ਸੁਲਤਾਨਪੁਰ ਲੋਧੀ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਪੰਮਾ ਡੂੰਮੇਵਾਲ ਨੇ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕ ਕੀਲ੍ਹੇ

ਚੰਡੀਗੜ੍ਹ/ਸੁਲਤਾਨਪੁਰ ਲੋਧੀ (ਕਪੂਰਥਲਾ), 14 ਨਵੰਬਰ, 2019:

ਗੁਰੂ ਸਾਹਿਬ ਦੀ ਵਰੋਸਾਈ ਇਸ ਪਾਵਨ ਧਰਤੀ ਤੇ ਪੰਜਾਬ ਸਰਕਾਰ ਵੱਲੋਂ 4 ਨਵੰਬਰ ਤੋਂ ਕਰਵਾਏ ਜਾ ਰਹੇ ਗ੍ਰੈਂਡ ਲਾਈਟ ਐਂਡ ਸਾਊਂਡ ਸ਼ੋਅ ਨੂੰ ਅੱਜ ਸ਼ਰਧਾਲੂਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਲਸਫੇ ਨੂੰ ਅਤਿ ਆਧੁਨਿਕ ਤਕਨੀਕ ਨਾਲ ਰੂਪਮਾਨ ਕਰਨ ਵਾਲੇ ਸ਼ੋਅ ਦੀ ਇਕ ਝਲਕ ਦੇਖਣ ਲਈ ਪੁੱਡਾ ਗਰਾਊਂਡ ਵਿਖੇ ਹਜ਼ਾਰਾਂ ਦੀ ਤਦਾਦ ਵਿੱਚ ਸ਼ਰਧਾਲੂ ਇਕੱਠੇ ਹੋਏ।

ਇਹ ਸ਼ੋਅ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇੰ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦਾ ਇਕ ਹਿੱਸਾ ਸਨ। ਸ਼ੋਅ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੇ ਪ੍ਰੇਰਕ ਪ੍ਰਸੰਗਾਂ ਨੂੰ ਰੌਸ਼ਨੀ ਅਤੇ ਆਵਾਜ਼ ਦੇ ਸੁਮੇਲ ਰਾਹੀਂ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ। ਇਸੇ ਤਰ੍ਹਾਂ ਕਲਾਕਾਰਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨਾਲ ਸਬੰਧਤ ਆਪਣੀਆਂ ਪੇਸ਼ਕਾਰੀਆਂ ਨੂੰ ਬੜੀ ਸ਼ਰਧਾ ਤੇ ਸਤਿਕਾਰ ਨਾਲ ਪੇਸ਼ ਕੀਤਾ ਗਿਆ।

ਇਸ ਮੌਕੇ ਸਥਾਨਕ ਸਰਕਾਰਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀ ਬਰਜਿੰਦਰ ਸਿੰਘ ਅਤੇ ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ ਦਰਬਾਰਾ ਸਿੰਘ ਨੇ ਵਿਸੇਸ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਢੰਗ ਨਾਲ ਮਨਾਉਣ ਲਈ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਇਹ ਸ਼ੋਅ ਮਨੁੱਖਤਾ ਨੂੰ ਸ਼ਾਂਤੀ, ਦਿਆ ਅਤੇ ਭਾਈਚਾਰੇ ਦਾ ਰਾਹ ਦਿਖਾਉਣ ਵਾਲੇ ਮਾਨਵਤਾ ਦੇ ਮਹਾਨ ਪੈਗੰਬਰ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਨਿਮਰਤਾ ਭਰੀ ਸ਼ਰਧਾਂਜਲੀ ਹਨ। ਉਨ੍ਹਾਂ ਲੋਕਾਂ ਨੂੰ ਬਾਬਾ ਨਾਨਕ ਵੱਲੋਂ ਦਰਸਾਏ ਮਾਰਗ ਉਤੇ ਚੱਲਣ ਦਾ ਸੱਦਾ ਦਿੱਤਾ।

ਇਸ ਉਪਰੰਤ ਪ੍ਰਸਿੱਧ ਪੰਜਾਬ ਗਾਇਕ ਪੰਮਾ ਡੂੰਮੇਵਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਗਤੀਮਈ ਸ਼ਰਧਾਂਜਲੀ ਭੇਟ ਕੀਤੀ। ਡੂਮੇਵਾਲ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸ਼ਰਧਾਲੂਆਂ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਜੋੜਿਆ ਅਤੇ ਸਾਰੇ ਮਾਹੌਲ ਨੂੰ ਰੂਹਾਨੀ ਰੰਗ ਵਿੱਚ ਰੰਗ ਦਿੱਤਾ।

ਕਲ੍ਹ ਇਸ ਸੰਗੀਤਮਈ ਲਾਈਟ ਤੇ ਸਾਊਂਡ ਸ਼ੋਅ ਦਾ ਸੁਲਤਾਨਪੁਰ ਦੀ ਧਰਤੀ ਤੇ ਆਖਰੀ ਪੜਾਅ ਹੋਵੇਗਾ,ਜਿਸ ਤੋਂ ਬਾਅਦ ਗਾਇਕ ਪੰਮਾ ਡੂਮੇਵਾਲ ਦੀ ਲਗਾਤਾਰ ਦੂਸਰੇ ਦਿਨ ਪੇਸ਼ਕਾਰੀ ਹੋਵੇਗੀ ਅਤੇ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਯਾਦ ਕੀਤਾ ਜਾਵੇਗਾ।

Share News / Article

Yes Punjab - TOP STORIES