ਸੜਕ ਸੁਰੱਖਿਆ ਹਫ਼ਤੇ ਦੌਰਾਨ ਜਾਗਰੂਕਤਾ ਰੈਲੀ ਦਾ ਆਯੋਜਨ, ਭਾਰਤ ਭੂਸ਼ਣ ਆਸ਼ੂ ਨੇ ਝੰਡੀ ਦਿਖਾ ਕੇ ਕੀਤਾ ਰਵਾਨਾ

ਲੁਧਿਆਣਾ, 14 ਜਨਵਰੀ, 2020 –

ਸ਼ਹਿਰ ਵਾਸੀਆਂ ਨੂੰ ਸੜਕ ਆਵਾਜਾਈ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਨੂੰ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਝੰਡੀ ਦਿਖਾ ਕੇ ਰਵਾਨਾ ਕੀਤਾ।

ਦੱਸਣਯੋਗ ਹੈ ਕਿ ਮਿਤੀ 11 ਤੋਂ 17 ਜਨਵਰੀ, 2020 ਤੱਕ ਸ਼ਹਿਰ ਵਿੱਚ ਵਿਸ਼ੇਸ਼ ਸੜਕ ਸੁਰੱਖਿਆ ਬਾਰੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਸ਼ਹਿਰ ਨਾਲ ਸੰਬੰਧਤ ਕਈ ਗੈਰ ਸਰਕਾਰੀ ਸੰਸਥਾਵਾਂ, ਨਗਰ ਨਿਗਮ ਅਤੇ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ ਪ੍ਰਸਿੱਧ ਰੰਗਕਰਮੀ ਜਸਵਿੰਦਰ ਭੱਲਾ ਤੇ ਨਿਰਮਲ ਰਿਸ਼ੀ, ਗਾਇਕ ਸੁਖਵਿੰਦਰ ਸੁੱਖੀ, ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਕਾਰੀ ਅਤੇ ਸ਼ਹਿਰਵਾਸੀ ਹਾਜ਼ਰ ਸਨ। ਸ੍ਰੀ ਆਸ਼ੂ ਵੱਲੋਂ ਇਸ ਮੌਕੇ ਹਾਜ਼ਰੀਨ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਹਿੱਤ ਸਹੁੰ ਵੀ ਚੁਕਾਈ ਗਈ।

ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਆਸ਼ੂ ਨੇ ਕਿਹਾ ਕਿ ਟ੍ਰੈਫਿਕ ਪੁਲਿਸ ਲੁਧਿਆਣਾ ਅਤੇ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਗਾਮੀ ਦਿਨਾਂ ਦੌਰਾਨ ਇਨਾਂ ਵਿਕਾਸ ਕਾਰਜਾਂ ਵਿੱਚ ਆਉਣ ਵਾਲੀ ਤੇਜ਼ੀ ਨੂੰ ਧਿਆਨ ਵਿੱਚ ਰੱਖਦਿਆਂ ਟ੍ਰੈਫਿਕ ਪਲਾਨ ਤਿਆਰ ਕਰਨ ਤਾਂ ਜੋ ਲੋਕਾਂ ਨੂੰ ਆਵਾਜਾਈ ਦੀ ਸਮੱਸਿਆ ਦਰਪੇਸ਼ ਨਾ ਆਵੇ। ਉਨਾਂ ਕਿਹਾ ਕਿ ਉਨਾਂ ਨੂੰ ਸ਼ਹਿਰ ਵਿੱਚ ਆਵਾਜਾਈ ਸਮੱਸਿਆ ਨਾਲ ਸੰਬੰਧਤ ਕਈ ਸ਼ਿਕਾਇਤਾਂ ਮਿਲ ਰਹੀਆਂ ਹਨ। ਜਿਸ ਕਰਕੇ ਦੋਵਾਂ ਵਿਭਾਗਾਂ ਨੂੰ ਇਸ ਸੰਬੰਧੀ ਜਲਦ ਤੋਂ ਜਲਦ ਪਲਾਨ ਤਿਆਰ ਕਰਨਾ ਚਾਹੀਦਾ ਹੈ।

ਸ੍ਰੀ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰਵਾਸੀਆਂ ਦੀ ਭਲਾਈ ਲਈ ਪੂਰੀ ਤਰਾਂ ਵਚਨਬੱਧ ਹੈ। ਉਨਾਂ ਕਿਹਾ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਸ਼ਹਿਰ ਵਿੱਚ ਫਿਰੋਜ਼ਪੁਰ ਸੜਕ ‘ਤੇ ਐਲੀਵੇਟਿਡ ਸੜਕ ਦਾ ਕੰਮ ਜ਼ੋਰਾਂ ‘ਤੇ ਜਾਰੀ ਹੈ। ਪੱਖੋਵਾਲ ਸੜਕ ਸਥਿਤ ਰੇਲਵੇ ਓਵਰਬ੍ਰਿਜ ਅਤੇ ਅੰਡਰਬ੍ਰਿਜ ਦਾ ਕੰਮ ਅਗਲੇ ਕੁਝ ਦਿਨਾਂ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ।

ਇਸੇ ਤਰਾਂ ਰੋਟਰੀ ਕਲੱਬ ਸੜਕ ਨੂੰ ਵੀ ਜਲਦ ਹੀ ਸਮਾਰਟ ਰੋਡ ਵਜੋਂ ਵਿਕਸਤ ਕੀਤਾ ਜਾਣਾ ਹੈ। ਮਲਹਾਰ ਰੋਡ ਨੂੰ ਸਮਾਰਟ ਰੋਡ ਬਣਾਉਣ ਦੇ ਨਾਲ-ਨਾਲ ਸਰਾਭਾ ਨਗਰ ਮਾਰਕੀਟ ਦੀ ਕਾਇਆ ਕਲਪ ਵੀ ਨਾਲ-ਨਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਵਿਕਾਸ ਪ੍ਰੋਜੈਕਟ ਹਨ, ਜਿਹੜੇ ਕਿ ਨਾਲੋਂ ਨਾਲ ਸ਼ੁਰੂ ਹੋਣ ਜਾ ਰਹੇ ਹਨ। ਉਨਾਂ ਕਿਹਾ ਕਿ ਇਨਾਂ ਵਿਕਾਸ ਕਾਰਜਾਂ ਕਾਰਨ ਸ਼ਹਿਰ ਵਾਸੀਆਂ ਨੂੰ ਲੰਘਣ ਲਈ ਕਾਫੀ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨਾਂ ਟ੍ਰੈਫਿਕ ਪੁਲਿਸ ਅਤੇ ਨਗਰ ਨਿਗਮ ਨੂੰ ਹਦਾਇਤ ਕੀਤੀ ਕਿ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਣ ਅਤੇ ਇਸ ਸੰਬੰਧੀ ਬਕਾਇਦ ਟ੍ਰੈਫਿਕ ਮੈਨੇਜਮੈਂਟ ਪਲਾਨ ਤਿਆਰ ਕਰਨ। ਸ੍ਰੀ ਆਸ਼ੂ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਨਾਂ ਵਿਕਾਸ ਕਾਰਜਾਂ ਦੇ ਚੱਲਦਿਆਂ ਪੰਜਾਬ ਸਰਕਾਰ ਨੂੰ ਸਹਿਯੋਗ ਕਰਨ ਕਿਉਂਕਿ ਜਦੋਂ ਇਹ ਮੁਕੰਮਲ ਹੋ ਜਾਣਗੇ ਤਾਂ ਆਉਣ ਵਾਲੇ ਸਮੇਂ ਵਿੱਚ ਇਨਾਂ ਦਾ ਬਹੁਤ ਲਾਭ ਮਿਲੇਗਾ।

ਉਨਾਂ ਇਹ ਵੀ ਭਰੋਸਾ ਦਿੱਤਾ ਕਿ ਉਹ ਇਨਾਂ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਰੋਜ਼ਾਨਾ ਪੱਧਰ ‘ਤੇ ਮੋਨੀਟਰਿੰਗ ਕਰ ਰਹੇ ਹਨ। ਇਨਾਂ ਪ੍ਰੋਜੈਕਟਾਂ ਨੂੰ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕਰਵਾਇਆ ਜਾਵੇਗਾ।

Share News / Article

YP Headlines