ਸਜ਼ਾ ਪੂਰੀ ਕਰ ਚੁੱਕੇ ਸਾਰੇ ਸਿੱਖ ਕੈਦੀਆਂ ਨੂੰ ਰਿਹਾ ਕੀਤਾ ਜਾਵੇ: ਸੁਖ਼ਬੀਰ ਬਾਦਲ ਨੇ ਮੋਦੀ ਨੂੰ ਲਿਖ਼ਿਆ ਪੱਤਰ

ਚੰਡੀਗੜ੍ਹ, 18 ਸਤੰਬਰ, 2019 –

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੀ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਸੜ ਰਹੇ ਸਾਰੇ ਸਿੱਖ ਕੈਂਦੀਆਂ ਦੀ ਤੁਰੰਤ ਰਿਹਾਈ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕੋਲੋਂ ਪ੍ਰਭਾਵਸ਼ਾਲੀ ਦਖ਼ਲ ਦੀ ਮੰਗ ਕੀਤੀ ਹੈ।

ਇਸ ਸੰਬੰਧੀ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਦੇਸ਼ ਅੰਦਰ ਕਾਨੂੰਨ ਦਾ ਰਾਜ ਸਥਾਪਤ ਕਰਨ ਲਈ ਤੁਰੰਤ ਲੋੜੀਂਦਾ ਇਹ ਕਦਮ ਸਮਾਜ ਦੇ ਇਸ ਪੀੜਤ ਭਾਈਚਾਰੇ ਦੇ ਮਨਾਂ ਵਿਚ ਸਦਭਾਵਨਾ ਅਤੇ ਭਰੋਸਾ ਪੈਦਾ ਕਰੇਗਾ। ਇਸ ਕਦਮ ਦਾ ਮਨੋਵਿਗਿਆਨਕ ਤੌਰ ਤੇ ਹਾਂ-ਪੱਖੀ ਅਸਰ ਹੋਣ ਤੋਂ ਇਲਾਵਾ ਇਹ ਸਰਕਾਰ ਦਾ ਸੰਵਿਧਾਨਕ ਫਰਜ਼ ਵੀ ਹੈ, ਕਿਉਂਕਿ ਇਹਨਾਂ ਕੈਦੀਆਂ ਨੂੰ ਨਜਾਇਜ਼ ਹਿਰਾਸਤ ਵਿਚ ਰੱਖਿਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਦੇਸ਼ ਵਿਚ ਅਜਿਹਾ ਕੋਈ ਕਾਨੂੰਨ ਨਹੀਂ ਹੈ, ਜਿਸ ਤਹਿਤ ਸਜ਼ਾ ਪੂਰੀ ਹੋਣ ਤੋਂ ਬਾਅਦ ਕਿਸੇ ਵਿਅਕਤੀ ਨੂੰ ਇੱਕ ਮਿੰਟ ਲਈ ਵੀ ਕੈਦ ਵਿਚ ਰੱਖਿਆ ਜਾ ਸਕਦਾ ਹੈ। ਪਰ ਇਹ ਸਾਰੇ ਸਿੱਖ ਸਾਲਾਂ ਤੋਂ, ਜਿਹਨਾਂ ਵਿਚੋਂ ਕਈ ਤਾਂ ਦਹਾਕਿਆਂ ਤੋਂ ਜੇਲ੍ਹਾਂ ਅੰਦਰ ਸੜ੍ਹ ਰਹੇ ਹਨ।

ਅੱਜ ਦੁਪਹਿਰ ਜਾਰੀ ਕੀਤੇ ਇੱਕ ਬਿਆਨ ਵਿਚ ਸਰਦਾਰ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ, ਜਿਹਨਾਂ ਦਾ 550ਵਾਂ ਪਰਕਾਸ਼ ਪੁਰਬ ਸਾਰੀ ਦੁਨੀਆਂ ਪੂਰੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਦੇ ਰੂਹਾਨੀ ਸੁਨੇਹੇ ਪ੍ਰਤੀ ਬੇਹੱਦ ਸਤਿਕਾਰ ਅਤੇ ਸ਼ਰਧਾ ਦੀ ਨਿਸ਼ਾਨੀ ਵਜੋਂ ਇਹਨਾਂ ਸਿੱਖਾਂ ਦੀ ਰਿਹਾਈ ਦਾ ਐਲਾਨ ਕਰਨ।

