ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਨੂੰ ਵਿਰਾਸਤੀ ਰੂਪ ਦੇਣ ਲਈ 22 ਕਰੋੜ ਰੁਪਏ ਖਰਚੇ ਜਾਣਗੇ: ਹਰਸਿਮਰਤ ਬਾਦਲ

ਸੁਲਤਾਨਪੁਰ ਲੋਧੀ, 04 ਅਕਤੂਬਰ, 2019:

ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਐਲਾਨ ਕੀਤਾ ਕਿ ਇਸ ਮਹੀਨੇ 22 ਕਰੋੜ ਰੁਪਏ ਦੀ ਲਾਗਤ ਨਾਲ ਰੇਲਵੇ ਸਟੇਸ਼ਨ ਦਾ ਆਧੁਨਿਕੀਕਰਨ ਕਰਕੇ ਇਸ ਨੂੰ ਵਿਰਾਸਤੀ ਰੂਪ ਦਿੱਤਾ ਜਾਵੇਗਾ।

ਉਹਨਾਂ ਇਹ ਵੀ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਸਮਾਗਮਾਂ ਮੌਕੇ ਦੋ ਮਲਟੀ ਮੀਡੀਆ ਪ੍ਰਦਰਸ਼ਨੀਆਂ ਅਤੇ ਇੱਕ ਕਿਤਾਬ ਮੇਲਾ ਵੀ ਲਗਾਇਆ ਜਾਵੇਗਾ।

ਕੇਂਦਰੀ ਮੰਤਰੀ ਨੇ ਦੱਸਿਆ ਕਿ ਉਹਨਾਂ ਨੇ ਕੇਂਦਰ ਸਰਕਾਰ ਨੂੰ ਡੇਰਾ ਬਾਬਾ ਨਾਨਕ ਵਿਖੇ ਬਣਾਈ ਇੰਟੇਗਰੇਟਿਡ ਚੈਕ ਪੋਸਟ (ਆਈਸੀਪੀ) ਦਾ ਨਾਂ ਸਤਿ ਕਰਤਾਰ ਆਈਸੀਪੀ ਅਤੇ ਅੰਤਰਰਾਸ਼ਟਰੀ ਸਰਹੱਦ ਤਕ ਜਾਂਦੇ ਕਰਤਾਰਪੁਰ ਲਾਂਘੇ ਵਾਲੀ ਸੜਕ ਦਾ ਨਾਂ ਗੁਰੂ ਨਾਨਕ ਦੇਵ ਮਾਰਗ ਰੱਖਣ ਦੀ ਬੇਨਤੀ ਕੀਤੀ ਹੈ। ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ 8 ਜਾਂ 9 ਨਵੰਬਰ ਨੂੰ ਆਈਸੀਪੀ ਦੇ ਉਦਘਾਟਨੀ ਸਮਾਗਮ ਵਿਚ ਵੀ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਹੈ।

ਇੱਥੇ ਚੱਲ ਰਹੇ ਕੰਮਾਂ ਅਤੇ ਉਹਨਾਂ ਦੇ ਮੁਕੰਮਲ ਹੋਣ ਦੀ ਸਮਾਂ-ਸੀਮਾ ਦਾ ਜਾਇਜ਼ਾ ਲੈਣ ਮਗਰੋਂ ਇਹ ਜਾਣਕਾਰੀ ਦਿੰਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਰੇਲਵੇ ਸਟੇਸ਼ਨ ਦੇ ਆਧੁਨਿਕੀਕਰਨ ਅਤੇ ਇਸ ਨੂੰ ਵਿਰਾਸਤੀ ਸ਼ਕਲ ਦੇਣ ਲਈ ਰੇਲ ਮੰਤਰਾਲੇ ਵੱਲੋਂ 22 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਟੇਸ਼ਨ ਦੇ ਪਲੇਟਫਾਰਮ ਨੂੰ ਉੱਚਾ ਕੀਤਾ ਜਾ ਰਿਹਾ ਹੈ ਅਤੇ ਇੱਕ ਰੇਲ ਅੰਡਰ ਬਰਿੱਜ ਉਸਾਰੀ ਅਧੀਨ ਹੈ।

