ਸੋਸ਼ਲ ਮੀਡੀਆ ‘ਤੇ ਵਾਇਰਲ ਦੁੱਧ ਨਾਲ ਨਹਾਉਂਦੇ ਵਿਅਕਤੀ ਦੀ ਵੀਡੀਓ ਦਾ ਵੇਰਕਾ ਨਾਲ ਕੋਈ ਸਬੰਧ ਨਹੀਂ

ਯੈੱਸ ਪੰਜਾਬ
ਲੁਧਿਆਣਾ, 06 ਮਈ, 2022 –
ਅੱਜ ਕੱਲ ਸੋਸ਼ਲ ਮੀਡੀਆ ਤੇ ਦੁੱਧ ਨਾਲ ਨਹਾਉਂਦੇ ਇੱਕ ਵਿਅਕਤੀ ਦੀ ਵੀਡੀਓ ਸਮਾਜ ਦੇ ਕੁਝ ਬੇਈਮਾਨ ਅਤੇ ਗੈਰ-ਜਿੰਮੇਦਾਰ ਅਨਸਰਾਂ ਵਲੋਂ ਵੇਰਕਾ ਨਾਲ ਸਬੰਧਤ ਲਿਖ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾ ਰਹੀ ਹੈ। ਡੇਅਰੀ ਉਦਯੋਗ ਵਿੱਚ ਵੇਰਕਾ ਦੀ ਵੱਧ ਰਹੀ ਪ੍ਰਸਿੱਧੀ ਅਤੇ ਇਸ ਦੇ ਸਹਿਕਾਰੀ ਬ੍ਰਾਂਡ ਦੇ ਸਾਫ ਅਕਸ਼ ਨੂੰ ਖਰਾਬ ਕਰਨ ਦੀ ਇਹ ਘਿਨੌਣੀ ਹਰਕਤ ਸਮਾਜ ਅਤੇ ਲੋਕ ਵਿਰੋਧੀ ਅਨਸਰਾਂ ਵੱਲੋਂ ਕੀਤੀ ਗਈ ਹੈ।

ਇੱਥੇ ਜ਼ਿਕਰਯੋਗ ਹੈ ਕਿ ਵੇਰਕਾ ਦੇ ਸਾਰੇ ਮਿਲਕ ਪਲਾਂਟ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ 2006(FSSAI) ਦੁਆਰਾ ਨਿਰਧਾਰਤ ਸਾਰੀਆਂ ਕਾਨੂੰਨੀ ਜਰੂਰਤਾਂ ਨੂੰ ਪੂਰਾ ਕਰ ਰਹੇ ਹਨ ਅਤੇ ਉਸ ਮੁਤਾਬਿਕ ਕੰਮ ਕਰ ਰਹੇ ਹਨ।

ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵਾਇਰਲ ਵੀਡੀਓ ਦੇ ਸਬੰਧ ਵਿੱਚ ਦੱਸਿਆ ਜਾਂਦਾ ਹੈ ਕਿ ਇਹ ਵੀਡੀਓ ਲਗਭਗ 2 ਸਾਲ ਪੁਰਾਣਾ ਹੈ ਅਤੇ ਇਸ ਵੀਡੀਓ ਦਾ ਵੇਰਕਾ ਨਾਲ ਕੋਈ ਸਬੰਧ ਨਹੀ ਹੈ ਅਤੇ ਇਹ ਵੀਡੀਓ ਤੁਰਕੀ ਦੇ ਸੈਂਟਰਲ ਐਂਂਟੋਨੀਅਨ ਸੂਬੇ ਦੇ ਕੋਨੀਆ ਨਾਮਕ ਕਸਬੇ ਵਿੱਚ ਫਿਲਮਾਏ ਜਾਣ ਦੀ ਪੁਸ਼ਟੀ ਹੋਈ ਹੈ। ਦੁੱਧ ਦੇ ਟੈਂਕ ਵਿੱਚ ਜੋ ਆਦਮੀ ਨਹਾਉਂਦਾ ਦਿਖਾਈ ਦੇ ਰਿਹਾ ਹੈ ਉਸਦਾ ਨਾਮ ਐਮਰੇ ਸਯਾਰ ਹੈ।

