ਸੁਖ਼ਜਿੰਦਰ ਰੰਧਾਵਾ ਵੱਲੋਂ ਗੁਜਰਾਤ ਦੇ ਬਾਇਓ ਸੀ.ਐਨ.ਜੀ. ਬੌਟਲਿੰਗ ਅਤੇ ਫਰਟੀਲਾਈਜ਼ਰ ਪਲਾਂਟ ਦਾ ਦੌਰਾ, ਬਟਾਲਾ ’ਚ ਪਲਾਂਟ ਸਥਾਪਤੀ ਲਈ ਦਿੱਤੇ ਨਿਰਦੇਸ਼

ਚੰਡੀਗੜ, 3 ਅਕਤੂਬਰ, 2019 –
ਸੂਬੇ ਦੀਆਂ ਖੰਡਾਂ ਮਿੱਲਾਂ ਦੀ ਆਰਥਿਕ ਦਸ਼ਾ ਸੁਧਾਰਨ ਅਤੇ ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਦੇ ਮੱਦੇਨਜ਼ਰ, ਸਹਿਕਾਰਤਾ ਅਤੇ ਜੇਲਾਂ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀਮਤੀ ਕਲਪਨਾ ਮਿੱਤਲ ਬਰੁਆ, ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ ਅਤੇ ਸ਼ੂਗਰਫੈੱਡ ਦੇ ਵਧੀਕ ਮੁੱਖ ਇੰਜੀਨੀਅਰ ਸ੍ਰੀ ਕਮਲਜੀਤ ਸਿੰਘ ਸਮੇਤ ਗੁਜਰਾਤ ਦੇ ਅਹਿਮਦਾਬਾਦ ਸਥਿਤ ਆਰਟ ਬਾਇਓ ਸੀ.ਐਨ.ਜੀ. ਬੌਟਲਿੰਗ ਐਂਡ ਫਰਟੀਲਾਈਜ਼ਰ ਪਲਾਂਟ ਦਾ ਦੌਰਾ ਕੀਤਾ ਜੋ ਕਿ ਗੁਜਰਾਤ ਦੇ ਨਦਿਆੜ ਜ਼ਿਲੇ ਵਿਚ ਪੈਂਦੇ ਪਿੰਡ ਪਿੱਜ ਵਿਚ ਸਥਿਤ ਗੋਵਰਧਨ ਐਨਰਜੀਜ਼ ਐਲ.ਐਲ.ਪੀ. ਵਿਖੇ ਆਧੁਨਿਕ ਤਕਨੀਕਾਂ ਨਾਲ ਸਥਾਪਿਤ ਕੀਤਾ ਗਿਆ ਹੈ। ਇਹ ਮੈਸਰਜ ਸੀ.ਈ.ਆਈ.ਡੀ. ਕੰਸਲਟੈਂਟ ਐਂਡ ਇੰਜੀਨੀਅਰਿੰਗ ਪਾਇਵੇਟ ਲਿਮ. ਅਹਿਮਦਾਬਾਦ (ਗੁਜਰਾਤ) ਵਲੋਂ ਤਿਆਰ ਕੀਤਾ ਗਿਆ ਹੈ।

ਇਸ ਮੌਕੇ ਮੰਤਰੀ ਨੂੰ ਜਾਣੂ ਕਰਵਾਇਆ ਗਿਆ ਕਿ ਇਹ ਪਲਾਂਟ ਖੰਡ ਮਿੱਲਾਂ ਵਲੋਂ ਤਿਆਰ ਪ੍ਰੈਸ ਮੱਡ; ਦੁੱਧ ਦੇ ਪਲਾਂਟਾਂ ਦੀ ਰਹਿੰਦ-ਖੁਹੰਦ, ਅਫਲੂਐਂਟ ਟ੍ਰੀਟਮੈਂਟ ਪਲਾਂਟ ਵਲੋਂ ਪੈਦਾ ਹੋਇਆ ਪ੍ਰਦੂਸਤਿ ਪਾਣੀ, ਮਿਊਂਸੀਪਲ ਰਹਿੰਦ-ਖੁਹੰਦ, ਗਲ਼ੀਆਂ-ਸੜੀਆਂ ਅਤੇ ਬਚੀਆਂ ਸਬਜੀਆਂ, ਸਬਜੀ ਮੰਡੀਆਂ ਵਿਚਲੇ ਫਲਾਂ ਅਤੇ ਸਬਜੀਆਂ ਦੀ ਰਹਿੰਦ-ਖੁਹੰਦ ਅਤੇ ਭੋਜਨ ਪਦਾਰਥਾਂ ਦੀ ਰਹਿੰਦ-ਖੁਹੰਦ ਆਦਿ ਤੋਂ ਬਾਇਓ-ਸੀ.ਐਨ.ਜੀ. ਗੈਸ ਅਤੇ ਫਰਟੀਲਾਈਜ਼ਰ ਖਾਦ ਤਿਆਰ ਕਰ ਰਿਹਾ ਹੈ। ਬਾਇਓ-ਸੀ.ਐਨ.ਜੀ. ਗੈਸ ਬੋਤਲਾਂ ਅਤੇ ਸਿਲੰਡਰਾਂ ਵਿਚ ਭਰ ਕੇ ਬਜ਼ਾਰ ਵਿਚ ਵੇਚੀ ਜਾਂਦੀ ਹੈ ਅਤੇ ਨਾਲ ਹੀ ਜੈਵਿਕ ਖਾਦ ਵੀ ਵੇਚੀ ਜਾਂਦੀ ਹੈ।

ਮੰਤਰੀ ਨੇ ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਨੂੰ ਨਿਰਦੇਸ਼ ਦਿੱਤੇ ਕਿ ਸਹਿਕਾਰਤਾ ਵਿਭਾਗ ਨੂੰ ਖੰਡ ਮਿੱਲਾਂ ਦੀ ਰਹਿੰਦ-ਖੁਹੰਦ ਦੀ ਵਰਤੋਂ ਨਾਲ ਬਟਾਲਾ ਵਿਖੇ ਇਸੇ ਤਰਾਂ ਦਾ ਪਲਾਂਟ ਸਥਾਪਤ ਕਰਨ ਦੀ ਯੋਜਨਾ ਬਣਾਉਣੀ ਚਾਹੀਦੀ ਹੈ।

ਜਿਸ ਨਾਲ ਅਜਨਾਲਾ, ਬਟਾਲਾ ਅਤੇ ਗੁਰਦਾਸਪੁਰ ਕਾਰਪੋਰੇਟਿਵ ਖੰਡ ਮਿੱਲਾਂ ਤੋਂ ਪ੍ਰੈਸ ਮੱਡ, ਮਿਊਂਸੀਪਲ ਕਾਰਪੋਰੇਸ਼ਨਾਂ ਦੀ ਠੋਸ ਰਹਿੰਦ-ਖੁਹੰਦ, ਮਿਲਕ ਪਲਾਂਟ ਦੇ ਟ੍ਰੀਟਮੈਂਟ ਪਲਾਂਟਾਂ ਤੋਂ ਪੈਦਾ ਹੋਏ ਦੂਸ਼ਿਤ ਪਾਣੀ ਆਦਿ ਦੀ ਵਰਤੋ ਨਾਲ ਬਾਇਓ ਸੀ.ਐਨ.ਜੀ. ਗੈਸ ਅਤੇ ਜੈਵਿਕ ਖਾਦਾਂ ਦਾ ਨਿਰਮਾਣ ਕਰਕੇ ਬਜ਼ਾਰ ਵਿਚ ਵੇਚਿਆ ਜਾ ਸਕੇ। ਇਸ ਨਾਲ ਨਾ ਸਿਰਫ ਖੰਡ ਮਿੱਲਾਂ ਦੀ ਮਾਲੀ ਦਸ਼ਾ ਵਿਚ ਸੁਧਾਰ ਹੋਵੇਗਾ ਬਲਕਿ ਆਲੇ-ਦੁਆਲੇ ਦੇ ਵਾਤਾਵਰਨ ਨੂੰ ਵੀ ਸਾਫ ਰੱਖਿਆ ਜਾ ਸਕੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਖੇਡਾ, ਗੁਜਰਾਤ ਤੋਂ ਸੰਸਦ ਮੈਂਬਰ ਸ੍ਰੀ ਦੇਵੁਸੀਨਹ ਜੇਸਿੰਗਭਾਈ ਚੌਹਾਨ, ਸੀ.ਈ.ਆਈ.ਡੀ. ਕੰਸਲਟੈਂਟ ਐਂਡ ਇੰਜ. ਪਾਇਵੇਟ ਲਿਮ. ਤੋਂ ਸ੍ਰੀ ਪਿ੍ਰੰਸ ਗਾਂਧੀ ਅਤੇ ਸ੍ਰੀ ਦੀਪਕ ਪ੍ਰਜਾਪਤੀ ਅਤੇ ਗੋਵਰਧਨਾਥਜੀ ਐਨਰਜੀਜ਼ ਐਲ.ਐਲ.ਪੀ. ਦੇ ਡਾਇਰੈਕਟਰ ਸ੍ਰੀ ਅਸ਼ੀਸ਼ ਪਟੇਲ ਵੀ ਮੌਜੂਦ ਸਨ।

Share News / Article

Yes Punjab - TOP STORIES