ਉਹਨਾਂ ਕਿਹਾ ਕਿ ਇਹ ਗੁਰੂ ਸਾਹਿਬ ਦੇ ਦੁਨੀਆਂ ਅੰਦਰ ਬੇਇਨਸਾਫੀ ਅਤੇ ਅੱਤਿਆਚਾਰ ਖ਼ਿਲਾਫ ਹੋਕੇ ਨੂੰ ਸੱਚੀ ਸ਼ਰਧਾਂਜ਼ਲੀ ਹੋਵੇਗੀ। ਉਹਨਾਂ ਕਿਹਾ ਕਿ ਇਹ ਕਦਮ ਸਰਕਾਰ ਦੀ ਦੇਸ਼ ਦੇ ਸੰਵਿਧਾਨ ਪ੍ਰਤੀ ਵਚਨਬੱਧਤਾ ਨੂੰ ਵੀ ਉਜਾਗਰ ਕਰੇਗਾ, ਜਿਸ ਤਹਿਤ ਕਿਸੇ ਵੀ ਵਿਅਕਤੀ ਨੂੰ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਤੋਂ ਬਗੈਰ ਕੈਦੀ ਨਹੀਂ ਬਣਾਇਆ ਜਾ ਸਕਦਾ।

ਸਰਦਾਰ ਬਾਦਲ ਨੇ ਕਿਹਾ ਕਿ ਇਹਨਾਂ ਕੈਦੀਆਂ ਦੀ ਰਿਹਾਈ ਭਾਰਤ ਸਰਕਾਰ ਵੱਲੋਂ ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਦੀ ਕਾਲੀਆਂ ਸੂਚੀਆਂ ਨੂੰ ਖ਼ਤਮ ਕਰਕੇ ਵਿਖਾਈ ਸਦਭਾਵਨਾ ਨੂੰ ਹੋਰ ਵੱਡਾ ਕਰੇਗੀ। ਇਹ ਕਦਮ ਦੇਸ਼ ਦੀਆਂ ਸਾਰੀਆਂ ਘੱਟ ਗਿਣਤੀਆਂ ਦੇ ਦਿਲਾਂ ਅਤੇ ਦਿਮਾਗਾਂ ਭਰੋਸਾ ਅਤੇ ਵਿਸ਼ਵਾਸ਼ ਪੈਦਾ ਕਰੇਗਾ ਅਤੇ ਸਮੇਂ ਦੀਆਂ ਕਾਂਗਰਸੀ ਸਰਕਾਰਾਂ ਦੁਆਰਾ ਘੱਟ ਗਿਣਤੀਆਂ ਨੂੰ ਇਨਸਾਫ ਤੋਂ ਵਾਂਝੇ ਕਰਕੇ ਉਹਨਾਂ ਅੰਦਰ ਪੈਦਾ ਕੀਤੀ ਬੇਗਾਨਗੀ ਦੀਆਂ ਭਾਵਨਾ ਨੂੰ ਦੂਰ ਕਰਨ ਵਿਚ ਵੱਡੀ ਭੂਮਿਕਾ ਨਿਭਾਏਗਾ।

ਉਹਨਾਂ ਕਿਹਾ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਇਹਨਾਂ ਵਿਚੋਂ ਹਰ ਸਿੱਖ ਕੈਦੀ ਦੀ ਜੇਲ੍ਹ ਅੰਦਰ ਮੌਜੂਦਗੀ ਉਸੇ ਦੁਖਦਾਈ ਸਿੱਖ-ਵਿਰੋਧੀ ਪਰੰਪਰਾ ਦਾ ਹਿੱਸਾ ਹੈ, ਜਿਸ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹੁਣ ਲਈ ਸਾਡੇ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅੰਦਰ ਤੋਪਾਂ ਅਤੇ ਟੈਂਕ ਵਾੜ ਕੇ ਹਜ਼ਾਰਾਂ ਸ਼ਰਧਾਲੂਆਂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਸਰਕਾਰ ਦੀ ਛੱਤਰ ਛਾਇਆ ਥੱਲੇ ਕਾਂਗਰਸੀ ਗੁੰਡਿਆਂ ਨੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਦਿੱਲੀ ਵਿਚ ਕਤਲੇਆਮ ਕੀਤਾ ਸੀ। ਉਹਨਾਂ ਕਿਹਾ ਕਿ ਭਾਵੇਂਕਿ ਨਰਿੰਦਰ ਮੋਦੀ ਸਰਕਾਰ ਨੇ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਪਰ ਅਜੇ ਵੀ ਬਹੁਤ ਕੁੱਝ ਕੀਤਾ ਜਾਣਾ ਬਾਕੀ ਹੈ।

Share News / Article

Yes Punjab - TOP STORIES