ਸੁਲਤਾਨਪੁਰ ਲੋਧੀ ਵਿਚੋਂ ਕੂੜੇ ਦੇ ਯੋਗ ਨਿਪਟਾਰੇ ਲਈ ਜੁਟਿਆ ਸਥਾਨਕ ਸਰਕਾਰਾਂ ਵਿਭਾਗ: ਬਰਜਿੰਦਰ ਸਿੰਘ

ਚੰਡੀਗੜ੍ਹ/ਕਪੂਰਥਲਾ (ਸੁਲਤਾਨਪੁਰ ਲੋਧੀ), 16 ਨਵੰਬਰ, 2019 –

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਗਏ ਸਮਾਗਮਾਂ ਵਿੱਚ ਰੋਜ਼ਾਨਾ ਵੱਡੀ ਗਿਣਤੀ ਸ਼ਰਧਾਲੂਆਂ ਦੇ ਪੁੱਜਣ ਕਾਰਨ ਪੈਦਾ ਹੋਏ ਕੂੜੇ-ਕਰਕਟ ਅਤੇ ਹੋਰ ਰਹਿੰਦ-ਖੂਹੰਦ ਦੇ ਯੋਗ ਨਿਪਟਾਰੇ ਲਈ ਸਥਾਨਕ ਸਰਕਾਰਾਂ ਵਿਭਾਗ ਜੀ-ਜਾਨ ਜੁਟ ਗਿਆ ਹੈ।

ਇਹ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀ ਬਰਜਿੰਦਰ ਸਿੰਘ ਨੇ ਦੱਸਿਆ ਕਿ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿੱਚ ਵੱਡੀ ਗਿਣਤੀ ਸ਼ਰਧਾਲੂਆਂ ਦੇ ਪੁੱਜਣ ਕਾਰਨ ਇਥੇ ਪੈਦਾ ਹੋਏ ਕੂੜੇ ਦੇ ਯੋਗ ਨਿਪਟਾਰੇ ਲਈ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਉਨ੍ਹਾਂ ਦਾ ਵਿਭਾਗ ਕੂੜੇ ਦੇ ਯੋਗ ਪ੍ਰਬੰਧ ਅਤੇ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਮੁੜ ਬਹਾਲ ਕਰਨ ਲਈ ਸ਼ਿੱਦਤ ਨਾਲ ਕੰਮ ਕਰ ਰਿਹਾ ਹੈ ਅਤੇ ਇਹ ਕੰਮ 300 ਮੁਲਾਜ਼ਮਾਂ ਦੀ ਮਦਦ ਨਾਲ 20 ਨਵੰਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਸਮਾਗਮਾਂ ਤੋਂ ਬਾਅਦ ਇਥੇ ਸ਼ਰਧਾਲੂਆਂ ਦੀ ਗਿਣਤੀ ਘਟ ਗਈ ਹੈ ਅਤੇ 80 ਪੱਕੇ ਲੰਗਰਾਂ ਵਿੱਚੋਂ ਇਕ-ਦੋ ਨੂੰ ਛੱਡ ਕੇ ਬਾਕੀ ਲੰਗਰ ਬੰਦ ਹੋ ਚੁੱਕੇ ਹਨ। ਲੰਗਰਾਂ ਦੇ ਜਾਣ ਤੋਂ ਬਾਅਦ ਬਹੁਤ ਸਾਰਾ ਕੂੜਾ ਸ਼ਹਿਰ ਦੇ ਗਰਾਊਂਡਾਂ ਵਿੱਚ ਪਿਆ ਹੈ, ਜਿਸ ਨੂੰ ਚੁੱਕਵਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਜਿਥੇ ਲਾਈਟ ਐਂਡ ਸਾਊਂਡ ਸ਼ੋਅ ਅਤੇ ਪ੍ਰਦਰਸ਼ਨੀਆਂ ਵੀ ਬੰਦ ਹੋ ਚੁੱਕੀਆਂ ਹਨ ਉਥੇ ਟੈਂਟ ਸਿਟੀ ਵਾਲਿਆਂ ਵੱਲੋਂ ਵੀ ਆਪਣਾ ਸਾਮਾਨ ਸਮੇਟਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਉਥੇ ਪਈ ਰਹਿੰਦ-ਖੂਹੰਦ ਨੂੰ ਸਾਫ ਕਰਵਾਇਆ ਜਾ ਰਿਹਾ ਹੈ।

ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਵਿਭਾਗ ਵੱਲੋਂ ਸਾਫ-ਸਫਾਈ ਦਾ ਕੰਮ ਇਕ ਕੰਪਨੀ ਨੂੰ ਦਿੱਤਾ ਗਿਆ ਹੈ, ਜਿਸ ਵੱਲੋਂ ਕਰੀਬ 300 ਮੁਲਾਜ਼ਮ ਸਾਫ-ਸਫਾਈ ਦੇ ਕੰਮ ਲਈ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਇਕ ਸਯੁੰਕਤ ਡਿਪਟੀ ਡਾਇਰੈਕਟਰ ਅਤੇ 6 ਕਾਰਜ ਸਾਧਕ ਅਫਸਰਾਂ, 2 ਚੀਫ ਸੈਨੇਟਰੀ ਇੰਸਪੈਕਟਰਾਂ ਤੇ 6 ਸੈਨੇਟਰੀ ਇੰਸਪੈਕਟਰਾਂ ਅਧੀਨ ਕਾਇਮ ਕੀਤੀਆਂ ਟੀਮਾਂ ਇਨ੍ਹਾਂ ਮੁਲਾਜ਼ਮਾਂ ਤੋਂ 20 ਨਵੰਬਰ ਤੱਕ ਸਾਫ-ਸਫਾਈ ਦਾ ਕੰਮ ਮੁਕੰਮਲ ਕਰਵਾਉਣਗੀਆਂ।

ਜ਼ਿਕਰਯੋਗ ਹੈ ਕਿ ਸਥਾਨਕ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਦੌਰਾਨ ਪਵਿੱਤਰ ਨਗਰੀ ਨੂੰ ਸਾਫ-ਸੁਥਰਾ ਰੱਖਣ ਲਈ ਸਥਾਨਕ ਸਰਕਾਰਾਂ ਵੱਲੋਂ 4500 ਤੋਂ ਵੱਧ ਸਟਾਫ ਤਾਇਨਾਤ ਕੀਤਾ ਗਿਆ ਸੀ, ਜਿਸ ਨੇ ਤਿੰਨ ਸ਼ਿਫਟਾਂ ਵਿੱਚ ਕੰਮ ਕੀਤਾ ਅਤੇ ਸਫਾਈ ਪੱਖੋਂ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ।

Share News / Article

Yes Punjab - TOP STORIES