ਰੇਲਵੇ ਅਧਿਕਾਰੀਆਂ ਨੇ ਵੀ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਕੇਂਦਰੀ ਸੱਭਿਆਚਾਰਕ ਮੰਤਰਾਲੇ ਦੇ ਨਾਲ ਮਿਲ ਕੇ ਰੇਲਵੇ ਸਟੇਸ਼ਨ ਉੱਤੇ ਇੱਕ ਮਲਟੀਮੀਡੀਆ ਮਿਊਜ਼ੀਅਮ ਸਥਾਪਤ ਕੀਤਾ ਜਾ ਰਿਹਾ ਹੈ। ਮੈਂਬਰ ਸਕੱਤਰ ਸਚਿੱਦਾਨੰਦ ਜੋਸ਼ੀ ਸਮੇਤ ਰੇਲ ਮੰਤਰਾਲੇ ਦੇ ਅਧਿਕਾਰੀਆਂ ਨੇ ਵੀ ਇਸ ਪ੍ਰਦਰਸ਼ਨੀ ਵਾਸਤੇ ਸਹਿਯੋਗ ਦੇਣ ਲਈ ਸਾਈਟ ਦਾ ਦੌਰਾ ਕੀਤਾ।

ਇਸ ਪ੍ਰਦਰਸ਼ਨੀ ਵਿਚ ਐਲਈਡੀ ਸਕਰੀਨਾਂ ਦੇ ਇਸਤੇਮਾਲ ਅਤੇ 2-ਡੀ ਇਫੈਕਟਸ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਉੱਤੇ ਚਾਨਣਾ ਪਾਇਆ ਜਾਵੇਗਾ। ਉਹਨਾਂ ਕਿਹਾ ਕਿ 550ਵੇਂ ਪਰਕਾਸ਼ ਪੁਰਬ ਸਮਾਗਮਾਂ ਦੌਰਾਨ ਸ਼ਰਧਾਲੂਆਂ ਲਈ ਸੁਲਤਾਨਪੁਰ ਲੋਧੀ ਜਾਣ ਵਾਸਤੇ 26 ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਉਹਨਾਂ ਇਹ ਵੀ ਦੱਸਿਆ ਕਿ ਦਿੱਲੀ-ਲੁਧਿਆਣਾ ਸ਼ਤਾਬਦੀ ਦੀ ਥਾਂ ਇੱਕ ਨਵੀ ਸੁਪਰ ਫਾਸਟ ਐਕਸਪ੍ਰੈਸ ਚਲਾਈ ਜਾ ਰਹੀ ਹੈ।

ਹਰਸਿਮਰਤ ਬਾਦਲ ਨੇ ਸੁਲਤਾਨਪੁਰ ਲੋਧੀ ਵਿਖੇ ਗੁਰੂ ਸਾਹਿਬ ਦੀ ਜ਼ਿੰਦਗੀ ਅਤੇ ਸਿੱਖਿਆਵਾਂ ਉੱਤੇ ਬਣਾਈ ਜਾਣ ਵਾਲੀ ਇੱਕ ਹੋਰ ਮਲਟੀਮੀਡੀਆ ਪ੍ਰਦਰਸ਼ਨੀ ਦੇ ਕੰਮ ਦਾ ਜਾਇਜ਼ਾ ਲਿਆ। ਇਹ ਪ੍ਰਦਰਸ਼ਨੀ ਕੇਂਦਰੀ ਸੰਚਾਰ ਮੰਤਰਾਲੇ ਵੱਲੋਂ ਲਗਾਈ ਜਾ ਰਹੀ ਹੈ।

ਐਡੀਸ਼ਨਲ ਡਿਪਟੀ ਜਨਰਲ ਮਿਸ ਦੇਵਪ੍ਰੀਤ ਦੀ ਅਗਵਾਈ ਵਿਚ ਮੰਤਰਾਲੇ ਦੇ ਇੱਕ ਵਫ਼ਦ ਨੇ ਇਸ ਮੌਕੇ ਪ੍ਰਦਰਸ਼ਨੀ ਲਈ ਕਰੀਬ 15000 ਫੁੱਟ ਜਗ੍ਹਾ ਦੀ ਸ਼ਨਾਖਤ ਕੀਤੀ। ਅਧਿਕਾਰੀ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਸ਼ਰਧਾਲੂਆਂ ਨੂੰ ਨਿਰਾਲੇ ਅਤੇ ਰੌਚਕ ਅਨੁਭਵ ਕਰਵਾਉਣ ਵਾਲੀ ਇਹ ਪ੍ਰਦਰਸ਼ਨੀ 01 ਨਵੰਬਰ 2019 ਤਕ ਮੁਕੰਮਲ ਹੋ ਜਾਵੇਗੀ।

ਕਿਤਾਬ ਮੇਲੇ ਵਾਸਤੇ ਜਗ੍ਹਾ ਦੀ ਚੋਣ ਕਰਨ ਲਈ ਨੈਸ਼ਨਲ ਬੁੱਕ ਟਰੱਸਟ ਦੇ ਅਧਿਕਾਰੀ ਵੀ ਸੁਲਤਾਨਪੁਰ ਲੋਧੀ ਪਹੁੰਚੇ ਸਨ। ਇਹ ਕਿਤਾਬ ਮੇਲਾ 01 ਨਵੰਬਰ ਤੋਂ 12 ਨਵੰਬਰ ਤਕ ਲਾਇਆ ਜਾਵੇਗਾ।

ਹਰਸਿਮਰਤ ਬਾਦਲ ਨੇ ਜਾਣਕਾਰੀ ਦਿੱਤੀ ਕਿ ਇਸ ਕਿਤਾਬ ਮੇਲੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਸੰਬੰਧਿਤ ਕਿਤਾਬਾਂ ਦਾ ਸੰਗ੍ਰਹਿ ਮਿਲੇਗਾ, ਜੋ ਕਿ ਪਾਠਕਾਂ ਨੂੰ ਮਾਮੂਲੀ ਕੀਮਤ ਉਤੇ ਉਪਲੱਬਧ ਕਰਵਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਨੈਸ਼ਨਲ ਬੁੱਕ ਟਰੱਸਟ ਸ੍ਰੀ ਗੁਰੂ ਨਾਨਕ ਦੇਵ ਜੀ ਉਤੇ ਪੰਜਾਬੀ ਵਿਚ ਲਿਖੀਆਂ ਤਿੰਨ ਕਿਤਾਬਾਂ ਨੂੰ 15 ਭਾਰਤੀ ਭਾਸ਼ਾਵਾਂ ਵਿਚ ਛਾਪੇਗਾ।

ਕੇਂਦਰੀ ਮੰਤਰੀ ਨੇ ਕੇਂਦਰ ਸਰਕਾਰ ਦੇ ਵਿਭਿੰਨ ਪ੍ਰਾਜੈਕਟਾਂ ਉੱਤੇ ਹੋ ਰਹੇ ਕੰਮਾਂ ਉੱਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਹਨਾਂ ਮੀਡੀਆ ਨੂੰ ਦੱਸਿਆ ਕਿ ਪਰਕਾਸ਼ ਪੁਰਬ ਸਮਾਗਮ ਸਿਰਫ ਭਾਰਤ ਵਿਚ ਹੀ ਨਹੀਂ ਸਗੋਂ ਦੁਨੀਆਂ ਦੇ 100 ਦੇਸ਼ਾਂ ਵਿਚ ਮਨਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਜਲਦੀ ਹੀ ਸੁਲਤਾਨਪੁਰ ਲੋਧੀ ਇੱਕ ਸਫੈਦ ਸਿਟੀ ਦਾ ਰੂਪ ਧਾਰਨ ਕਰ ਲਵੇਗਾ ਅਤੇ ਕਿਹਾ ਕਿ ਸਮਾਗਮਾਂ ਵਾਸਤੇ ਗੁਰਦੁਆਰਾ ਬੇਰ ਸਾਹਿਬ ਨੂੰ ਵਿਸ਼ੇਸ਼ ਰੌਸ਼ਨੀਆਂ ਨਾਲ ਸਜਾਇਆ ਜਾਵੇਗਾ।

ਉਹਨਾਂ ਨੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਇਤਿਹਾਸਕ ਫੈਸਲਾ ਲੈਣ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਅਤੇ ਸੁਲਤਾਨਪੁਰ ਲੋਧੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਅਤੇ ਵਿਦੇਸ਼ਾਂ ਵਿਚੋਂ ਆ ਰਹੀ ਸੰਗਤ ਦਾ ਨਿੱਘਾ ਸਵਾਗਤ ਕਰਨ ਅਤੇ ਸਰਬਤ ਦਾ ਭਲਾ ਸੰਦੇਸ਼ ਦਾ ਪ੍ਰਚਾਰ ਕਰਨ।

ਸਾਬਕਾ ਮੰੰਤਰੀ ਉਪਿੰਦਰਜੀਤ ਕੌਰ ਅਤੇ ਸਰਦਾਰ ਦਰਬਾਰਾ ਸਿੰਘ ਗੁਰੂ ਵੀ ਇਸ ਮੌਕੇ ਉੱਤੇ ਮੌਜੂਦ ਸਨ।

Share News / Article

Yes Punjab - TOP STORIES