25.6 C
Delhi
Saturday, April 20, 2024
spot_img
spot_img

ਸੁਖ਼ਬੀਰ ਬਾਦਲ ਸੌੜੇ ਸਿਆਸੀ ਹਿਤਾਂ ਦੀ ਪੂਰਤੀ ਲਈ ਸਿੱਖ ਸੰਗਤਾਂ ਨੂੰ ਗੁਮਰਾਹ ਕਰਨ ਤੋਂ ਗੁਰੇਜ਼ ਕਰੇ: ਤ੍ਰਿਪਤ ਬਾਜਵਾ

ਚੰਡੀਗੜ੍ਹ, 6 ਅਕਤੂਬਰ, 2019:

ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਕਿਹਾ ਕਿ ਸੁਖਬੀਰ ਬਾਦਲ ਦੇ ਇਸ ਬਿਆਨ ਵਿਚ ਭੋਰਾ ਵੀ ਸਚਾਈ ਨਹੀਂ ਹੈ ਕਿ ਜਨਵਰੀ 2017 ਵਿਚ ਪਟਨਾ ਸਾਹਿਬ ਵਿਖੇ ਮਨਾਏ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ ਦਾ ਮੁੱਖ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਨਾਇਆ ਗਿਆ ਸੀ।

ਉਹਨਾਂ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਹੈ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਆਪਣੇ ਪਰਿਵਾਰ ਦੀ ਚੌਧਰ ਕਾਇਮ ਕਰਨ ਦੀ ਲਾਲਸਾ ਵਿਚ ਸਿੱਖ ਸੰਗਤ ਨੂੰ ਗੁੰਮਰਾਹ ਕਰਨ ਤੋਂ ਗੁਰੇਜ਼ ਕਰਨ।

ਸ੍ਰੀ ਬਾਜਵਾ ਨੇ ਅੱਜ ਇਥੇ ਇੱਕ ਲਿਖਤੀ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਪਟਨਾ ਸਾਹਿਬ ਵਿਖੇ ਮਨਾਏ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਇਆ ਗਿਆ ਮੁੱਖ ਸਮਾਗਮ ਉਥੋਂ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਿਚ ਬਿਹਾਰ ਸਰਕਾਰ ਵਲੋਂ ਮਨਾਇਆ ਗਿਆ ਸੀ।

ਉਹਨਾਂ ਕਿਹਾ ਕਿ ਇਸ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬਿਹਾਰ ਦੇ ਰਾਜਪਾਲ ਸ੍ਰੀ ਰਾਮਨਾਥ ਕੋਬਿੰਦ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਗਤ ਨੂੰ ਸੰਬੋਧਨ ਕੀਤਾ ਸੀ ਅਤੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਮਹਿਜ ਸੰਗਤਾਂ ਦਾ ਧੰਨਵਾਦ ਕੀਤਾ ਸੀ। ਉਹਨਾਂ ਕਿਹਾ ਕਿ ਇਸ ਮੁੱਖ ਸਮਾਗਮ ਦਾ ਸੰਚਾਲਨ ਬਿਹਾਰ ਸਰਕਾਰ ਵਲੋਂ ਪੰਜਾਬੀ ਯੂਨੀਵਰਸਿਟੀ ਦੇ ਉਸ ਸਮੇਂ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੂੰ ਸੌਂਪਿਆ ਗਿਆ ਸੀ।

ਪੰਚਾਇਤ ਮੰਤਰੀ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਇਸ ਸਬੰਧੀ ਸਭ ਕੁਝ ਚੰਗੀ ਤਰਾਂ ਮਾਲੂਮ ਹੈ ਕਿਉਂਕਿ ਉਹ ਉਸ ਸਮੇਂ ਸਟੇਜ ਦੇ ਸਾਹਮਣੇ ਆਪਣੀ ਪਤਨੀ ਅਤੇ ਉਸ ਸਮੇਂ ਵੀ ਕੇਂਦਰੀ ਮੰੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਸੰਗਤ ਵਿਚ ਬੈਠੇ ਸਨ।

ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਸ ਧਾਰਮਿਕ ਅਤੇ ਬਹੁਤ ਹੀ ਨਾਜ਼ੁਕ ਮਾਮਲੇ ਬਾਰੇ ਇਸ ਕਰ ਕੇ ਝੂਠ ਬੋਲ ਰਹੇ ਹਨ ਤਾਂ ਕਿ ਅਗਲੇ ਮਹੀਨੇ ਮਨਾਏ ਜਾ ਰਹੇ ਬਾਬ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਹੋਣ ਵਾਲੇ ਇਤਿਹਾਸਕ ਸਮਾਗਮ ਵਿਚ ਸ਼੍ਰੋਮਣੀ ਕਮੇਟੀ ਰਾਹੀਂ ਆਪਣੇ ਪਰਿਵਾਰ ਦੀ ਚੌਧਰ ਕਾਇਮ ਕਰ ਸਕਣ।

