ਸੁੱਤੇ ਪਰਿਵਾਰ ’ਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ, ਔਰਤ ਸਣੇ 2 ਦੀ ਮੌਤ

ਯੈੱਸ ਪੰਜਾਬ
ਜਲੰਧਰ, 6 ਸਤੰਬਰ, 2019:
ਸ਼ੁੱਕਰਵਾਰ ਰਾਤ ਜਲੰਧਰ ਦੇ ਇਕ ਪਿੰਡ ਵਿਚ ਇਕ ਸੁੱਤੇ ਹੋਏ ਪਰਿਵਾਰ ’ਤੇ ਤੇਜ਼ ਧਾਰ ਹਥਿਆਰਾਂ ਨਾਲ ਅਣਪਛਾਤੇ ਹਮਲਾਵਰਾਂ ਵੱਲੋਂ ਕੀਤੇ ਗਏ ਹਮਲੇ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕੁਝ ਹੋਰ ਜ਼ਖਮੀ ਹੋ ਗਏ।

ਮ੍ਰਿਤਕਾਂ ਦੀ ਪਛਾਣ ਸਾਲਿਗ ਰਾਮ ਅਤੇ ਰੇਸ਼ਮਾ ਵਜੋਂ ਹੋਈ ਹੈ।

ਘਟਨਾ ਜਲੰਧਰ-ਪਠਾਨਕੋਟ ਹਾਈਵੇਅ ਦੀ ਹੈ ਜਿੱਥੇ ਸਰਮਸਤਪੁਰ ਪਿੰਡ ਕੋਲ ਦੇਸੀ ਦਵਾਈਆਂ ਵੇਚਣ ਵਾਲੇ ਟੱਪਰੀਵਾਸਾਂ ਦੇ ਡੇਰੇ ’ਤੇ ਕੁਝ ਅਣਪਛਾਤਿਆਂ ਨੇ ਰਾਤ ਲਗਪਗ 2.30 ਵਜੇ ਹਮਲਾ ਕਰ ਦਿੱਤਾ ਅਤੇ ਸੁੱਤੇ ਹੋਏ ਪਰਿਵਾਰਕ ਮੈਂਬਰਾਂ ਦੀ ਤੇਜ਼ ਧਾਰ ਹਥਿਆਰਾਂ ਨਾਲ ਵੱਢ ਟੁੱਕ ਕਰਕੇ ਫ਼ਰਾਰ ਹੋ ਗਏ।

ਮੌਕੇ ਦੇ ਗਵਾਹਾਂ ਅਨੁਸਾਰ ਸਰਮਸਤਪੁਰ ਲਾਗੇ ਝੁੱਗੀਆਂ ਬਣਾ ਕੇ ਰਹਿ ਰਹੇ ਇਸ ਪਰਿਵਾਰ ਵੱਲੋਂ ਰਾਤ 2.30 ਵਜੇ ਦੇ ਕਰੀਬ ਪਾਏ ਚੀਕ ਚਿਹਾੜੇ ਨੂੰ ਸੁਣ ਪਿੰਡ ਦੇ ਕੁਝ ਲੋਕ ਮੋਕੇ ’ਤੇ ਪੁੱਜੇ ਪਰ ਤਦ ਤਕ ਹਮਲਾਵਰ ਫ਼ਰਾਰ ਹੋ ਚੁੱਕੇ ਸਨ। ਇਸ ’ਤੇ ਪਿੰਡ ਵਾਲਿਆਂ ਨੇ ਪੁਲਿਸ ਨੂੰ ਸੂਚਿਤ ਕੀਤਾ।

ਜ਼ਖ਼ਮੀਆਂ ਨੂੰ ਕਾਲਾ ਬੱਕਰਾ ਦੇ ਸਰਕਾਰੀ ਹਸਪਤਾਲ ਅਤੇ ਸਿਵਲ ਹਸਪਤਾਲ ਜਲੰਧਰ ਵਿਚ ਇਲਾਜ ਲਈ ਦਾਖ਼ਲ ਕਰਾਇਆ ਗਿਆ ਹੈ।

ਜਲੰਧਰ ਦਿਹਾਤੀ ਦੇ ਸੀਨੀਅਰ ਪੁਲਿਸ ਅਧਿਕਾਰੀ ਫ਼ੋਰਸ ਸਣੇ ਮੌਕੇ ’ਤੇ ਪੁੱਜੇ ਅਤੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਨੇ 2 ਲਾਸ਼ਾਂ ਕਬਜ਼ੇ ਵਿਚ ਲੈ ਕੇੇ ਪੋਸਟਮਾਰਟਮ ਲਈ ਭੇਜੀਆਂ ਹਨ।

ਪੁਲਿਸ ਇਲਾਕੇ ਦੀ ਸੀ.ਸੀ.ਟੀ.ਵੀ.ਫੁੱਟੇਜ ਬਾਰੇ ਵੀ ਪਤਾ ਕਰ ਰਹੀ ਹੈ ਤਾਂ ਜੋ ਹਮਲਾਵਰਾਂ ਬਾਰੇ ਕੋਈ ਸੁਰਾਗ ਹਾਸਿਲ ਹੋ ਸਕੇ।

ਉਂਜ ਪਰਿਵਾਰ ਤੋਂ ਪੁੱਛ ਗਿੱਛ ਬਾਅਦ ਇਹ ਸਾਹਮਣੇ ਆਉਣ ਦੀ ਸੰਭਾਵਨਾ ਹੈ ਕਿ ਹਮਲਾ ਲੁੱਟ ਦੀ ਨੀਅਤ ਨਾਲ ਕੀਤਾ ਗਿਆ ਜਾਂ ਫ਼ਿਰ ਇਸ ਪਿੱਛੇ ਕਿਸੇ ਜਾਣ ਪਛਾਣ ਵਾਲੇ ਨਾਲ ਰੰਜਿਸ਼ ਦਾ ਮਾਮਲਾ ਹੈ।

Share News / Article

YP Headlines