ਯੈੱਸ ਪੰਜਾਬ
ਅੰਮ੍ਰਿਤਸਰ, 24 ਅਗਸਤ, 2020:
ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅੱਜ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਪੰਥ ਵਿੱਚੋਂ ਛੇਕੇ ਗਏ ਸਾਬਕਾ ਅਕਾਲੀ ਆਗੂ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਬਾਰੇ ਸਪਸ਼ਟ ਕੀਤਾ ਗਿਆ ਹੈ ਕਿ ਉਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਮੁਆਫ਼ੀ ਨਹੀਂ ਹੈ ਅਤੇ ਸੰਗਤਾਂਉਸ ਨਾਲ ਮਿਲਵਰਤਣ ਨਾ ਰੱਖਣ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਸ ਸੰਬੰਧੀ ਜਾਰੀ ਬਿਆਨ ਕੇਵਲ ਇੰਨਾ ਹੀ ਹੈ ਕਿ ‘ਸੁੱਚਾ ਸਿੰਘ ਲੰਗਾਹ ਨੂੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਮੁਆਫ਼ੀ ਨਹੀਂ ਹੈ। ਇਯ ਲਈ ਸੰਗਤਾਂ ਇਸ ਨਾਲ ਮਿਲਵਰਤਣ ਨਾ ਰੱਖਣ।’
ਜ਼ਿਕਰਯੋਗ ਹੈ ਕਿ ਇਕ ਅਸ਼ਲੀਲ ਵੀਡੀਓ ਸਾਹਮਣ ਆਉਣ ’ਤੇ ਪੰਥ ਵਿੱਚੋਂ ਛੇਕੇ ਗਏ ਸੁੱਚਾ ਸਿੰਘ ਲੰਗਾਹ ਨੇ ਬੀਤੇ ਦਿਨੀਂ ਆਪਣੇ ਕੁਝ ‘ਆਕਾਵਾਂ’ ਦੀ ਮਦਦ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ‘ਬਾਈਪਾਸ’ ਕਰਦਿਆਂ ਗੁਰਦਾਸਪੁਰ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਤ ਗੁਰਦੁਆਰੇ ਵਿੱਚ ਹੀ ਪੰਜ ਸਿੰਘਾਂ ਅੱਗੇ ਪੇਸ਼ ਹੋ ਕੇ ਆਪਣੀ ਭੁੱਲ ਬਖ਼ਸ਼ਾ ਲਈ ਸੀ ਅਤੇ ਉੱਥੇ ਹੀ ਉਨ੍ਹਾਂ ਨੂੰ ਅੰਮ੍ਰਿਤ ਵੀ ਦੁਬਾਰਾ ਛਕਾ ਦਿੱਤਾ ਗਿਆ ਸੀ।
ਇਸ ਮੌਕੇ ਉਨ੍ਹਾਂ ਨੂੰ ਧਾਰਮਿਕ ਤਨਖ਼ਾਹ ਵੀ ਲਗਾਈ ਗਈ ਸੀ ਅਤੇ ਬੀਤੇ ਕਲ੍ਹ ਹੀ ਅਜੇ ਲੰਗਾਹ ਨੇ ਇਹ ਤਨਖ਼ਾਹ ਮੁਕੰਮਲ ਕਰਨ ਉਪਰੰਤ ਦੁਬਾਰਾ ਉਸੇ ਗੁਰਦੁਆਰੇ ਵਿੱਚ ਅਰਦਾਸ ਕਰਵਾ ਕੇ ਆਪਣੇ ਵੱਲੋਂ ਕਾਰਵਾਈ ਪੂਰੀ ਕਰ ਲਈ ਸੀ ਪਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਇਸ ਆਦੇਸ਼ ਨੇ ਨਾ ਕੇਵਲ ਲੰਗਾਹ ਦੇ ਭਵਿੱਖ ’ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ ਸਗੋਂ ਉਕਤ ਗੁਰਦੁਆਰੇ ਵਿੱਚ ਹੋਈ ਕਾਰਵਾਈ ਨੂੰ ਵੀ ਇਕ ਤਰ੍ਹਾਂ ਨਾਲ ‘ਰੱਦ’ ਕਰ ਦਿੱਤਾ ਹੈ।
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