ਸੁਰਿੰਦਰ ਸਿੰਘ ਤੇ ਟੁੱਟ ਭਰਾ ਖ਼ੇਡ ਮੰਤਰੀ ਨੂੰ ਮਿਲੇ, ਸੁਰਜੀਤ ਹਾਕੀ ਸਟੇਡੀਅਮ ਦੀ ਬਿਹਤਰੀ ਲਈ ਮੰਗਾਂ ਰੱਖੀਆਂ

ਬਠਿੰਡਾ, 9 ਮਾਰਚ, 2020 –

ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ, ਰਣਜੀਤ ਸਿੰਘ ਟੁੱਟ (ਯੂ.ਐੱਸ.ਏ.), ਰਣਬੀਰ ਸਿੰਘ ਟੁੱਟ ਅਤੇ ਸੁਖਮਿੰਦਰ ਸਿੰਘ ਲਾਡੀ (ਬਠਿੰਡਾ) ਨੇ ਅੱਜ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਸਥਾਨਕ ਹੋਟਲ ਵਿਖੇ ਮੁਲਾਕਾਤ ਕੀਤੀ।

ਉਹਨਾਂ ਨੇ ਪੰਜਾਬ ਦੀਆਂ ਵੱਖ-ਵੱਖ ਖੇਡਾਂ ਦੀਆਂ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਨਾਲ ਹੀ ਜਲੰਧਰ ਦੇ ਪ੍ਰਸਿੱਧ ਸੁਰਜੀਤ ਹਾਕੀ ਸਟੇਡੀਅਮ ਵਿਖੇ ਖਰਾਬ ਹੋਈ ਐਸਟਰੋਟਰਫ ਅਤੇ ਫਲੱਡ ਲਾਈਟਸ ਨੂੰ ਜਲਦੀ ਤੋਂ ਜਲਦੀ ਤਬਦੀਲ ਕਰਨ ਦੀ ਮੰਗ ਕੀਤੀ।

ਇੱਥੇ ਇਹ ਦਸਣਯੋਗ ਹੈ ਕਿ ਐਸਟਰੋਟਰਫ ਦੀ ਮਿਆਦ ਪਿਛਲੇ 4-5 ਸਾਲਾਂ ਤੋਂ ਖਤਮ ਹੋ ਚੁੱਕੀ ਹੈ। ਇਸ ਦੇ ਨਾਲ ਹੀ ਸਟੇਡੀਅਮ ਵਿਖੇ ਲੱਗੀਆਂ ਫਲੱਡ ਲਾਈਟਾਂ ਵੀ ਪੁਰਾਣੀ ਤਕਨੀਕ ਦੀਆਂ ਹੋਣ ਕਾਰਨ ਅਕਸਰ ਖਰਾਬ ਹੀ ਰਹਿੰਦੀਆਂ ਹਨ। ਇਹਨਾਂ ਨੂੰ ਵੀ ਜਲਦ ਤੋਂ ਜਲਦ ਨਵੀਂ ਤਕਨੀਕ ਦੀਆਂ ਐਲ.ਈ.ਡੀ. ਲਾਈਟਾਂ ਵਿਚ ਤਬਦੀਲ ਕੀਤਾ ਜਾਵੇ।

ਇਸ ਤੋਂ ਇਲਾਵਾ ਸਥਾਨਕ ਸਪੋਰਟਸ ਸਕੂਲ ਵਿਖੇ ਅਥਲੈਟਿਕਸ ਸਿੰਥੈਟਿਕ ਟਰੈਕ ਦੀ ਹਾਲਤ ਵੀ ਬਹੁਤ ਜ਼ਿਆਦਾ ਮਾੜੀ ਹੋਣ ਕਾਰਨ, ਐਥਲੀਟਾਂ ਦੇ ਦੌੜਨਯੋਗ ਨਹੀਂ ਹੈ। ਇਸ ਨੂੰ ਵੀ ਤਬਦੀਲ ਕਰਨ ਦੀ ਮੰਗ ਕੀਤੀ। ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿਚ ਚਲ ਰਹੇ ਸਪੋਰਟਸ ਵਿੰਗਾਂ/ਅਕੈਡਮੀਆਂ ਵਿਚ ਟਰੇਨਿੰਗ ਲੈ ਰਹੇ ਖਿਡਾਰੀਆਂ ਦੀ ਖੁਰਾਕ/ਰੀਫਰੈਸਮੈਂਟ ਦੀ ਦਰ ਨੂੰ ਵੀ ਵਧਾਉਣ ਦੀ ਮੰਗ ਕੀਤੀ।

ਇਸ ਤੋਂ ਇਲਾਵਾ ਸਪੋਰਟਸ ਵਿੰਗਾਂ ਦੇ ਖਿਡਾਰੀਆਂ ਨੂੰ ਖੇਡਾਂ ਦੇ ਸਮਾਨ ਵੀ ਜਲਦ ਤੋਂ ਜਲਦ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਉਹਨਾਂ ਦੀ ਟਰੇਨਿੰਗ ਵਿਚ ਕੋਈ ਰੁਕਾਵਟ ਨਾ ਆਵੇ। ਪੰਜਾਬ ਦੇ ਸਮੂਹ ਗਰੇਟਿਸ ਕੋਚਾਂ ਦੀ ਤਨਖਾਹ ਵੀ ਵਧਾਈ ਜਾਵੇ ਤਾਂ ਜੋ ਉਹ ਆਪਣਾ ਜੀਵਨ ਨਿਰਵਾਹ ਚੰਗੇ ਤਰੀਕੇ ਨਾਲ ਕਰ ਸਕਣ।

ਸਮੂਹ ਕੋਚਾਂ ਨੂੰ ਵਧੀਆ ਸਪੋਰਟਸ ਕਿੱਟਾਂ ਮੁਹੱਈਆ ਕਰਵਾਈਆਂ ਜਾਣ। ਹਾਲ ਵਿਚ ਹੀ ਜੋ ਪੰਜਾਬ ਸਰਕਾਰ ਵਲੋਂ ਖੇਡਾਂ ਦੇ ਬਜਟ ਵਿਚ ਕੀਤੇ ਵਾਧੇ ਦਾ ਵੀ ਸਵਾਗਤ ਕੀਤਾ।

ਖੇਡ ਮੰਤਰੀ ਜੀ ਵਲੋਂ ਉਪਰੋਕਤ ਮੰਗਾਂ ਨੂੰ ਜਲਦ ਤੋਂ ਜਲਦ ਹਲ ਕਰਨ ਦਾ ਭਰੋਸਾ ਦਿੱਤਾ ਗਿਆ। ਉਹਨਾਂ ਕਿਹਾ ਕਿ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿਚ ਕੋਈ ਵੀ ਔਕੜ ਨਹੀਂ ਆਉਣ ਦਿਤੀ ਜਾਵੇਗੀ ਅਤੇ ਪੰਜਾਬ ਖੇਡਾਂ ਵਿਚ ਭਾਰਤ ਦਾ ਮੋਹਰੀ ਰਾਜ ਬਣੇਗਾ।

Share News / Article

Yes Punjab - TOP STORIES