‘ਸੈਕਰਡ ਗੇਮਜ਼’ ’ਚ ਸਿੱਖ ਬਣੇ ਸੈਫ਼ ਅਲੀ ਖ਼ਾਨ ਦੇ ਇਕ ਦ੍ਰਿਸ਼ ’ਤੇ ਸ਼੍ਰੋਮਣੀ ਕਮੇਟੀ ਨੂੰ ਇਤਰਾਜ਼, ਸੀਨ ਹਟਾਉਣ ਦੀ ਮੰਗ

ਅੰਮ੍ਰਿਤਸਰ, 20 ਅਗਸਤ, 2019:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੈਕਰੈਡ ਗੇਮਜ਼ ਸੀਜ਼ਨ 2 ਦੇ ਇਕ ਦ੍ਰਿਸ਼ ਵਿਚ ਅਦਾਕਾਰ ਵੱਲੋਂ ਸਿੱਖ ਕਕਾਰ ਕੜੇ ਦੀ ਕੀਤੀ ਗਈ ਤੌਹੀਨ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਗਿਆ ਹੈ। ਨੈਟਫਲਿਕਸ ’ਤੇ ਉਕਤ ਵੈਬ ਸੀਰੀਜ਼ ਦੇ ਇਸ ਦ੍ਰਿਸ਼ ਵਿਚ ਅਦਾਕਾਰ ਸੈਫ ਅਲੀ ਖਾਨ ਸਮੁੰਦਰ ਵਿਚ ਆਪਣਾ ਕੜਾ ਉਤਾਰ ਕੇ ਸੁੱਟਦੇ ਨਜ਼ਰ ਆ ਰਹੇ ਹਨ।

ਉਹ ਇਕ ਸਿੱਖ ਪਾਤਰ ਦੇ ਰੂਪ ਵਿਚ ਸਾਹਮਣੇ ਹਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਇਸ ’ਤੇ ਇਤਰਾਜ਼ ਜਤਾਉਂਦਿਆਂ ਆਖਿਆ ਹੈ ਕਿ ਸਿੱਖ ਧਰਮ ਅੰਦਰ ਕਕਾਰਾਂ ਦੀ ਵੱਡੀ ਮਹੱਤਤਾ ਹੈ ਅਤੇ ਕਿਸੇ ਨੂੰ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ।

ਉਨ੍ਹਾਂ ਆਖਿਆ ਕਿ ਕਿਸੇ ਵੀ ਫਿਲਮ, ਨਾਟਕ ਜਾਂ ਵੈਬ ਸੀਰੀਜ਼ ਆਦਿ ਦੇ ਅਦਾਕਾਰ, ਪੇਸ਼ਕਾਰ, ਲੇਖਕ ਅਤੇ ਨਿਰਦੇਸ਼ਕ ਨੂੰ ਕਿਸੇ ਵੀ ਧਰਮ ਦੀਆਂ ਧਾਰਮਿਕ ਭਾਵਨਾਵਾਂ ਦੀ ਤੌਹੀਨ ਨਹੀਂ ਕਰਨੀ ਚਾਹੀਦੀ। ਉਨ੍ਹਾਂ ਆਖਿਆ ਕਿ ਜੇਕਰ ਕਿਸੇ ਪਾਤਰ ਨੂੰ ਇੱਕ ਸਿੱਖ ਵਜੋਂ ਦਿਖਾਇਆ ਜਾਂਦਾ ਹੈ ਤਾਂ ਸਿੱਖ ਸਿਧਾਂਤਾਂ, ਸਿੱਖ ਇਤਿਹਾਸ ਅਤੇ ਸਿੱਖ ਸਰੋਕਾਰਾਂ ਦੇ ਮੱਦੇਨਜ਼ਰ ਹੀ ਉਸ ਨੂੰ ਨਿਭਾਉਣਾ ਚਾਹੀਦਾ ਹੈ।

ਮੁੱਖ ਸਕੱਤਰ ਨੇ ਕਿਹਾ ਕਿ ਇਸ ਵਿਵਾਦਤ ਦ੍ਰਿਸ਼ ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ। ਜੇਕਰ ਨਾ ਹਟਾਇਆ ਗਿਆ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Share News / Article

Yes Punjab - TOP STORIES