ਸਜ਼ਾ ਪੂਰੀ ਕਰ ਚੁੱਕੇ ਸਾਰੇ ਸਿੱਖ ਰਿਹਾ ਕਰੋ, ਰਿਹਾਈ ਲਈ ਚੋਣਵੀਂ ਪਹੁੰਚ ਕਿਉਂ: ਸੁਖ਼ਬੀਰ ਬਾਦਲ

ਚੰਡੀਗੜ੍ਹ, 24 ਸਤੰਬਰ, 2019 –

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੀਆਂ ਸਜ਼ਾਵਾਂ ਪੂਰੀ ਕਰਨ ਤੋਂ ਬਾਅਦ ਵੀ ਜੇਲ੍ਹਾਂ ਵਿਚ ਸੜ੍ਹ ਰਹੇ ਸਾਰੇ ਸਿੱਖ ਕੈਦੀਆਂ ਨੂੰ ਰਿਹਾ ਕਰਨ ਦਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ ਉਹ ਇਹਨਾਂ ਕੈਦੀਆਂ ਦੀ ਰਿਹਾਈ ਲਈ ਚੋਣਵੀਂ ਪਹੁੰਚ ਅਪਣਾਏ ਜਾਣ ਦੇ ਵਿਰੁੱਧ ਹਨ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਭਾਂਵੇਂਕਿ ਸਾਡੀ ਪਹਿਲ ਇਹ ਹੈ ਕਿ ਜੇਲ੍ਹਾਂ ਵਿਚ ਗੈਰਕਾਨੂੰਨੀ ਤੌਰ ਤੇ ਬੰਦ ਸਾਰੇ ਸਿੱਖਾਂ ਦੀ ਰਿਹਾਈ ਹੋਵੇ, ਪਰ ਇਸ ਦੇ ਨਾਲ ਹੀ ਅਸੀਂ ਚਾਹੁੰਦੇ ਹਾਂ ਕਿ ਦੇਸ਼ ਭਰ ਵਿਚ ਉਹਨਾਂ ਸਾਰੇ ਕੈਦੀਆਂ ਦੀ ਰਿਹਾਈ ਹੋਵੇ, ਜਿਹੜੇ ਕਾਨੂੰਨੀ ਤੌਰ ਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰੀ ਬੈਠੇ ਹਨ।

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਸੀ ਕਿ ਉਹ ਇਹਨਾਂ ਸਾਰੇ ਸਿੱਖ ਕੈਦੀਆਂ ਦੀ ਜਲਦੀ ਰਿਹਾਈ ਕਰਵਾਉਣ ਵਾਸਤੇ ਨਿੱਜੀ ਤੌਰ ਤੇ ਦਖ਼ਲ ਦੇਣ। ਸਰਦਾਰ ਬਾਦਲ ਦਾ ਅੱਜ ਦਾ ਬਿਆਨ ਅਜਿਹੀਆਂ ਰਿਪੋਰਟਾਂ ਦੇ ਮੱਦੇਨਜ਼ਰ ਆਇਆ ਹੈ ਕਿ ਪੰਜਾਬ ਸਰਕਾਰ ਨੇ ਚੋਣਵੀਂ ਪਹੁੰਚ ਰਾਹੀਂ ਸਿੱਖ ਕੈਦੀਆਂ ਦੀ ਰਿਹਾਈ ਲਈ ਅਪੀਲ ਕੀਤੀ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਮੰਗ ਪੂਰੀ ਤਰ੍ਹਾਂ ਸੰਵਿਧਾਨ ਅਤੇ ਕਾਨੂੰਨ ਦੇ ਨਿਯਮਾਂ ਅਨੁਸਾਰ ਹੈ। ਉਹਨਾਂ ਕਿਹਾ ਕਿ ਪਰੰਤੂ ਸੰਵਿਧਾਨ ਅਤੇ ਕਾਨੂੰਨ ਦੇ ਇਹਨਾਂ ਨਿਯਮ ਪ੍ਰਭਾਵਿਤ ਵਿਅਕਤੀਆਂ ਦੇ ਸਿਆਸੀ ਪਿਛੋਕੜ ਦੇ ਆਧਾਰ ਉੱਤੇ ਕਿਸੇ ਨਾਲ ਕੋਈ ਵਿਤਕਰਾ ਕੀਤੇ ਬਿਨਾਂ ਸਾਰਿਆਂ ਉਤੇ ਬਰਾਬਰ ਲਾਗੂ ਹੁੰਦੇ ਹਨ। ਉਹਨਾਂ ਕਿਹਾ ਕਿ ਕਾਨੂੰਨ ਸਾਰਿਆਂ ਲਈ ਸਮਾਨ ਹੈ ਅਤੇ ਸਮਾਨ ਹੀ ਰਹਿਣਾ ਚਾਹੀਦਾ ਹੈ।

ਇਸ ਤਰ੍ਹਾਂ ਦਾ ਕੋਈ ਪ੍ਰਭਾਵ ਨਹੀਂ ਜਾਣਾ ਚਾਹੀਦਾ ਕਿ ਸਰਕਾਰ ਨੇ ਕੁੱਝ ਸਿੱਖਾਂ ਨੂੰ ਬੰਦੀ ਬਣਾਏ ਰੱਖਣ ਅਤੇ ਕੁੱਝ ਨੂੰ ਰਿਹਾ ਕਰਨ ਸੰਬੰਧੀ ਪੱਖਪਾਤੀ ਪਹੁੰਚ ਅਪਣਾਈ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਇਸ ਸੰਬੰਧੀ ਪਾਰਟੀ ਦੀ ਗੁਜ਼ਾਰਿਸ਼ ਨੂੰ ਜਰੂਰ ਸੁਣਨਗੇ।

ਉਹਨਾਂ ਕਿਹਾ ਕਿ ਐਨਡੀਏ ਸਰਕਾਰ ਪਹਿਲਾਂ ਹੀ ਰਾਸ਼ਟਰੀ ਮੁੱਖਧਾਰਾ ਤੋਂ ਸਿੱਖਾਂ ਦੀ ਅਲਹਿਦਗੀ ਦੂਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਚੁੱਕੀ ਹੈ ਅਤੇ ਇਸ ਨੇ ਸਿੱਖ ਦੇ ਮਨ ਵਿਚੋਂ ਵਿਤਕਰੇ ਦੀ ਭਾਵਨਾ ਖਤਮ ਕਰਨ ਲਈ ਕਈ ਅਹਿਮ ਕਦਮ ਚੁੱਕੇ ਹਨ। ਉਹਨਾਂ ਦੱਸਿਆ ਕਿ ਇਸ ਨਵੀ ਸਿਹਤਮੰਦ ਪਹੁੰਚ ਤਹਿਤ ਸੱਜਣ ਕੁਮਾਰ ਵਰਗੇ 1984 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣੀਆਂ ਸ਼ੁਰੂ ਕਰਕੇ ਸਰਕਾਰ ਨੇ ਇਹ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਕਮਲ ਨਾਥ ਵਰਗੇ ਵੱਡੇ ਦੋਸ਼ੀ ਵੀ ਜ੍ਹੇਲਾਂ ਵਿਚ ਹੋਣਗੇ।

ਸਰਦਾਰ ਬਾਦਲ ਨੇ ਕਿਹਾ ਕਿ ਇਸੇ ਤਰ੍ਹਾਂ ਭਾਰਤ ਸਰਕਾਰ ਨੇ ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਖ਼ਤਮ ਕਰ ਦਿੱਤੀਆਂ ਹਨ, ਜੋ ਕਿ ਉਹਨਾਂ ਨਾਲ ਹੁੰਦੀ ਧੱਕੇਸ਼ਾਹੀ ਦੀ ਵੱਡੀ ਵਜ੍ਹਾ ਸਨ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਸਿੱਖਾਂ ਨੂੰ ਇਨਸਾਫ ਦਿਵਾਉਣ ਦੀ ਪਿਰਤ ਜਾਰੀ ਰੱਖੇਗੀ ਅਤੇ ਅਸੀਂ ਜਲਦੀ ਹੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ ਦੀ ਖੁਸ਼ਖ਼ਬਰੀ ਸੁਣਾਂਗੇ।

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES