ਸੁਖ਼ਬੀਰ ਬਾਦਲ ਗੁਆ ਚੁੱਕੇ ਹਨ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰਨ ਦਾ ਨੈਤਿਕ ਅਧਿਕਾਰ: ਖ਼ਹਿਰਾ

ਚੰਡੀਗੜ, 25 ਸਿਤੰਬਰ, 2019:

ਪੰਜਾਬ ਏਕਤਾ ਪਾਰਟੀ ਪ੍ਰਧਾਨ ਅਤੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਲਜਾਮ ਲਗਾਇਆ ਕਿ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਕੀਤੇ ਜਾਣ ਦਾ ਮੁੱਦਾ ਉਠਾ ਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਸਿਆਸੀ ਡਰਾਮੇਬਾਜੀ ਕਰ ਰਹੇ ਹਨ।

ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਮਗਰਮੱਛ ਦੇ ਹੰਝੂ ਵਹਾਉਣ ਦੀ ਜਰੂਰਤ ਨਹੀਂ ਹੈ ਕਿਉਂਕਿ ਦੋ ਦਹਾਕਿਆਂ ਤੋਂ ਵੀ ਜਿਆਦਾ ਸਮੇਂ ਤੋਂ ਜੇਲ਼ਾਂ ਵਿੱਚ ਬੰਦ ਸਿੱਖ ਕੈਦੀਆਂ ਨੂੰ ਰਿਹਾਅ ਕੀਤੇ ਜਾਣ ਦੀ ਮੰਗ ਕਰਨ ਦਾ ਨੈਤਿਕ ਅਧਿਕਾਰ ਉਹ ਗੂਆ ਚੁੱਕੇ ਹਨ।

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਸੱਤਾ ਵਿੱਚ ਹੁੰਦੇ ਹੋਏ ਕਦੇ ਵੀ ਸਿੱਖ ਕੈਦੀਆਂ ਨੂੰ ਰਿਹਾਅ ਕੀਤੇ ਜਾਣ ਦਾ ਮੁੱਦਾ ਨਹੀਂ ਉਠਾਇਆ, ਉਲਟਾ ਇਸ ਦਾ ਵਿਰੋਧ ਕੀਤਾ ਸੀ।

ਸੁਖਬੀਰ ਬਾਦਲ ਜੋ ਕਿ ਗ੍ਰਹਿ ਮੰਤਰੀ ਸੀ ਅਤੇ ਉਸ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਨੇ ਉਲਟਾ ਕਾਰਵਾਈ ਕਰਦੇ ਹੋਏ ਲੁਧਿਆਣਾ ਜਿਲੇ ਦੇ ਪਿੰਡ ਸਹਾਰਨ ਮਾਜਰਾ ਦੇ ਸਿੱਖ ਨੋਜਵਾਨ ਹਰਜੀਤ ਸਿੰਘ ਨੂੰ ਫਰਜੀ ਪੁਲਿਸ ਮੁਕਾਬਲੇ ਵਿੱਚ ਕਤਲ ਕਰਨ ਦੇ ਕੇਸ ਵਿੱਚ ਸੀ.ਬੀ.ਆਈ ਕੋਰਟ ਵੱਲੋਂ ਦਿੱਤੀ ਗਈ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਉੱਤਰ ਪ੍ਰਦੇਸ਼ ਦੇ ਚਾਰ ਪੁਲਿਸ ਕਰਮੀਆਂ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕੀਤੇ ਜਾਣ ਦੀ ਗਵਰਨਰ ਨੂੰ ਸਿਫਾਰਿਸ਼ ਕੀਤੀ ਸੀ। ਹਰਜੀਤ ਦੇ ਪਿਤਾ ਨੇ ਆਪਣੇ ਪੁੱਤਰ ਨੂੰ ਮਾਰਨ ਵਾਲੇ ਸਜਾਯਾਫਤਾ ਪੁਲਿਸ ਕਰਮੀਆਂ ਨੂੰ ਸਜ਼ਾ ਦਿਵਾਉਣ ਲਈ 16 ਸਾਲ ਦੀ ਲੰਮੀ ਕਾਨੂੰਨੀ ਲੜਾਈ ਲੜੀ ਸੀ।

