ਸੁਖ਼ਬੀਰ ਬਾਦਲ ਵੱਲੋਂ ਸੁਲਤਾਨਪੁਰ ਲੋਧੀ ਦੇ ‘ਸਫ਼ੈਦੀਕਰਨ’ ਦੀ ਸੇਵਾ ਸ਼ੁਰੂ ਕੀਤੀ – ਬਾਦਲ, ਹਰਸਿਮਰਤ, ਮਜੀਠੀਆ ਵੀ ਪੁੱਜੇ

ਸੁਲਤਾਨਪੁਰ ਲੋਧੀ, 05 ਸਤੰਬਰ, 2019:

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਦੇ ਮੌਕੇ ਉੱਤੇ ਅੱਜ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਮਿਲ ਕੇ ਪਾਰਟੀ ਵੱਲੋਂ ਇਸ ਪਵਿੱਤਰ ਸ਼ਹਿਰ ਨੂੰ ਸਫੈਦ ਰੰਗ ਕਰਨ ਦੀ ਸੇਵਾ ਸ਼ੁਰੂ ਕੀਤੀ।

ਇਸ ਮੌਕੇ ਅਕਾਲੀ ਦਲ ਪ੍ਰਧਾਨ ਨੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਐਸਜੀਪੀਸੀ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਸਮੇਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਇੱਕ ਕੰਧ ਉੱਤੇ ਸਫੈਦ ਰੋਗਨ ਕੀਤਾ।

ਇਸ ਤੋਂ ਪਹਿਲਾਂ ਪਾਰਟੀ ਸਰਪ੍ਰਸਤ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਕਰਵਾਏ ਸ੍ਰੀ ਆਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਇਸ ਮੌਕੇ ਸਮੁੱਚੇ ਸੰਤ ਸਮਾਜ ਅਤੇ ਸਿੱਖ ਸੰਗਤ ਨੇ ਸਰਬਸੰਮਤੀ ਨਾਲ ਇਸ ਪਵਿੱਤਰ ਸ਼ਹਿਰ ਦੇ ਸਫੈਦੀਕਰਨ ਦੀ ਸੇਵਾ ਦੀ ਜਿ਼ੰਮੇਵਾਰੀ ਸ਼੍ਰੋਮਣੀ ਅਕਾਲੀ ਦਲ ਨੂੰ ਸੌਂਪੀ।

ਸਫੈਦੀਕਰਨ ਮਿਸ਼ਨ ਸ਼ੁਰੂ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਸਮਰੱਥਾ ਮੁਤਾਬਿਕ ਵਿੱਤੀ ਅਤੇ ਸਰੀਰਕ ਯੋਗਦਾਨ ਰਾਹੀਂ ਇਸ ਰੰਗ ਰੋਗਨ ਦੀ ਸੇਵਾ ਵਿਚ ਭਾਗ ਲੈਣ। ਸਰਦਾਰ ਬਾਦਲ ਨੇ ਦੱਸਿਆ ਕਿ ਡੇਢ ਮਹੀਨੇ ਦੇ ਅੰਦਰ ਸਾਰੇ ਸ਼ਹਿਰ ਨੂੰ ਸਫੈਦ ਰੰਗ ਕਰਕੇ ਇਸ ਪਵਿੱਤਰ ਸ਼ਹਿਰ ਦਾ ਮੁਹਾਂਦਰਾ ਬਦਲ ਦਿੱਤਾ ਜਾਵੇਗਾ।

ਉਹਨਾਂ ਦੱਸਿਆ ਕਿ 3700 ਘਰਾਂ, ਧਾਰਮਿਕ ਸਥਾਨਾਂ, ਵਿੱਦਿਅਕ ਸੰਸਥਾਵਾਂ ਅਤੇ ਸਰਕਾਰੀ ਦਫ਼ਤਰਾਂ ਨੂੰ ਸਫੈਦ ਦਿੱਖ ਦੇਣ ਲਈ ਡੇਢ ਲੱਖ ਲੀਟਰ ਰੰਗ ਇਸਤੇਮਾਲ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਸ਼ਹਿਰ ਦੇ ਇੱਕ ਕਰੋੜ ਵਰਗ ਫੁੱਟ ਇਲਾਕੇ ਨੂੰ ਰੰਗ ਕੀਤਾ ਜਾਵੇਗਾ।

ਪਵਿੱਤਰ ਸ਼ਹਿਰ ਨੂੰ ਸਫੈਦ ਰੰਗ ਕਰਨ ਲਈ ਸਾਰੀ ਸਿੱਖ ਸੰਗਤ ਨੂੰ ਇੱਕਜੁਟ ਹੋਣ ਦੀ ਬੇਨਤੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਸ ‘ਸਫੈਦੀਕਰਨ ਸੇਵਾ’ ਵਿੱਚ ਭਾਗ ਲੈਣ ਲਈ ਅਕਾਲੀ ਵਰਕਰ ਜੱਥਿਆਂ ਦੇ ਰੂਪ ਵਿਚ ਆਉਣਗੇ। ਇਸ ਮਕਸਦ ਲਈ ਇੱਕ ਪੰਜ ਮੈਂਬਰੀ ਤਾਲਮੇਲ ਕਮੇਟੀ ਬਣਾਈ ਗਈ ਹੈ, ਜਿਸ ਵਿਚ ਬੀਬੀ ਉਪਿੰਦਰਜੀਤ ਕੌਰ, ਬੀਬੀ ਜਗੀਰ ਕੌਰ, ਜਥੇਦਾਰ ਤੋਤਾ ਸਿੰਘ, ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸ੍ਰੀ ਐਨਕੇ ਸ਼ਰਮਾ ਨੂੰ ਸ਼ਾਮਿਲ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨੁੱਖਤਾ ਦਾ ਸੁਨੇਹਾ ਦਿੱਤਾ ਸੀ। ਉਹਨਾਂ ਕਿਹਾ ਕਿ ਅੱਜ ਦੇ ਕਲੇਸ਼ ਭਰੇ ਸਮਿਆਂ ਅੰਦਰ ਗੁਰੂ ਸਾਹਿਬ ਦੇ ਸੁਨੇਹੇ ਨੂੰ ਪੂਰੀ ਦੁਨੀਆਂ ਤਕ ਪਹੰੁਚਾਉਣ ਦੀ ਲੋੜ ਹੈ।

ਉਹਨਾਂ ਸੰਤ ਸਮਾਜ ਨੂੰ ਅਪੀਲ ਕੀਤੀ ਕਿ ਧਾਰਮਿਕ ਵਿੱਦਿਆ ਰਾਹੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਨੌਜਵਾਨ ਪੀੜ੍ਹੀ ਤਕ ਪਹੰੁਚਾਇਆ ਜਾਵੇ ਅਤੇ ਕਿਹਾ ਕਿ ਇਸ ਵਾਸਤੇ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਨੂੰ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਦੱਸਦਿਆਂ ਸਾਬਕਾ ਮੰਤਰੀ ਬੀਬੀ ਉਪਿੰਦਰਜੀਤ ਕੌਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਖਾਲਸਾ ਸਿਰਜਣਾ ਦੇ ਤਿੰਨ ਸੌ ਸਾਲ ਪੂਰੇ ਹੋਣ ਤੇ 1999 ਵਿਚ ਸ੍ਰੀ ਆਨੰਦਪੁਰ ਸਾਹਿਬ ਨੂੰ ਸਫੈਦ ਰੰਗ ਕਰਨ ਦੀ ਸੇਵਾ ਨਿਭਾ ਚੁੱਕਿਆ ਹੈ। ਉਹਨਾਂ ਕਿਹਾ ਕਿ ਸਿੱਖ ਸੰਗਤ ਦੇ ਕਹਿਣ ਤੇ ਅਕਾਲੀ ਦਲ ਦੁਬਾਰਾ ਤੋਂ ਅਜਿਹੀ ਸੇਵਾ ਕਰਨ ਜਾ ਰਿਹਾ ਹੈ।

ਇਸ ਮੌਕੇ ਉੱਤੇ ਤਾਲਮੇਲ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਸੰਤ ਹਰਨਾਮ ਸਿੰਘ ਧੰੁਮਾਂ, ਬਲਵਿੰਦਰ ਸਿੰਘ ਭੂੰਦੜ, ਚਰਨਜੀਤ ਸਿੰਘ ਅਟਵਾਲ, ਜਨਮੇਜਾ ਸਿੰਘ ਸੇਖੋਂ, ਪਰਮਿੰਦਰ ਸਿੰਘ ਢੀੰਡਸਾ ਅਤੇ ਸੰਤ ਬਲਬੀਰ ਸਿੰਘ ਘੁੰਨਸ ਵੀ ਹਾਜਿ਼ਰ ਸਨ।

Share News / Article

YP Headlines