ ਐਸ.ਬੀ.ਬੀ.ਐਸ. ਯੂਨੀਵਰਸਿਟੀ ਦੇ ਚਾਂਸਲਰ ਸੰਤ ਸਰਵਣ ਸਿੰਘ ਨੇ ਕੀਤਾ। ਉਨਾਂ ਨਾਲ ਉਪ ਕੁਲਪਤੀ ਪ੍ਰੋ. (ਡਾ.) ਧਰਮਜੀਤ ਸਿੰਘ ਪਰਮਾਰ, ਸਕੱਤਰ ਹਰਦਮਨ ਸਿੰਘ ਅਤੇ ਸੰਤ ਗੁਰਦੇਵ ਸਿੰਘ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਸੰਤ ਸਰਵਣ ਸਿੰਘ ਨੇ ਸਮੂਹ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆਂ ਉਨਾਂ ਨੂੰ ਸੱਚੀ ਖੇਡ ਭਾਵਨਾ ਤੇ ਅਨੁਸ਼ਾਸ਼ਨ ਵਿੱਚ ਰਹਿ ਕੇ ਖੇਡਣ ਲਈ ਪ੍ਰੇਰਿਤ ਕੀਤਾ। ਡਾ: ਪਰਮਾਰ ਨੇ ਇਸ ਗੱਤਕਾ ਟੂਰਨਾਮੈਂਟ ਲਈ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਨੂੰ ਵਧਾਈ ਦਿੱਤੀ।

ਇਸ ਚੈਂਪੀਅਨਸ਼ਿੱਪ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਡਾਇਰੈਕਟਰ ਖੇਡਾਂ ਡਾ: ਪ੍ਰੀਤਮ ਸਿੰਘ ਨੇ ਦੱਸਿਆ ਕਿ ਇਸ ਚਾਰ ਰੋਜਾ ਟੂਰਨਾਮੈਂਟ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਲੜਕੇ ਅਤੇ ਲੜਕੀਆਂ ਦੀਆਂ ਕੁੱਲ 25 ਟੀਮਾਂ ਨੇ ਭਾਗ ਲਿਆ। ਦੇਸ਼ ਦੀ ਸਭ ਤੋਂ ਪੁਰਾਤਨ ਰਜਿਸਟਰਡ ਗੱਤਕਾ ਸੰਸਥਾ, ‘ਨੈਸ਼ਨਲ ਗੱਤਕਾ ਐਸੋਸੀਏਸਨ ਆਫ਼ ਇੰਡੀਆ’ (ਐਨਜੀਏਆਈ) ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਦੀ ਰਹਿਨੁਮਾਈ ਹੇਠ ਐਸੋਸੀਏਸ਼ਨ ਦੇ ਰੈਫਰੀਆਂ ਅਤੇ ਜੱਜਾਂ ਨੇ ਟੂਰਨਾਮੈਂਟ ਦੌਰਾਨ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ।

ਇਸ ਮੌਕੇ ਡਾ: ਅਨੀਤ ਕੁਮਾਰ ਡੀਨ ਅਕਾਦਮਿਕ, ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ: ਅਮਰਜੀਤ ਸਿੰਘ, ਗੱਤਕਾ ਐਸੋਸੀਏਸਨ ਪੰਜਾਬ ਦੇ ਪ੍ਰਧਾਨ ਹਰਬੀਰ ਸਿੰਘ, ਐਨਜੀਏਆਈ ਦੇ ਸੰਯੁਕਤ ਸਕੱਤਰ ਡਾ: ਪੰਕਜ ਧਮੀਜਾ, ਡਾ: ਕੁਲਵਿੰਦਰ ਪਾਲ ਸਿੰਘ ਮਾਹੀ, ਡਾ: ਸੁਰਿੰਦਰ ਕੌਰ ਮਾਹੀ, ਪ੍ਰਣਾਮ ਸਿੰਘ, ਪ੍ਰਭਜੋਤ ਸਿੰਘ, ਗਗਨਦੀਪ ਕੌਰ, ਸਰਬਜੀਤ ਸਿੰਘ, ਗੁਰਮੀਤ ਸਿੰਘ ਹੁਸ਼ਿਆਰਪੁਰ ਅਤੇ ਕੈਪਟਨ ਸੁਖਦੇਵ ਸਿੰਘ ਵੀ ਹਾਜਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