ਸਫ਼ਾਈ ਕਰਮਚਾਰੀਆਂ ਦਾ ਸ਼ੋਸ਼ਣ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ: ਮੰਜੂ ਦਿਲੇਰ

ਜਲੰਧਰ, 9 ਜੁਲਾਈ, 2019 –

ਸਫ਼ਾਈ ਕਰਮਚਾਰੀਆਂ ਦਾ ਸੋਸ਼ਣ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕਿਸੇ ਸਫ਼ਾਈ ਕਰਮਚਾਰੀ ਨੂੰ ਕੋਈ ਸ਼ਿਕਾਇਤ ਹੋਵੇ ਤਾਂ ਉਹ ਨੈਸ਼ਨਲ ਕਮਿਸ਼ਨ ਫਾਰ ਸਫ਼ਾਈ ਕਰਮਚਾਰੀ ਭਾਰਤ ਸਰਕਾਰ ਦੀ ਵੈਬਸਾਈਟ ’ਤੇ ਅਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਜਿਸ ਦਾ ਇਕ ਘੰਟੇ ਦੇ ਵਿਚ-ਵਿਚ ਨਿਪਟਾਰਾ ਯਕੀਨੀ ਬਣਾਇਆ ਜਾਵੇਗਾ।

ਇਹ ਜਾਣਕਾਰੀ ਨੈਸ਼ਨਲ ਕਮਿਸ਼ਨ ਸਫ਼ਾਈ ਕਰਮਚਾਰੀ ਭਾਰਤ ਸਰਕਾਰ ਦੀ ਮੈਂਬਰ ਸ੍ਰੀਮਤੀ ਮੰਜੂ ਦਿਲੇਰ ਨੇ ਅੱਜ ਸਰਕਟ ਹਾਊਸ ਜਲੰਧਰ ਵਿਖੇ ਵਧੀਕ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਜੋ ਕਿ ਬਤੌਰ ਡਿਪਟੀ ਕਮਿਸ਼ਨਰ ਜਲੰਧਰ ਦਾ ਕੰਮ ਕਾਜ ਵੇਖ ਰਹੇ ਹਨ, ਨਗਰ ਨਿਗਮ ਦੇ ਕਮਿਸ਼ਨਰ ਦੀਪਰਵਾ ਲਾਕੜਾ, ਸੰਯੁਕਤ ਕਮਿਸ਼ਨਰ ਆਸ਼ਿਕਾ ਜੈਨ, ਐਸ.ਡੀ.ਐਮ.ਸ਼ਾਇਰੀ ਮਲਹੋਤਰਾ ਤੋਂ ਇਲਾਵਾ ਨਗਰ ਨਿਗਮ ਅਤੇ ਸਫ਼ਾਈ ਕਰਮਚਾਰੀ ਯੂਨੀਅਨਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।

ਉਨ੍ਹਾਂ ਦੱਸਿਆ ਕਿ ਸਵੱਛ ਭਾਰਤ ਅਭਿਆਨ ਨੂੰ ਸਫ਼ਲ ਬਣਾਉਣ ਵਿੱਚ ਸਫ਼ਾਈ ਕਰਮਚਾਰੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਦੇ ਨਾਲ ਹੀ ਸਾਨੂੰ ਉਨਾਂ ਦੀ ਜਾਨ-ਮਾਲ ਅਤੇ ਉਨਾਂ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਸਫ਼ਾਈ ਕਰਮਚਾਰੀਆਂ ਦੀਆਂ ਯੂਨੀਅਨਾਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਉਨਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਅਤੇ ਨਗਰ ਨਿਗਮ ਤੋਂ ਸਫ਼ਾਈ ਕਰਮਚਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਦਾ ਵੇਰਵਾ ਮੰਗਿਆ ਅਤੇ ਇਨਾਂ ਨੂੰ ਤੁਰੰਤ ਭਰਨ ਲਈ ਕਾਰਵਾਈ ਕਰਨ ਦੇ ਵੀ ਆਦੇਸ਼ ਦਿੱਤੇ ।

ਸਫ਼ਾਈ ਕਰਮਚਾਰੀਆਂ ਦੀ ਡਿਊਟੀ ਦੌਰਾਨ ਮੌਤ ਹੋ ਜਾਣ ’ਤੇ ਉਨਾਂ ਦੇ ਆਸ਼ਰਿਤਾਂ ਨੂੰ ਬਣਦਾ ਬਕਾਇਆ ਅਤੇ ਨੌਕਰੀ ਦੇਣ ਸਬੰਧੀ ਕਮਿਸ਼ਨ ਵਲੋਂ ਬਣਦੀ ਕਾਰਵਾਈ 20 ਜੁਲਾਈ ਤੱਕ ਮੁਕੰਮਲ ਕਰਕੇ ਬਕਾਇਆ ਕੇਸਾਂ ਦਾ ਨਿਪਟਾਰਾ ਕਰਨ ਲਈ ਕਿਹਾ ਗਿਆ।

ਨਗਰ ਨਿਗਮ ਦੇ ਕਮਿਸ਼ਨਰ ਦੀਪਰਵਾ ਲਾਕੜਾ ਨੇ ਦੱਸਿਆ ਕਿ ਕੁੱਲ 44 ਕੇਸਾਂ ਵਿਚੋਂ 34 ਕੇਸਾਂ ਵਿੱਚ ਆਸ਼ਰਿਤਾਂ ਨੂੰ ਨੌਕਰੀਆਂ ਦੇਣ ਸਬੰਧੀ ਨਗਰ ਨਿਗਮ ਹਾਊਸ ਵਲੋਂ ਪ੍ਰਵਾਨਗੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਉਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੀਵਰੇਜ ਦੀ ਸਫ਼ਾਈ ਮੈਨੂਅਲ ਨਾ ਕਰਵਾਉਣ ਅਤੇ ਸੀਵਰੇਜ ਦੀ ਸਫ਼ਾਈ ਲਈ ਪੂਰੀ ਸਰੱਖਿਆ ਕਿੱਟ ਨਾਲ ਹੀ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਨੇ ਸਿੱਖਿਆ ਵਿਭਾਗ ,ਸਮਾਜਿਕ ਸੁਰੱਖਿਆ ਤੇ ਭਲਾਈ ਵਿਭਾਗਾਂ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਤੋਂ ਲੋਕਾਂ ਨੂੰ ਪੂਰੀ ਤਰ੍ਹਾਂ ਜਾਣੂੰ ਕਰਵਾਉਣ ਤਾਂ ਜੋ ਉਹ ਆਪਣਾ ਜੀਵਨ ਪੱਧਰ ਉਚਾ ਉਠਾ ਸਕਣ।

ਉਨਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਫ਼ਾਈ ਕਰਮਚਾਰੀਆਂ ਦੇ ਕੰਮ ਨੂੰ ਧਿਆਨ ਵਿੱਚ ਰੱਖਦੇ ਹੋਏ ਉਨਾਂ ਦਾ ਸਾਲ ਵਿੱਚ ਦੋ ਵਾਰ ਉਨਾਂ ਦੀ ਮੁਕੰਮਲ ਸਿਹਤ ਜਾਂਚ ਕਰਵਾਈ ਜਾਵੇ ਕਿਉਂ ਜੋ ਉਨਾਂ ਨੂੰ ਬਿਮਾਰੀਆਂ ਲੱਗਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਸਫ਼ਾਈ ਕਰਮਚਾਰੀਆਂ ਦਾ ਈ.ਪੀ.ਐਫ. ਕੱਟਣਾ ਯਕੀਨੀ ਬਣਾਇਆ ਜਾਵੇ ਅਤੇ ਇਸ ਸਬੰਧੀ ਕਮਿਸ਼ਨ ਨੂੰ ਵਿਸਥਾਰਿਤ ਰਿਪੋਰਟ ਸੌਂਪੀ ਜਾਵੇ। ਇਸ ਤੋਂ ਇਲਾਵਾ ਸਫ਼ਾਈ ਕਰਮਚਾਰੀਆਂ ਨੂੰ ਈ.ਐਸ.ਆਈ.ਹਸਪਤਾਲਾਂ ਵਿੱਚ ਇਲਾਜ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ।

ਸਫ਼ਾਈ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਘੱਟੋ ਘੱਟ ਉਜ਼ਰਤਾਂ ਦੇ ਅਨੁਸਾਰ ਅਦਾਇਗੀ ਕਰਨ ਦੇ ਹੁਕਮ ਦਿੰਦਿਆਂ ਕਮਿਸ਼ਨ ਮੈਂਬਰ ਨੇ ਕਿਹਾ ਕਿ ਸਾਰੇ ਨਗਰ ਨਿਗਮ ਅਤੇ ਨਗਰ ਕੌਂਸਲਾਂ ਤਹਿਤ ਕੰਮ ਕਰ ਰਹੇ ਸਾਰੇ ਸਫ਼ਾਈ ਕਰਮੀਆਂ ਨੂੰ ਉਨਾਂ ਦੇ ਬੈਂਕ ਖਾਤਿਆਂ ਵਿੱਚ ਤਨਖਾਹ ਦਿੱਤੀ ਜਾਵੇ।

ਯੂਨੀਅਨ ਵਲੋਂ ਸਫ਼ਾਈ ਕਰਮੀਆਂ ਨੂੰ ਸਾਬਣ ਅਤੇ ਤੇਲ ਨਿਯਮਤ ਤੌਰ ’ਤੇ ਮੁਹੱਈਆ ਕਰਵਾਉਣ ਦੀ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਕਮਿਸ਼ਨ ਵਲੋਂ ਨਗਰ ਨਿਗਮ ਨੂੰ ਤੁਰੰਤ ਕਾਰਵਾਈ ਲਈ ਕਿਹਾ ਗਿਆ। ਇਸ ਮੌਕੇ ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ, ਜ਼ਿਲ੍ਹਾ ਸਿੱਖਿਆ ਅਫ਼ਸਰ ਜਲੰਧਰ ਹਰਿੰਦਰਪਾਲ ਤੇ ਰਾਮ ਪਾਲ ਸੈਣੀ, ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Share News / Article

Yes Punjab - TOP STORIES