ਉਕਤ ਵੀਡੀਓ ਟੀਕ-ਟਾਕ ਰਾਹੀਂ ਤੁਰਕੀ ਦੇ ਵਸਨੀਕ ਉੱਗਰ ਉਰਗਤ ਦੁਆਰਾ ਅਪਲੋਡ ਕੀਤੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਵੀਡੀਓ ਨੂੰ ਅਪਲੋਡ ਕਰਨ ਤੋਂ ਬਾਅਦ ਦੋਵਾਂ ਨੂੰ ਤੁਰਕੀ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਸੀ।

ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਂਮਾਰੀ ਦੇ ਸਭ ਤੋਂ ਔਖੇ ਸਮੇਂ ਦੌਰਾਨ ਵੇਰਕਾ ਨੇ ਡੇਅਰੀ ਦੇ ਕੁਆਲਟੀ ਮਾਪਦੰਡਾਂ ਅਨੁਸਾਰ ਦੁੱਧ ਦੀ ਸੰਭਾਲ ਕੀਤੀ ਹੈ ਅਤੇ ਆਪਣੇ ਖ਼ਪਤਕਾਰਾਂ ਨੂੰ ਗੁਣਵੱਤਾ ਭਰਪੂਰ ਅਤੇ ਸੁਰੱਖਿਅਤ ਦੁੱਧ ਅਤੇ ਦੁੱਧ ਦੇ ਪਦਾਰਥਾਂ ਨੂੰ ਮੁਹੱਈਆ ਕਰਵਾਉਣ ਵਿੱਚ ਅਹਿਮ ਯੋਗਦਾਨ ਨਿਭਾਇਆ ਹੈ।

ਵਾਇਰਲ ਵੀਡੀਓ ਦੀ ਤਸਦੀਕ ਸਪਸ਼ੱਟ ਤੌਰ ‘ਤੇ ਦਰਸਾਉਂਦੀ ਹੈ ਕਿ ਉਕਤ ਕਾਰਵਾਈ ਵੇਰਕਾ ਬ੍ਰਾਂਡ ਦੀ ਨਿੱਤ ਵੱਧ ਰਹੀ ਪ੍ਰਸਿੱਧੀ ਨੂੰ ਖਰਾਬ ਕਰਨ ਦੇ ਇਰਾਦੇ ਨਾਲ ਕੀਤੀ ਗਈ ਹੈ। ਮੈਨੇਜਿੰਗ ਡਾਇਰੈਕਟਰ ਮਿਲਕਫੈਡ, ਪੰਜਾਬ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਇਸ ਦੇ ਵਿਰੁੱਧ ਸੂਚਨਾ ਤਕਨਾਲੋਜੀ ਐਕਟ, 2000 ਦੇ ਤਹਿਤ ਸਾਈਬਰ ਸੈਂਲ ਵਿੱਚ ਸ਼ਿਕਾਇਤ ਦਰਜ਼ ਕਰਵਾਈ ਹੈ ਤਾਂ ਜੋ ਸਮਾਜ ਦੇ ਬੇਈਮਾਨ ਅਤੇ ਗੈਰ-ਜਿੰਮੇਦਾਰ ਅਨਸਰਾਂ ਵਿਰੁੱਧ ਲੋਂੜੀਦੀ ਬਣਦੀ ਕਾਨੂੰਨੀ ਕਰਵਾਈ ਕੀਤੀ ਜਾ ਸਕੇ।

ਵੇਰਕਾ ਇੱਕ ਵਾਰ ਫੇਰ ਆਪਣੇ ਖਪਤਕਾਰਾਂ ਨੂੰ ਭਰੋਸਾ ਦਿਵਾਉਂਦਾ ਹੈ ਕਿ ਮਿਲਕਫੈਡ ਪੰਜਾਬ ਰਾਜ ਦਾ ਇੱਕ ਸਹਿਕਾਰੀ ਅਦਾਰਾ ਹੈ ਜੋ ਕਿ ਪਿਛਲੇ 50 ਸਾਲਾਂ ਤੋਂ ਆਪਣੇ ਦੁੱਧ ਉਤਪਾਦਕਾਂ ਦੀ ਸੇਵਾ ਕਰ ਰਿਹਾ ਹੈ ਅਤੇ ਵੇਰਕਾ ਬ੍ਰਾਂਡ ਨਾਮ ਦੇ ਤਹਿਤ ਉੱਚ ਗੁਣਵੱਤਾ ਵਾਲੇ ਦੁੱਧ ਅਤੇ ਦੁੱਧ ਉਤਪਾਦਾਂ ਦੀ ਮਾਰਕੀਟਿੰਗ ਅਤੇ ਵਿਕਰੀ ਨਾ ਸਿਰਫ ਭਾਰਤੀ ਬਲਕਿ ਅੰਤਰਾਸ਼ਟਰੀ ਬਾਜਾਰਾਂ ਵਿੱਚ ਵੀ ਕਰ ਰਿਹਾ ਹੈ।

ਮਿਲਕਫੈਡ ਨੂੰ ਇਹ ਸਾਂਝਾ ਕਰਨ ਵਿੱਚ ਮਾਣ ਮਹਿਸੂਸ ਹੁੰਦਾ ਹੈ ਕਿ ਇਸ ਦੀ ਗੁਣਵੱਤਾ ਅਤੇ ਭਰੋਸੇਮੰਦ ਅਤੇ ਸੁਰੱਖਿਅਤ ਉਤਪਾਦਾਂ ਦੀ ਡਿਲੀਵਰੀ ਦੇ ਕਾਰਨ ਇਸ ਦੇ ਉਤਪਾਦਾਂ ਨੂੰ ਹਰ ਮੋਰਚੇ ‘ਤੇ ਸਰਪਰੱਸਤੀ ਪ੍ਰਾਪਤ ਹੋਣ ਕਰਕੇ ਆਪਣੇ ਗ੍ਰਾਹਕਾਂ ਤੋਂ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ।

ਇਸ ਸਰਪ੍ਰਸਤੀ ਨੇ ਨਾ ਸਿਰਫ ਵੇਰਕਾ ਦੇ ਬ੍ਰਾਂਡ ਦੀ ਦਿੱਖ ਨੂੰ ਮਜ਼ਬੂਤ ਕਰਨ ਵਿੱਚ ਸਹਾਈ ਹੋਈ ਹੈ ਸਗੋਂ ਇਸ ਨਾਲ ਵਿਕਰੀ ਵਿੱਚ ਵੀ ਕਈ ਗੁਣਾਂ ਵਾਧਾ ਹੋਇਆ ਹੈ ਜਿਵੇਂ ਕਿ ਵਿੱਤੀ ਸਾਲ 2021-22 ਦੌਰਾਨ ਮਿਲਕਫੈਡ ਨੇ ਵਿੱਤੀ ਸਾਲ 2020-21 ਦੀ ਵਿਕਰੀ ਪ੍ਰਾਪਤੀ ਦੇ ਮੁਕਾਬਲੇ ਵਿੱਚ ਪੈਕਡ ਵਾਲੇ ਦੁੱਧ ਵਿੱਚ 10 ਫੀਸਦ, ਦਹੀਂ ਵਿੱਚ 38 ਫੀਸਦ, ਲੱਸੀ ਵਿੱਚ 24 ਫੀਸਦ ਅਤੇ ਖੀਰ ਵਿੱਚ 30 ਫੀਸਦ ਸਾਲਾਨਾ ਵਾਧਾ ਦਰਜ਼ ਕੀਤਾ ਹੈ।

ਮਿਲਕਫੈਡ ਵੱਲੋਂ ਐਮਬੀਅਟ ਤਾਪਮਾਨ ਵਿੱਚ ਰੱਖੇ ਜਾਣ ਵਾਲੇ ਦੁੱਧ ਪਦਾਰਥਾਂ ਦੀ ਵਿਕਰੀ ਅਤੇ ਆਈਸਕ੍ਰੀਮ ਦੀ ਵਿਕਰੀ ਵਿੱਚ ਚੌਖਾ ਵਾਧਾ ਦਰਜ਼ ਕੀਤਾ ਹੈ। ਮਿਲਕਫੈਡ ਨੇ ਡੇਅਰੀ ਵਾਈਟਨਰ ਵਿੱਚ 82 ਫੀਸਦ, ਆਈਸਕ੍ਰੀਮ ਵਿੱਚ 51 ਫੀਸਦ, ਯੂ.ਐਚ.ਟੀ. ਦੁੱਧ ਵਿੱਚ 31 ਫੀਸਦ, ਘਿਓ ਵਿੱਚ 14 ਫੀਸਦ, ਮਿੱਠੇ ਦੁੱਧ ਅਤੇ ਲੱਸੀ ਵਿੱਚ ਵੀ 39 ਫੀਸਦ ਦਾ ਵਿਕਰੀ ਵਾਧਾ ਰਿਕਾਰਡ ਕੀਤਾ ਹੈ।

ਇਸ ਲਈ ਅਪੀਲ ਕੀਤੀ ਜਾਂਦੀ ਹੈ ਕਿ ਜਿਸ ਵੀ ਸੋਸ਼ਲ ਮੀਡੀਆ ਗਰੁੱਪ ਵਿੱਚ ਇਹ ਵੀਡੀਓ ਚਲਾਈ ਜਾ ਰਹੀ ਹੋਵੇ ਇਸ ਸਬੰਧੀ ਇਸ ਪੋਸਟ ਨੂੰ ਡੀਲੀਟ ਕਰਵਾਇਆ ਜਾਵੇ ਕਿਉਂਕਿ ਇਹ ਕਿਸੇ ਵੀ ਤਰ੍ਹਾਂ ਨਾਲ ਵੇਰਕਾ ਨਾਲ ਸਬੰਧਤ ਨਹੀਂ ਹੈ ਅਤੇ ਕੇਵਲ ਸਾੜੇ ਦੀ ਭਾਵਨਾ ਨਾਲ ਖ਼ਪਤਕਾਰਾਂ ਨੂੰ ਗੁੰਮਰਾਹ ਕਰਕੇ ਵੇਰਕਾ ਦੀ ਵੱਧ ਰਹੀ ਲੋਕਪ੍ਰਿਯਤਾ ਨੂੰ ਠੇਸ ਲਾਉਣ ਲਈ ਪਾਈ ਗਈ ਹੈ ਜਿਸ ਨਾਲ ਅਨੇਕਾਂ ਦੁੱਧ ਉਤਪਾਦਕਾਂ ਦਾ ਨੁਕਸਾਨ ਹੋਵੇਗਾ ਅਤੇ ਜੋ ਵੀ ਗੈਰ-ਜਿੰਮੇਵਾਰ ਢੰਗ ਨਾਲ ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਵਾਇਰਲ ਕਰੇਗਾ ਉਸ ਵਿਰੁੱਧ ਵੇਰਕਾ ਦੁਆਰਾ ਸੂਚਨਾ ਤਕਨਾਲੋਜੀ ਐਕਟ 2000 ਅਧੀਨ ਕਾਰਵਾਈ ਕੀਤੀ ਜਾਵੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