ਸੁਖ਼ਬੀਰ ਬਾਦਲ ਦੀ ਅਧਿਕਾਰੀਆਂ ਨੂੰ ਤਾੜਨਾ: ਬਲਬੀਰ ਸਿੱਧੂ ਦੇ ਇਸ਼ਾਰੇ ’ਤੇ ਗੈਰਕਾਨੂੰਨੀ ਮਾਈਨਿੰਗ ਤੇ ਗੁੰਡਾ ਟੈਕਸ ਰੋਕੋ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਮੋਹਾਲੀ, 11 ਦਸੰਬਰ, 2019 –

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜਦੋਂ ਸੂਬੇ ਅੰਦਰ ਅਕਾਲੀ-ਭਾਜਪਾ ਸਰਕਾਰ ਬਣ ਗਈ ਤਾਂ ਗੈਰਕਾਨੂੰਨੀ ਮਾਈਨਿੰਗ ਅਤੇ ਗੁੰਡਾ ਟੈਕਸ ਵਸੂਲੀ ਕਰਵਾਉਣ ਵਿਚ ਸਥਾਨਕ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਬਾਕੀ ਕਾਂਗਰਸੀ ਆਗੂਆਂ ਦੀ ਮੱਦਦ ਕਰ ਰਹੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇੱਥੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਗੈਰਕਾਨੂੰਨੀ ਮਾਈਨਿੰਗ ਅਤੇ ਗੁੰਡਾ ਟੈਕਸ ਖ਼ਿਲਾਫ ਇੱਕ ਵੱਡੇ ਧਰਨੇ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਮੋਹਾਲੀ ਅੰਦਰ ਚੱਲ ਰਹੀਆਂ ਰੇਤ ਮਾਈਨਿੰਗ ਦੀਆਂ ਸਾਰੀਆਂ ਗਤੀਵਿਧੀਆਂ ਗੈਰਕਾਨੂੰਨੀ ਹਨ, ਕਿਉਂਕਿ ਸਰਕਾਰੀ ਰਿਕਾਰਡ ਵਿਚ ਇਸ ਜ਼ਿਲ੍ਹੇ ਅੰਦਰ ਕੋਈ ਵੀ ਰੇਤੇ ਦੀ ਖੱਡ ਚਾਲੂ ਨਹੀਂ ਹੈ। ਉਹਨਾਂ ਕਿਹਾ ਕਿ ਬੇਸ਼ੱਕ ਖੱਡਾਂ ਦੀ ਨੀਲਾਮੀ ਕੀਤੀ ਜਾ ਚੁੱਕੀ ਹੈ ਅਤੇ ਮਾਈਨਿੰਗ ਚੱਲ ਰਹੀ ਹੈ, ਪਰ ਇਸ ਵਾਸਤੇ ਅਜੇ ਤੀਕ ਸਰਕਾਰੀ ਪ੍ਰਵਾਨਗੀ ਨਹੀ ਦਿੱਤੀ ਗਈ ਹੈ।

ਉਹਨਾਂ ਕਿਹਾ ਕਿ ਇਸ ਦਾ ਅਰਥ ਹੈ ਕਿ ਮੋਹਾਲੀ ਅੰਦਰ ਕੀਤੀ ਜਾ ਰਹੀ ਸਾਰੀ ਮਾਈਨਿੰਗ ਗੈਰਕਾਨੂੰਨੀ ਹੈ ਅਤੇ ਜਿਹੜੇ ਅਧਿਕਾਰੀ ਇਸ ਗੈਰਕਾਨੂੰਨੀ ਧੰਦੇ ਨੂੰ ਰੋਕਣ ਲਈ ਕਾਰਵਾਈ ਨਹੀਂ ਕਰ ਰਹੇ ਹਨ, ਸੂਬੇ ਅੰਦਰ ਅਕਾਲੀ-ਭਾਜਪਾ ਸਰਕਾਰ ਬਣਨ ‘ਤੇ ਉਹਨਾਂ ਖ਼ਿਲਾਫ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।

ਸਰਦਾਰ ਬਾਦਲ ਨੇ ਜ਼ਿਲ੍ਹਾ ਪੁਲਿਸ ਨੂੰ ਵੀ ਚਿਤਾਵਨੀ ਦਿੱਤੀ ਕਿ ਇਸ ਨੂੰ ਉਹਨਾਂ ਕਾਂਗਰਸੀ ਗੁੰਡਿਆਂ ਦੀ ਬਚਾਅ ਨਹੀਂ ਕਰਨਾ ਚਾਹੀਦਾ, ਜਿਹੜੇ ਰੇਤਾ ਅਤੇ ਬਜਰੀ ਲੈ ਕੇ ਆਉਂਦੇ ਟਰੈਕਟਰ-ਟਰਾਲੀਆਂ ਅਤੇ ਟਰੱਕਾਂ ਕੋਲੋਂ ਗੁੰਡਾ ਟੈਕਸ ਵਸੂਲ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਗੈਰਕਾਨੂੰਨੀ ਟੈਕਸ ਕਰਕੇ ਰੇਤੇ ਦੇ ਟਰੱਕ ਦੀ ਕੀਮਤ 12 ਹਜ਼ਾਰ ਰੁਪਏ ਤੋਂ 22 ਹਜ਼ਾਰ ਰੁਪਏ ਪ੍ਰਤੀ ਟਰੱਕ ਹੋ ਚੁੱਕੀ ਹੈ, ਜਿਸ ਨਾਲ ਆਮ ਆਦਮੀ ਉੱਤੇ ਬੇਲੋੜਾ ਬੋਝ ਪੈ ਰਿਹਾ ਹੈ।

ਉਹਨਾਂ ਕਿਹਾ ਕਿ ਇਸ ਤੋਂ ਇਲਾਵਾ 5 ਹਜ਼ਾਰ ਰੁਪਏ ਪ੍ਰਤੀ ਟਰੱਕ ਗੁੰਡਾ ਟੈਕਸ ਵਸੁਲਿਆ ਜਾ ਰਿਹਾ ਹੈ, ਜਿਸ ਵਿਚ ਪੁਲਿਸ ਅਧਿਕਾਰੀਆਂ ਵੱਲੋਂ ਮੱਦਦ ਕੀਤੀ ਜਾ ਰਹੀ ਹੈ। ਉਹਨਾਂ ਲੋਕਾਂ ਨੂੰ ਗੁੰਡਾ ਟੈਕਸ ਨਾ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਖੁਦ ਇਸ ਗੁੰਡਾਗਰਦੀ ਨੂੰ ਰੋਕਣ ਲਈ ਮੌਕੇ ਉੱਤੇ ਪਹੁੰਚਣਗੇ।

ਇਹ ਟਿੱਪਣੀ ਕਰਦਿਆਂ ਕਿ ਕਾਂਗਰਸੀ ਸਰਕਾਰੀ ਖਜ਼ਾਨੇ ਨੂੰ ਲੁੱਟ ਰਹੇ ਹਨ, ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਇਹ ਰੇਤੇ ਦੀਆਂ ਖੱਡਾਂ ਦੀ ਨੀਲਾਮੀ ਕਰਕੇ 1000 ਕਰੋੜ ਰੁਪਏ ਇੱਕਤਰ ਕਰੇਗੀ, ਪਰੰਤੂ ਹੁਣ ਤਕ ਇਸ ਨੇ ਸਾਰੀਆਂ ਖੱਡਾਂ ਤੋਂ ਸਿਰਫ 38 ਕਰੋੜ ਰੁਪਏ ਇਕੱਠੇ ਕੀਤੇ ਹਨ। ਉਹਨਾਂ ਕਿਹਾ ਕਿ ਜੁਲਾਈ 2019 ਵਿਚ ਨਵੀਂ ਮਾਈਨਿੰਗ ਨੀਤੀ ਤਹਿਤ ਏਕਾਅਧਿਕਾਰ ਕਾਇਮ ਕਰਨ ਦੇ ਮਕਸਦ ਨਾਲ ਸੱਤ ਕਲੱਸਟਰਜ਼ ਬਣਾਉਣ ਮਗਰੋਂ ਸਾਰੀਆਂ ਖੱਡਾਂ ਦੀ 309 ਕਰੋੜ ਰੁਪਏ ਵਿਚ ਨੀਲਾਮੀ ਕੀਤੀ ਗਈ ਸੀ।

ਉਹਨਾਂ ਕਿਹਾ ਕਿ ਹਰ ਤਿਮਾਹੀ 80 ਕਰੋੜ ਰੁਪਏ ਇਕੱਤਰ ਕੀਤੇ ਜਾਣੇ ਸਨ, ਪਰੰਤੂ ਦੋ ਤਿਮਾਹੀਆਂ ਲੰਘ ਚੁੱਕੀਆਂ ਹਨ ਅਤੇ ਅਜੇ ਤੀਕ ਮਾਈਨਰਜ਼ ਨੇ ਇੱਕ ਪੈਸਾ ਵੀ ਨਹੀਂ ਦਿੱਤਾ ਹੈ। ਉਹਨਾਂ ਕਿਹਾ ਕਿ ਮਾਈਨਰਜ਼ ਨੂੰ ਜਾਣ ਬੁੱਝ ਕੇ ਵਾਤਾਵਰਣ ਮਨਜੂਰੀ ਨਹੀਂ ਦਿੱਤੀ ਗਈ ਹੈ ਅਤੇ ਉਹਨਾਂ ਨੂੰ ਸਰਕਾਰ ਨੂੰ ਇੱਕ ਵੀ ਪੈਸਾ ਦਿੱਤੇ ਬਗੈਰ ਗੈਰਕਾਨੂੰਨੀ ਢੰਗ ਨਾਲ ਰੇਤ ਮਾਈਨਿੰਗ ਕਰਨ ਦੀ ਆਗਿਆ ਦਿੱਤੀ ਗਈ ਹੈ।

ਉਹਨਾਂ ਕਿਹਾ ਕਿ ਇੱਥੋਂ ਤਕ ਕਿ ਜੰਗਲਾਤ ਵਾਲੇ ਇਲਾਕਿਆਂ ਵਿਚ ਵੀ ਗੈਰਕਾਨੂੰਨੀ ਮਾਈਨਿੰਗ ਦੀ ਆਗਿਆ ਦਿੱਤੀ ਜਾ ਰਹੀ ਹੈ ਅਤੇ ਸਾਰੇ ਕਾਂਗਰਸੀ ਵਿਧਾਇਕ ਇਸ ਗੈਰਕਾਨੂੰਨੀ ਧੰਦੇ ਵਿਚ ਸ਼ਾਮਿਲ ਹਨ ਅਤੇ ਜਿਹੜੇ ਅਧਿਕਾਰੀ ਇਸ ਦਾ ਵਿਰੋਧ ਕਰਦੇ ਹਨ, ਉਹਨਾਂ ਦੀ ਪਟਿਆਲਾ ‘ਚ ਮਾਈਨਿੰਗ ਦੇ ਜਨਰਲ ਮੈਨੇਜਰ ਟਹਿਲ ਸਿੰਘ ਸੇਖੋਂ ਵਾਂਗ ਕੁੱਟਮਾਰ ਕੀਤੀ ਜਾਂਦੀ ਹੈ।

ਇਸ ਮੌਕੇ ਉੱਤੇ ਬੋਲਦਿਆਂ ਡੇਰਾ ਬੱਸੀ ਦੇ ਵਿਧਾਇਕ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਮੋਹਾਲੀ ਜ਼ਿਲ੍ਹੇ ਵਿਚ ਮੰਤਰੀ ਬਲਬੀਰ ਸਿੱਧੂ, ਦੀਪਇੰਦਰ ਢਿੱਲੋਂ, ਸੰਦੀਪ ਸੰਧੂ ਅਤੇ ਕੁਸ਼ਲਦੀਪ ਢਿੱਲੋਂ ਵੱਲੋਂ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਤਾਂ ਇਹ ਹਾਲਾਤ ਹਨ ਕਿ ਜ਼ਿਲ੍ਹੇ ਦੀਆਂ ਸਾਰੀਆਂ ਸ਼ਾਮਲਾਟ ਜ਼ਮੀਨਾਂ ਵਿਚ 25-25 ਫੁੱਟ ਡੂੰਘੀਆਂ ਖੱਡਾ ਪੁੱਟ ਦਿੱਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਰੇਤ ਮਾਫੀਆ ਨੇ ਛੱਤਬੀੜ ਚਿੜੀਆ ਘਰ ਵਾਲਾ ਇਲਾਕਾ ਵੀ ਨਹੀਂ ਛੱਡਿਆ ਹੈ, ਜਿੱਥੇ 6 ਫੁੱਟ ਡੂੰਘੀ ਖੁਦਾਈ ਕੀਤੀ ਜਾ ਚੁੱਕੀ ਹੈ।

ਸ੍ਰੀ ਸ਼ਰਮਾ ਨੇ ਕਿਹਾ ਕਿ ਕਾਂਗਰਸੀ ਗੁੰਡਿਆਂ ਦੇ ਹੌਂਸਲੇ ਇੰਨੇ ਖੁੱਲ੍ਹ ਚੁੱਕੇ ਹਨ ਕਿ ਉਹ ਗੁੰਡਾ ਟੈਕਸ ਲੈਣ ਵਾਸਤੇ ਸੜਕਾਂ ਉੱਤੇ ਨਾਕੇ ਲਾ ਲੈਂਦੇ ਹਨ ਅਤੇ ਸਥਾਨਕ ਪੁਲਿਸ ਉਹਨਾਂ ਦੀ ਮੱਦਦ ਕਰ ਰਹੀ ਹੈ। ਉਹਨਾਂ ਕਿਹਾ ਕਿ ਮੁਬਾਰਕਪੁਰ ਕਰੱਸ਼ਰਜ਼ ਐਸੋਸੀਏਸ਼ਨ ਵੱਲੋਂ ਗੁੰਡਾ ਟੈਕਸ ਦਾ ਵਿਰੋਧ ਕਰਨ ਅਤੇ ਇਸ ਸੰਬੰਧੀ ਮੋਹਾਲੀ ਦੇ ਐਸਐਸਪੀ ਕੁਲਦੀਪ ਚਾਹਲ ਨੂੰ ਸ਼ਿਕਾਇਤ ਦੇਣ ਮਗਰੋਂ ਜਥੇਬੰਦੀ ਦੇ ਪ੍ਰਧਾਨ ਅਤੇ ਬਾਕੀ ਅਹੁਦੇਦਾਰਾਂ ਖ਼ਿਲਾਫ ਝੂਠੇ ਕੇਸ ਮੜ੍ਹ ਦਿੱਤੇ ਗਏ ਅਤੇ

ਉਹਨਾਂ ਦੇ ਕਰੱਸ਼ਰਾਂ ਨੂੰ ਤਾਲੇ ਜੜ੍ਹ ਦਿੱਤੇ। ਉਹਨਾਂ ਕਿਹਾ ਕਿ ਜਦੋਂ ਤਕ ਜਥੇਬੰਦੀ ਦੇ ਮੈਂਬਰਾਂ ਖ਼ਿਲਾਫ ਕੀਤੀ ਕਾਰਵਾਈ ਵਾਪਸ ਨਹੀਂ ਲਈ ਜਾਂਦੀ, ਅਕਾਲੀ ਦਲ ਗੁੰਡਾ ਟੈਕਸ ਖਿਲਾਫ ਆਪਣਾ ਅੰਦੋਲਨ ਜਾਰੀ ਰੱਖੇਗਾ।

ਮੁਬਾਰਕਪੁਰ ਕਰੱਸ਼ਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਬਾਂਸਲ ਅਤੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਨੇ ਅਕਾਲੀ ਦਲ ਪ੍ਰਧਾਨ ਨੂੰ ਇੱਕ ਮੰਗ ਪੱਤਰ ਦਿੱਤਾ, ਜਿਸ ਵਿਚ ਕਾਂਗਰਸੀ ਆਗੂਆਂ ਵੱਲੋਂ ਉਹਨਾਂ ਖ਼ਿਲਾਫ ਕੀਤੀ ਜਾ ਰਹੀ ਗੁੰਡਾਗਰਦੀ ਅਤੇ ਉਹਨਾਂ ਖਿਲਾਫ ਦਰਜ ਕਰਵਾਏ ਗਏ ਝੂਠੇ ਪਰਚਿਆਂ ਦਾ ਵੇਰਵਾ ਸ਼ਾਮਿਲ ਸੀ। ਸਰਦਾਰ ਬਾਦਲ ਨੇ ਜਥੇਬੰਦੀ ਦੇ ਅਹੁਦੇਦਾਰਾਂ ਨੂੰ ਉਹਨਾਂ ਖਿਲਾਫ ਹੋਈ ਬੇਇਨਸਾਫੀ ਵਿਰੁੱਧ ਲੜਣ ਦਾ ਵਾਅਦਾ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਬਾਰਾ ਸਿੰਘ ਗੁਰੂ, ਰਣਜੀਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਰਾਜੂਖੰਨਾ ਅਤੇ ਪਰਮਜੀਤ ਕੌਰ ਲਾਂਡਰਾਂ ਵੀ ਹਾਜ਼ਿਰ ਸਨ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •