ਸੰਤਾਂ ਨਾਲ ਮੀਟਿੰਗ ’ਚ ਕੇਂਦਰੀ ਮੰਤਰੀ ਨੇ ਉਸੇ ਥਾਂ ’ਤੇ ਗੁਰੂ ਰਵਿਦਾਸ ਮੰਦਿਰ ਮੁੜ ਬਨਾਉਣ ਦਾ ਭਰੋਸਾ ਦਿੱਤਾ: ਸੰਤ ਸਤਵਿੰਦਰ ਹੀਰਾ

ਦਿੱਲੀ, 3 ਸਤੰਬਰ, 2019 –

ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਅਤੇ ਸ੍ਰੀ ਗੁਰੂ ਰਵਿਦਾਸ ਪੁਨਰਨਿਰਮਾਣ ਸੰਘਰਸ਼ ਕਮੇਟੀ ਦੇ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅੱਜ ਭਾਰਤ ਭਰ ਤੋਂ ਸੰਤ ਮਹਾਂਪੁਰਸ਼ਾਂ ਨੂੰ ਸੱਦਾ ਦੇ ਕੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਤੀਰਥ ਅਸਥਾਨ ਮੰਦਿਰ ਤੁਗਲਕਾਬਾਦ ਸਬੰਧੀ ਮੀਟਿੰਗ ਕੀਤੀ ਗਈ।

ਇਹ ਮੀਟਿੰਗ ਕੇਂਦਰੀ ਮੰਤਰੀ ਸ੍ਰੀ ਭੁਪਿੰਦਰ ਯਾਦਵ ਦੇ ਗ੍ਰਹਿ ਵਿਖੇ ਕੀਤੀ ਗਈ ਜਿਸ ਵਿਚ ਸ੍ਰੀ ਦੁਸ਼ੰਤ ਗੌਤਮ ਵੀ ਹਾਜ਼ਰ ਸਨ। ਇਸ ਮੀਟਿੰਗ ਵਿਚ ਕੇਂਦਰ ਦੀ ਸਰਕਾਰ ਦੇ ਨੁਮਾਇੰਦਿਆਂ ਨੇ ਸਮੂਹ ਸੰਤ ਮਹਾਂਪੁਰਸ਼ਾਂ ਨੂੰ ਇਹ ਪੂਰਨ ਯਕੀਨ ਦਵਾਇਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਿਰ ਦਾ ਮੁੜ ਨਿਰਮਾਣ ਉਸੇ ਸਥਾਨ ‘ਤੇ ਕੀਤਾ ਜਾਵੇਗਾ ਅਤੇ ਉਸੇ ਸਥਾਨ ‘ਤੇ ਹੀ ਸਰੋਵਰ ਵੀ ਬਣਾਏ ਜਾਣਗੇ।

ઠਉਨ੍ਹਾਂ ਕਿਹਾ ਕਿ 13 ਸਤੰਬਰ ਨੂੰ ਸੁਪਰੀਮ ਕੋਰਟ ਵਿਚ ਇਸ ਕੇਸ ਸੰਬੰਧੀ ਤਰੀਕ ਹੈ ਜਿਸ ਵਿਚ ਸਰਕਾਰ ਵੱਲੋਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਆਪਣਾ ਪੱਖ ਰੱਖ ਕੇ ਮੰਦਿਰ ਦੇ ਮੁੜ ਨਿਰਮਾਣ ਦੀ ਹਾਮੀ ਭਰੀ ਜਾਵੇਗੀ। ਸੰਤ ਸਤਵਿੰਦਰ ਹੀਰਾ ਨੇ ਦੱਸਿਆ ਕਿ ਸਰਕਾਰ ਵੱਲੋਂ ਇਹ ਵੀ ਯਕੀਨ ਦਵਾਇਆ ਗਿਆ ਕਿ ਜੋ ਵੀ ਆਦਿ ਧਰਮੀ ਨੌਜਵਾਨ ਚਾਹੇ ਉਹ ਪੰਜਾਬ ਤੋਂ ਹਨ ਜਾਂ ਕਿਸੇ ਹੋਰ ਥਾਵਾਂ ਤੋਂ ਹਨ ਉਨ੍ਹਾਂ ਨੂੰ ਵੀ ਜਲਦ ਹੀ ਰਿਹਾਅ ਕਰਕੇ ਉਨ੍ਹਾਂ ਨੂੰ ਆਪਣੇ ਆਪਣੇ ਘਰ ਭੇਜਿਆ ਜਾਵੇਗਾ।

ਇਸ ਮੌਕੇ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਸਰਕਾਰ ਵੱਲੋਂ ਸੱਦੀ ਗਈ ਇਸ ਮੀਟਿੰਗ ਵਿਚ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ ਦੇ ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ, ਸੰਤ ਇੰਦਰ ਦਾਸ ਸ਼ੇਖੇ ਜਨ. ਸਕੱਤਰ, ਮਹੰਤ ਪ੍ਰਸ਼ੋਤਮ ਦਾਸ ਦੇਹਰਾ ਚੱਕ ਹਕੀਮ ਫਗਵਾੜਾ, ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਨੇ ਵੀ ਉਚੇਚੇ ਤੌਰ ‘ਤੇ ਪੁੱਜ ਕੇ ਹਾਜ਼ਰੀ ਭਰੀ।

ਉਨ੍ਹਾਂ ਕਿਹਾ ਕਿ 13 ਤਰੀਕ ਤੱਕ ਸਾਨੂੰ ਆਪਣਾ ਅੰਦੋਲਨ ਘੱਟ ਕਰਦੇ ਹੋਏ ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਜੋ ਕਿ ਸਾਡੇ ਹੱਕ ਵਿਚ ਆਵੇਗਾ ਉਸ ਦੀ ਉਡੀਕ ਕਰਕੇ ਮੰਦਿਰ ਦੇ ਮੁੜ ਨਿਰਮਾਣ ਲਈ ਤਿਆਰੀਆਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਮੰਤਰੀ ਸਾਹਿਬਾਨ ਵੱਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਇਸ ਮੰਦਿਰ ਲਈ ਜੋ ਕਮੇਟੀ ਬਣੇਗੀ ਉਸ ਵਿਚ ਭਾਰਤ ਭਰ ਤੋਂ ਸੰਤ ਮਹਾਂਪੁਰਸ਼ਾਂ ਨੂੰ ਸ਼ਾਮਿਲ ਕੀਤਾ ਜਾਵੇਗਾ।

Share News / Article

Yes Punjab - TOP STORIES