ਖਹਿਰਾ ਨੇ ਕਿਹਾ ਕਿ ਇਹ ਸੁਖਬੀਰ ਬਾਦਲ ਦੇ ਦੋਹਰੇ ਮਾਪਦੰਡਾਂ ਦੀ ਹੱਦ ਹੈ ਕਿ ਜਦ ਉਹ ਸਰਕਾਰ ਵਿੱਚ ਸੀ ਤਾਂ ਸਿੱਖ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਮਰਨ ਵਰਤ ਉੱਪਰ ਬੈਠੇ ਬਾਪੂ ਸੂਰਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸੇ ਤਰਾਂ ਹੀ ਅੰਬਾਲਾ ਦੇ ਗੁਰਬਖਸ਼ ਸਿੰਘ ਨੇ ਸਿੱਖ ਕੈਦੀਆਂ ਦੀ ਰਿਹਾਈ ਲਈ ਮਰਨ ਵਰਤ ਰੱਖਿਆ ਸੀ ਅਤੇ ਡਰਾਏ ਧਮਕਾਏ ਜਾਣ ਅਤੇ ਬਾਦਲ ਸਰਕਾਰ ਵੱਲੋਂ ਪੰਜਾਬ ਵਿੱਚੋਂ ਬਾਹਰ ਕੱਢੇ ਜਾਣ ਉੱਪਰ ਉਸ ਨੇ ਆਪਣੀ ਜਾਨ ਦੇ ਦਿੱਤੀ ਸੀ।

ਸਿੱਖ ਸੰਸਥਾਵਾਂ ਅਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਵੱਲੋਂ ਸਿੱਖ ਕੈਦੀਆਂ ਦੀ ਰਿਹਾਈ ਦੇ ਮਸਲੇ ਨੂੰ ਲੈ ਕੇ ਕੇਂਦਰ ਨਾਲ ਗੱਲ ਕੀਤੇ ਜਾਣ ਦੀਆਂ ਸੈਂਕੜੇ ਚਿੱਠੀਆਂ ਬਾਦਲ ਨੇ ਕੂੜੇਦਾਨ ਵਿੱਚ ਸੁੱਟ ਦਿੱਤੀਆਂ ਸਨ। ਹੁਣ ਅਚਾਨਕ ਸੁਖਬੀਰ ਬਾਦਲ ਨੂੰ ਮਹਿਸੂਸ ਹੋਇਆ ਕਿ ਪਿਛਲੇ ਅਨੇਕਾਂ ਦਹਾਕਿਆਂ ਦੋਰਾਨ ਕੇਂਦਰ ਸਰਕਾਰਾਂ ਨੇ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਜੇਲਾਂ ਵਿੱਚ ਕੈਦ ਕੀਤਾ ਗਿਆ ਹੈ।

ਖਹਿਰਾ ਨੇ ਕਿਹਾ ਕਿ ਇਹ ਦੱਸਣ ਦੀ ਲੋੜ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਲੰਮੇ ਸਮੇਂ ਤੋਂ ਭਾਜਪਾ ਦਾ ਭਾਈਵਾਲ ਹੈ ਜੋ ਕਿ ਕੇਂਦਰ ਵਿੱਚ 2014 ਤੋਂ ਸੱਤਾ ਵਿੱਚ ਹਨ, ਸੁਖਬੀਰ ਬਾਦਲ ਇਸ ਮੁੱਦੇ ਉੱਪਰ ਪਹਿਲਾਂ ਕਿਉਂ ਨਹੀਂ ਬੋਲੇ?