ਸ੍ਰੀ ਬਾਜਵਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਇਹ ਚੇਤੇ ਹੋਣਾ ਚਾਹੀਦਾ ਹੈ ਕਿ 1999 ਵਿਚ ਮਨਾਈ ਗਈ ਖਾਲਸਾ ਪੰਥ ਦੀ ਤੀਜੀ ਸ਼ਤਾਬਦੀ ਵੀ ਪੰਜਾਬ ਸਰਕਾਰ ਨੇ ਹੀ ਮਨਾਈ ਸੀ ਅਤੇ 2007 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 300ਵਾਂ ਗੁਰਗੱਦੀ ਦਿਵਸ ਨਾਦੇੜ ਸਾਹਿਬ ਵਿਖੇ ਮਹਾਰਾਸ਼ਟਰ ਸਰਕਾਰ ਵਲੋਂ ਮਨਾਇਆ ਗਿਆ ਸੀ।

ਪੰਚਾਇਤ ਮੰਤਰੀ ਨੇ ਕਿਹਾ ਕਿ 1999 ਵਿਚ ਤੀਜੀ ਖਾਲਸਾ ਜਨਮ ਸ਼ਤਾਬਦੀ ਦੇ ਸਮਾਗਮਾਂ ਵਿਚ ਆਪਣੀ ਚੌਧਰ ਸਥਾਪਤ ਕਰਨ ਲਈ ਹੀ ਬਾਦਲ ਪਰਿਵਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰ ਕੇ ਪਹਿਲਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਅਹੁਦੇ ਤੋਂ ਲਾਹਿਆ ਅਤੇ ਫਿਰ ਭਾਈ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਤੋਂ ਲਾਂਭੇ ਕੀਤਾ।

ਉਹਨਾਂ ਸੁਖਬੀਰ ਬਾਦਲ ਨੂੰ ਯਾਦ ਕਰਵਾਇਆ ਕਿ ਸਿੱਖ ਪੰਥ ਦੇ ਸਿਧਾਂਤਾਂ, ਪ੍ਰੰਪਰਾਵਾਂ ਅਤੇ ਰਿਵਾਇਤਾਂ ਦੀ ਘੋਰ ਉਲੰਘਣਾ ਕਰਨ ਕਾਰਨ ਹੀ ਉਹਨਾਂ ਨੂੰ ਇਸ ਸਮਾਗਮ ਤੋਂ ਕੁਝ ਮਹੀਨੇ ਬਾਅਦ ਹੋਈ ਲੋਕ ਸਭਾ ਚੋਣ ਵਿਚ ਸ਼ਰਮਨਾਕ ਹਾਰ ਦਾ ਮੂੰਹ ਵੇਖਣਾ ਪਿਆ ਸੀ। ਇਸ ਚੋਣ ਵਿਚ ਸੁਖਬੀਰ ਸਿੰਘ ਬਾਦਲ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਨੂੰ ਛੱਡ ਕੇ ਸਾਰੇ ਉਮੀਦਵਾਰ ਹਾਰ ਗਏ ਸਨ।

ਸ਼੍ਰੀ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਦਾ ਇਹ ਇਤਿਹਾਸਕ ਪੁਰਬ ਸਾਂਝੇ ਤੌਰ ਉੱਤੇ ਮਨਾਉਣ ਵਿਚ ਸਭ ਤੋਂ ਵੱਡਾ ਅੜਿੱਕਾ ਬਾਦਲ ਪਰਿਵਾਰ ਹੀ ਹੈ ਜਿਹੜਾ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਬੜੀ ਬੇਕਿਰਕੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮਾਲੀ ਅਤੇ ਮਨੁੱਖੀ ਸਾਧਨ ਵਰਤ ਰਿਹਾ ਹੈ।

ਪੰਚਾਇਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਭਾਵਨਾ ਅਨੁਸਾਰ ਇਹ ਇਹ ਇਤਿਹਾਸਕ ਗੁਰਪੁਰਬ ਸ਼੍ਰੋਮਣੀ ਕਮੇਟੀ ਨਾਲ ਰਲ ਕੇ ਮਨਾਉਣਾ ਚਾਹੁੰਦੀ ਹੈ, ਪਰ ਇਹ ਤਾਂ ਹੀ ਸੰਭਵ ਹੋਵੇਗਾ ਜੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਅਤੇ ਹੋਰ ਅਹੁਦੇਦਾਰ ਖਾਲਸਾ ਪੰਥ ਦੀ ਇਸ ਮਹਾਨ ਸੰਸਥਾ ਨੂੰ ਬਾਦਲ ਪਰਿਵਾਰ ਦੇ ਚੁੰਗਲ ਵਿਚੋਂ ਕੱਢ ਕੇ ਸਿੱਖ ਜਗਤ ਦੀਆਂ ਭਾਵਨਾਵਾਂ ਅਨੁਸਾਰ ਚਲਾਉਣ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION