ਸ੍ਰੌਮਣੀ ਅਕਾਲੀ ਦਲ ਵੱਲੋਂ ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੇ ਰਲੇਵੇਂ ਦੀ ਨਿਖੇਧੀ

ਯੈੱਸ ਪੰਜਾਬ
ਅੰਮ੍ਰਿਤਸਰ, ਮਈ 2, 2022 –
ਸ੍ਰੌਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਸਾਰਾਗੜ੍ਹੀ ਫ਼ਾਊਂਡੇਸ਼ਨ, ਅਮਰੀਕਾ ਦੇ ਪ੍ਰਧਾਨ ਡਾ. ਗੁਰਿੰਦਰਪਾਲ ਸਿੰਘ ਜੋਸਨ ਵੱਲੋਂ ਉਠਾਏ ਗਏ ਅਹਿਮ ਮੁੱਦੇ ਦੀ ਪੂਰਨ ਹਮਾਇਤ ਕਰਦਿਆ ਕਿਹਾ ਹੈ ਕਿ ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ,ਪਟਿਆਲਾ ਵੱਲੋਂ ਸਿੱਖ ਇਤਿਹਾਸ ਨਾਲ ਸਬੰਧਤ ਪੰਜਾਬ ਇਤਿਹਾਸ ਅਧਿਐਨ ਵਿਭਾਗ ਦਾ ਰਲੇਵਾਂ ਇਤਿਹਾਸ ਵਿਭਾਗ ਵਿੱਚ ਕਰ ਦਿੱਤਾ ਹੈ ਜੋ ਕਿ ਬਹੁਤ ਮੰਦਭਾਗਾ ਹੈ ।

ਇਤਿਹਾਸ ਵਿਭਾਗ ਦਾ ਕੰਮ ਸਿਰਫ਼ ਅਧਿਆਪਨ ਕਾਰਜ ਕਰਵਾਉਣਾ ਹੈ ।ਇਸ ਦੇ ਵਿਪਰੀਤ ਪੰਜਾਬ ਇਤਿਹਾਸ ਅਧਿਐਨ ਵਿਭਾਗ ਦਾ ਮੰਤਵ ਕੇਵਲ ਸਿੱਖ ਇਤਿਹਾਸ ਅਤੇ ਪੰਜਾਬ ਦੀਆਂ ਪੁਰਾਤਨ ਇਤਿਹਾਸਕ ਤੇ ਵਿਰਾਸਤੀ ਕਦਰਾਂ ਕੀਮਤਾਂ, ਘਟਨਾਵਾਂ,ਜੰਗਾਂ ਅਤੇ ਪੰਜਾਬੀ ਯੋਧਿਆਂ ਦੀਆਂ ਵੀਰ ਗਾਥਾਵਾਂ ਦਾ ਅਧਿਐਨ ਕਰਨਾ ਦੇ ਨਾਲ ਨਾਲ ਪੰਜਾਬ ਦੀ ਖੇਤਰੀ ਪਛਾਣ ਨੂੰ ਗਲੋਬਲੀ ਪੱਧਰ ਤੇ ਉਕੇਰਨ ਦਾ ਕੰਮ ਵੀ ਕਰਨਾ ਹੈ ।

ਇਹ ਬੜੇ ਅਫਸੋਸ ਦੀ ਗੱਲ ਹੈ ਕਿ ਪੰਜਾਬੀ ਭਾਸ਼ਾ ਦੇ ਨਾਮ ਤੇ ਬਣੀ ਯੂਨੀਵਰਸਿਟੀ ਵਿਚ ਪੰਜਾਬੀ ਭਾਸ਼ਾ, ਸਾਹਿਤ, ਵਿਰਾਸਤ ਅਤੇ ਸਿੱਖ ਇਤਿਹਾਸ ਦੀ ਖੋਜ ਕਰ ਰਹੇ ਵਿਭਾਗਾਂ ਨੂੰ ਅੱਖੋਂ ਪਰੋਖੇ ਕਰਕੇ ਰਲੇਵਿਆਂ ਵਰਗੀ ਢਾਹ ਲਾਈ ਜਾ ਰਹੀ ਹੈ ਅੱਜ ਵਿਸ਼ਵ ਪੱਧਰ ਤੇ ਸਿੱਖਾਂ ਦੀਆਂ ਵੀਰ ਗਾਥਾਵਾਂ ਅਤੇ ਪ੍ਰਾਪਤੀਆਂ ਜਿੱਥੇ ਵੱਖੋ ਵੱਖਰੇ ਮਾਧਿਅਮ ਰਾਹੀਂ ਉਜਾਗਰ ਕੀਤੀਆਂ ਜਾ ਰਹੀਆਂ ਹਨਉਥੇ ਸਿੱਖ ਇਤਿਹਾਸ ਦੇ ਘਰ ਪੰਜਾਬ ਵਿੱਚ ਹੀ ਸਥਾਪਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਾਡੇ ਇਤਿਹਾਸ ਨੂੰ ਸੰਭਾਲਣ ਤੋਂ ਅਸਮਰੱਥ ਨਜ਼ਰ ਆ ਰਹੀ ਹੈ।

ਇਸ ਰਲੇਵੇਂ ਦੇ ਕਾਰਜ ਦੀ ਸਾਰਾਗੜ੍ਹੀ ਫ਼ਾਊਂਡੇਸ਼ਨ ਸਖ਼ਤ ਨਿੰਦਾ ਕਰਦੀ ਹੈ ਅਤੇ ਇਸ ਦੇ ਨਾਲ ਫਾਊਂਡੇਸ਼ਨ ਮੈਂਬਰਾਂ ਵੱਲੋਂ ਪੰਜਾਬੀ ਹਿਤੈਸ਼ੀ ਜਥੇਬੰਦੀਆਂ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਦੇ ਵਿੱਚ ਆਪਣਾ ਬਣਦਾ ਦਖ਼ਲ ਦੇ ਕੇ ਇਸ ਇਸ ਰਲੇਵੇਂ ਦੀ ਪ੍ਰਕਿਰਿਆ ਨੂੰ ਰੱਦ ਕਰਵਾਇਆ ਜਾਵੇ ਅਤੇ ਦੋਨਾਂ ਵਿਭਾਗਾਂ ਦਾ ਪਹਿਲਾਂ ਵਾਲਾ ਦਰਜਾ ਬਹਾਲ ਕੀਤਾ ਜਾਵੇ l ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਸਾਰਾਗੜੀ ਫਾਊਂਡੇਸ਼ਨ ਅਮਰੀਕਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਜੋਸਨ ਦੇ ਬਿਆਨ ਦੀ ਪ੍ਰੋੜਤਾ ਕਰਦਿਆ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਇਸਤੇ ਮੁੜ ਵਿਚਾਰ ਕਰੇ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