ਖਹਿਰਾ ਨੇ ਸੁਖਬੀਰ ਬਾਦਲ ਨੂੰ ਆਖਿਆ ਕਿ ਆਪਣੀ ਪੰਜਾਬ ਵਿਚਲੀ ਦੱਸ ਸਾਲ ਦੀ ਸਰਕਾਰ ਦੋਰਾਨ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਲਿਖੀ ਇੱਕ ਵੀ ਚਿੱਠੀ ਜਨਤਕ ਕਰਨ।

ਉਹਨਾਂ ਆਖਿਆ ਕਿ ਬਾਦਲ ਪਰਿਵਾਰ ਸਿੱਖਾਂ ਦੀ ਇੱਕ ਨੰਬਰ ਦਾ ਦੁਸ਼ਮਣ ਹੈ ਅਤੇ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਅਕਾਲ ਤਖਤ ਸਾਹਿਬ ਵੱਲੋਂ ਛੇਕੇ ਗਏ ਡੇਰਾ ਸੱਚਾ ਸੋਦਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦਿਵਾਉਣ ਵਰਗੀਆਂ ਸਿੱਖ ਵਿਰੋਧੀ ਗਤੀਵਿਧੀਆਂ ਵਿੱਚ ਸ਼ਮੂਲੀਅਤ ਰਹੀ ਹੈ।

ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸ਼ਾਕ ਪਹਿਨਣ ਦੇ ਮਾਮਲੇ ਵਿੱਚ ਡੇਰਾ ਮੁੱਖੀ ਖਿਲਾਫ ਦਰਜ਼ ਮਾਮਲੇ ਨੂੰ ਬਾਦਲ ਸਰਕਾਰ ਨੇ ਸੋੜੇ ਸਿਆਸੀ ਲਾਹੇ ਲਈ 2012 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਪਿਸ ਲਿਆ ਸੀ।

ਖਹਿਰਾ ਨੇ ਕਿਹਾ ਕਿ ਸਿੱਖ ਕੈਦੀ ਭਾਰਤ ਸਰਕਾਰ ਦੀ ਗੈਰਕਾਨੂੰਨੀ ਹਿਰਾਸਤ ਵਿੱਚ ਹਨ ਜਿਸ ਲਈ ਕਾਂਗਰਸ, ਭਾਜਪਾ ਸਮੇਤ ਬਾਦਲ ਵੀ ਬਰਾਬਰ ਦੇ ਜਿੰਮੇਵਾਰ ਹਨ।

ਉਹਨਾਂ ਸੁਖਬੀਰ ਬਾਦਲ ਨੂੰ ਆਖਿਆ ਕਿ ਉਹ ਮੰਨੇ ਕਿ ਭਾਜਪਾ ਦੀ ਸਹਿਮਤੀ ਨਾਲ ਸਿੱਖਾਂ ਨੂੰ ਗੈਰਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਆਪਣੇ ਵੱਲੋਂ ਕੀਤੇ ਗਏ ਧ੍ਰੋਹ ਲਈ ਸਮੁੱਚੀ ਸਿੱਖ ਕੋਮ ਤੋਂ ਮੁਆਫੀ ਮੰਗਣ।

ਇਸ ਨੂੰ ਵੀ ਪੜ੍ਹੋ:
ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ

ਅਜ਼ਾਦੀ ਦਿਹਾੜੇ ’ਤੇ ਰੰਧਾਵਾ ਨੇ 152 ਕਰੋੜ ਦੇ ਪ੍ਰਾਜੈਕਟ ਕੀਤੇ ਜਲੰਧਰ...

ਜਲੰਧਰ, 15 ਅਗਸਤ, 2020 - 74ਵੇਂ ਸੁਤੰਤਰਤਾ ਦਿਵਸ ਮੌਕੇ ਜਲੰਧਰ ਵਾਸੀਆਂ ਨੂੰ ਵਿਕਾਸ ਪ੍ਰੋਜੈਕਟਾਂ ਦੇ ਵੱਡੇ ਤੋਹਫ਼ੇ ਦਿੰਦਿਆਂ ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਪੰਜਾਬ...