ਸੁਰਜੀਤ ਹਾਕੀ ਟੂਰਨਾਮੈਂਟ – ਪੰਜਾਬ ਐਂਡ ਸਿੰਧ ਬੈਂਕ ਦਿੱਲੀ ਲੀਗ ਦੌਰ ਵਿੱਚ ਦਾਖਲ, ਪੀ.ਐਨ.ਬੀ. ਨੇ ਏਅਰ ਫੋਰਸ ਨੂੰ ਹਰਾਇਆ

ਜਲੰਧਰ, 11 ਅਕਤੂਬਰ, 2019:

ਸਾਬਕਾ ਜੇਤੂ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੇ ਸੀਏਜੀ (ਕੈਗ) ਦਿੱਲੀ ਨੂੰ 5-1 ਦੇ ਫਰਕ ਨਾਲ ਹਰਾ ਕੇ 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਲੀਗ ਦੌਰ ਵਿੱਚ ਪ੍ਰਵੇਸ਼ ਕਰ ਲਿਆ ਜਦ ਕਿ ਪੰਜਾਬ ਨੈਸ਼ਨਲ ਬੈਂਕ ਦਿੱਲੀ ਨੇ ਭਾਰਤੀ ਏਅਰ ਫੋਰਸ ਨੂੰ 1-0 ਦੇ ਫਰਕ ਨਾਲ ਹਰਾ ਕੇ ਨਾਕ ਆਊਟ ਵਰਗ ਦੇ ਅਗਲੇ ਦੌਰ ਵਿੱਚ ਪ੍ਰਵੇਸ਼ ਕਰ ਲਿਆ।

ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ ਉਕਤ ਟੂਰਨਾਮੈਂਟ ਦੇ ਦੂਜੇ ਦਿਨ ਦੋ ਮੈਚ ਖੇਡੇ ਗਏ। ਟੂਰਨਾਮੈਂਟ ਦਾ ਰਸਮੀ ਉਦਘਾਟਨ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕੀਤਾ। ਜਦਕਿ ਸਮਾਰੋਹ ਦੀ ਪ੍ਰਧਾਨਗੀ ਵਿਧਾਇਕ ਪਰਗਟ ਸਿਂੰਘ ਨੇ ਕੀਤੀ। ਇਸ ਮੌਕੇ ਤੇ ਸਰਕਾਰੀ ਸਕੂਲ ਆਦਰਸ਼ ਨਗਰ ਦੀਆਂ ਬੱਚੀਆਂ ਨੇ ਸ਼ਬਦ ਗਾਇਨ ਕੀਤਾ ਜਦਕਿ ਡੇਵੀਅਟ ਦੀਆਂ ਮੁਟਿਆਰਾਂ ਨੇ ਗਿੱਧਾ ਅਤੇ ਗਭਰੂਆਂ ਨੇ ਭੰਗੜੇ ਦੀ ਪੇਸ਼ਕਾਰੀ ਕੀਤੀ।

ਉਦਘਾਟਨੀ ਮੈਚ ਦੇ ਸ਼ੁਰੂਆਤੀ ਪਲਾਂ ਵਿੱਚ ਪੰਜਾਬ ਐਂਡ ਸਿੰਧ ਬੈਂਕ ਨੇ ਦਬਦਬਾ ਬਣਾਇਆ ਪਰ ਲੀਡ ਨਾ ਲੈ ਸਕੇ। ਖੇਡ ਦੇ ਪਹਿਲੇ ਕਵਾਰਟਰ ਦੇ ਆਖਰੀ ਮਿੰਟ ਵਿੱਚ ਕੈਗ ਦੇ ਇਮਰਾਨ ਖਾਨ (ਜੂਨੀਅਰ) ਨੇ ਮੈਦਾਨੀ ਗੋਲ ਕਰਕੇ ਖਾਤਾ ਖੋਲਿ੍ਹਆ। ਦੂਜੇ ਕਵਾਰਟਰ ਦੇ 22ਵੇਂ ਮਿੰਟ ਵਿੱਚ ਬੈਂਕ ਦੇ ਵਰਿੰਦਰ ਸਿੰਘ ਨੇ ਗੋਲ ਕਰਕੇ ਬਰਾਬਰੀ ਕੀਤੀ।

ਤੀਸਰੇ ਕਵਾਰਟਰ ਦੇ 35ਵੇਂ ਮਿੰਟ ਵਿੱਚ ਬੈਂਕ ਦੇ ਪ੍ਰਿੰਸ ਨੇ ਪੈਨਲਟੀ ਕਾਰਨਰ ਰਾਂਹੀ ਅਤੇ 38ਵੇਂ ਮਿੰਟ ਵਿੱਚ ਜਸਕਰਨ ਸਿੰਘ ਨੇ ਮੈਦਾਨੀ ਗੋਲ ਕਰਕੇ ਬੈਂਕ ਨੂੰ 3-1 ਨਾਲ ਅੱਗੇ ਕਰ ਦਿੱਤਾ। 49ਵੇਂ ਮਿੰਟ ਵਿੱਚ ਬੈਂਕ ਦੇ ਰਣਜੋਧ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 4-1 ਕੀਤਾ। 57ਵੇਂ ਮਿੰਟ ਵਿੱਚ ਬੈਂਕ ਦੇ ਗਗਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 5-1 ਕੀਤਾ।

ਪਹਿਲੇ ਮੈਚ ਵਿੱਚ ਪੰਜਾਬ ਨੈਸ਼ਨਲ ਬੈਂਕ ਦਿੱਲੀ ਨੂੰ ਭਾਰਤੀ ਏਅਰ ਫੋਰਸ ਨੇ ਸਖਤ ਟੱਕਰ ਦਿੱਤੀ। ਬੈਂਕ ਵਲੋਂ ਖੇਡ ਦੇ 26ਵੇਂ ਮਿੰਟ ਵਿੱਚ ਵਿਸ਼ਾਲ ਆਂਟਿਲ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਖਾਤਾ ਖੋਲਿਆ। ਇਸ ਤੋਂ ਬਾਅਦ ਏਅਰ ਫੋਰਸ ਨੇ ਗੋਲ ਕਰਨ ਲਈ ਲਗਾਤਾਰ ਹਮਲੇ ਕੀਤੇ ਪਰ ਕੋਈ ਲਾਭ ਨਾ ਹੋਇਆ। ਅੱਧੇ ਸਮੇਂ ਤੱਕ ਬੈਂਕ 1-0 ਨਾਲ ਅੱਗੇ ਸੀ। ਬੈਂਕ ਦੀ ਜਿੱਤ ਵਿੱਚ ਬੈਂਕ ਦੇ ਗੋਲ ਕੀਪਰ ਜਸਬੀਰ ਸਿੰਘ ਦਾ ਅਹਿਮ ਯੋਗਦਾਨ ਰਿਹਾ।

ਅੱਜ ਦੇ ਮੈਚਾਂ ਸਮੇਂ ਜਲੰਧਰ ਦੇ ਵਿਧਾਇਕ ਰਜਿੰਦਰ ਬੇਰੀ, ਗਾਖਲ ਪਰਿਵਾਰ, ਮਰਵਾਹਾ ਪਰਿਵਾਰ, ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਏਡੀਸੀ ਜਸਬੀਰ ਸਿੰਘ, ਨਵਜੋਤ ਸਿੰਘ ਮਾਹਲ ਐਸਐਸਪੀ ਰੂਰਲ ਜਲੰਧਰ, ਇਕਬਾਲ ਸਿੰਘ ਸੰਧੂ, ਅਨਿਲ ਚੋਪੜਾ ਸੇਂਟ ਸੋੋਲਜ਼ਰ ਗਰੁੱਪ, ਰਾਮ ਪ੍ਰਤਾਪ, ਗੁਰਚਰਨ ਸਿੰਘ ਏਅਰ ਇੰਡੀਆ, ਉਲੰਪੀਅਨ ਦਵਿੰਦਰ ਸਿੰਘ ਗਰਚਾ, ਐਨ ਕੇ ਅਗਰਵਾਲ, ਉਲੰਪੀਅਨ ਸੰਜੀਵ ਕੁਮਾਰ, ਰਿਪੁਦਮਨ ਕੁਮਾਰ ਸਿੰਘ, ਗੁਰਿੰਦਰ ਸਿੰਘ ਸੰਘਾ, ਸੁਰਿੰਦਰ ਸਿੰਘ ਭਾਪਾ, ਗੁਰਵਿੰਦਰ ਸਿੰਘ ਗੁਲੂ, ਪ੍ਰੋ. ਕ੍ਰਿਪਾਲ ਸਿੰਘ ਮਠਾਰੂ, ਐਚ ਐਸ ਸੰਘਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇਸ ਨੂੰ ਵੀ ਪੜ੍ਹੋ:
ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ

Share News / Article

Yes Punjab - TOP STORIES