ਸੁਰਜੀਤ ਹਾਕੀ ਟੂਰਨਾਮੈਂਟ – ਪੰਜਾਬ ਐਂਡ ਸਿੰਧ ਬੈਂਕ ਸੈਮੀਫਾਇਨਲ ਵਿੱਚ

ਜਲੰਧਰ, 17 ਅਕਤੂਬਰ, 2019:

ਪੰਜਾਬ ਐਂਡ ਸਿੰਧ ਬੈਂਕ ਦੀ ਟੀਮ ਬੇਹਤਰ ਗੋਲ ਔਸਤ ਦੇ ਆਧਾਰ ਤੇ ਭਾਰਤੀ ਰੇਲਵੇ ਨੂੰ ਪਛਾੜ ਕੇ 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਸੈਮੀਫਾਇਨਲ ਵਿੱਚ ਪ੍ਰਵੇਸ਼ ਕਰ ਗਈ। ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚਲ ਰਹੇ ਉਕਤ ਟੂਰਨਾਮੈਂਟ ਦੇ ਆਖਰੀ ਲੀਗ ਮੈਚ ਵਿੱਚ ਪੰਜਾਬ ਐਂਡ ਸਿੰਧ ਬੈਂਕ ਅਤੇ ਭਾਰਤੀ ਰੇਲਵੇ ਦੀਆਂ ਟੀਮਾਂ 3-3 ਦੀ ਬਰਾਬਰੀ ਤੇ ਰਹੀਆਂ।

ਦੋਵੇਂ ਟੀਮਾਂ ਦੇ ਤਿੰਨ ਤਿੰਨ ਮੈਚਾਂ ਤੋਂ ਬਾਅਦ 3-3 ਅੰਕ ਹੀ ਸਨ ਪਰ ਬੈਂਕ ਵਲੋਂ ਲੀਗ ਮੈਚਾਂ ਵਿੱਚ ਵੱਧ ਗੋਲ ਕੀਤੇ ਜਾਣ ਕਾਰਨ ਬੈਂਕ ਨੇ ਸੈਮੀਫਾਇਨਲ ਵਿੱਚ ਸਥਾਨ ਬਣਾਇਆ। ਪਹਿਲੇ ਸੈਮੀਫਾਇਨਲ ਵਿੱਚ ਆਰਮੀ ਇਲੈਵਨ ਦਾ ਮੁਕਾਬਲਾ ਪੰਜਾਬ ਐਂਡ ਸਿੰਧ ਬੈਂਕ ਨਾਲ ਅਤੇ ਦੂਜਾ ਸੈਮੀਫਾਇਨਲ ਇੰਡੀਅਨ ਆਇਲ ਅਤੇ ਪੰਜਾਬ ਪੁਲਿਸ ਦਰਮਿਆਨ ਖੇਡਿਆ ਜਾਵੇਗਾ।

ਸੈਮੀਫਾਇਨਲ ਮੈਚ ਦਾ ਸਿੱਧਾ ਪ੍ਰਸਾਰਣ ਪੀਟੀਸੀ ਨਿਊਜ ਚੈਨਲ ਤੇ ਕੀਤਾ ਜਾਵੇਗਾ। ਲੀਗ ਦੌਰ ਦੇ ਇਕ ਹੋਰ ਮੈਚ ਵਿੱਚ ਓਐਨਜੀਸੀ ਦਿੱਲੀ ਅਤੇ ਭਾਰਤੀ ਨੇਵੀ ਮੁੰਬਈ ਦੀਆਂ ਟੀਮਾਂ 2-2 ਦੀ ਬਰਾਬਰੀ ਤੇ ਰਹੀਆਂ। ਪਰ ਇਹ ਦੋਵੇਂ ਟੀਮਾਂ ਸੈਮੀਫਾਇਨਲ ਦੀ ਦੋੜ ਤੋਂ ਬਾਹਰ ਹੋ ਗਈਆਂ।

ਪੂਲ ਬੀ ਦੇ ਸੰਘਰਸ਼ਪੂਰਨ ਮੈਚ ਵਿੱਚ ਭਾਰਤੀ ਰੇਲਵੇ ਅਤੇ ਪੰਜਾਬ ਐਂਡ ਸਿੰਧ ਬੈਂਕ ਦੀਆਂ ਟੀਮਾਂ ਨੇ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਖੇਡ ਦੇ ਚੋਥੇ ਮਿੰਟ ਵਿੱਚ ਰੇਲਵੇ ਦੇ ਪ੍ਰਦੀਪ ਸਿੰਘ ਸੰਧੂ ਨੇ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। 27ਵੇਂ ਮਿੰਟ ਵਿੱਚ ਰੇਲਵੇ ਦੇ ਕੁਜਨ ਟੋਪਨੋ ਨੇ ਗੋਲ ਕਰਕੇ ਸਕੋਰ 2-0 ਕੀਤਾ। ਅੱਧੇ ਸਮੇਂ ਤੱਕ ਰੇਲਵੇ 2-0 ਨਾਲ ਅੱਗੇ ਸੀ।

33ਵੇਂ ਮਿੰਟ ਵਿੱਚ ਬੈਂਕ ਦੇ ਜਸਕਰਨ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 1-2 ਕੀਤਾ। 49ਵੇਂ ਮਿੰਟ ਵਿੱਚ ਬੈਂਕ ਦੇ ਸਤਬੀਰ ਸਿੰਘ ਨੇ ਮੈਦਾਨੀ ਗੋਲ ਕਰਕੇ ਬਰਾਬਰੀ ਕੀਤੀ (2-2). 51ਵੇਂ ਮਿੰਟ ਵਿੱਚ ਰੇਲਵੇ ਦੇ ਪ੍ਰਦੀਪ ਸਿੰਘ ਸੰਧੂ ਨੇ ਗੋਲ ਕਰਕੇ ਸਕੋਰ 3-2 ਕੀਤਾ। 57ਵੇਂ ਮਿੰਟ ਵਿੱਚ ਬੈਂਕ ਦੇ ਹਰਮਨਜੀਤ ਸਿੰਘ ਨੇ ਗੋਲ ਕਰਕੇ ਸਕੋਰ 3-3 ਕਰਕੇ ਬਰਾਬਰੀ ਕੀਤੀ।

ਪੂਲ ਏ ਦੇ ਆਖਰੀ ਲੀਗ ਮੈਚ ਵਿੱਚ ਓਐਨਜੀਸੀ ਦਿੱਲੀ ਅਤੇ ਭਾਰਤੀ ਨੇਵੀ ਮੁੰਬਈ ਦਰਮਿਆਨ ਖੇਡਿਆ ਗਿਆ। ਓਐਨਜੀਸੀ ਵਲੋਂ 22ਵੇਂ ਮਿੰਟ ਵਿੱਚ ਜਗਵੰਤ ਸਿੰਘ ਨੇ ਗੋਲ ਕੀਤਾ। 30ਵੇਂ ਅਤੇ 36ਵੇਂ ਮਿੰਟ ਵਿੱਚ ਭਾਰਤੀ ਨੇਵੀ ਦੇ ਪਵਨ ਰਾਜਬਹਾਰ ਨੇ ਦੋ ਗੋਲ ਕਰਕੇ ਸਕੋਰ 2-1 ਕੀਤਾ।

ਖੇਡ ਦੇ 41ਵੇਂ ਮਿੰਟ ਵਿੱਚ ਓਐਨਜੀਸੀ ਦੇ ਅਮਨਪ੍ਰੀਤ ਸਿੰਘ ਨੇ ਗੋਲ ਕਰਕੇ ਬਰਾਬਰੀ ਕੀਤੀ। ਮੈਚ ਬਰਾਬਰ ਰਹਿਣ ਕਰਕੇ ਦੋਵਾਂ ਟੀਮਾਂ ਨੂੰ ਇਕ ਇਕ ਅੰਕ ਮਿਲਿਆ। ਓਐਨਜੀ ਸੀ ਤਿੰਨ ਲੀਗ ਮੈਚਾਂ ਵਿੱਚ ਦੋ ਅੰਕ ਹਾਸਲ ਕਰ ਸਕੀ ਜਦਕਿ ਭਾਰਤੀ ਨੇਵੀ ਦੇ ਤਿੰਨ ਲੀਗ ਮੈਚਾਂ ਤੋਂ 2 ਅੰਕ ਸਨ। ਦੋਵੇਂ ਟੀਮਾਂ ਸੈਮੀਫਾਇਨਲ ਦੀ ਦੌੜ ਵਿਚੋਂ ਬਾਹਰ ਹੋ ਚੁਕੀਆਂ ਹਨ।

ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਜਲੰਧਰ ਕਮਿਸ਼ਨਰੇਟ, ਨਵਜੋਤ ਸਿੰਘ ਮਾਹਲ ਐਸਐਸਪੀ ਜਲੰਧਰ ਦਿਹਾਤੀ, ਰਮੇਸ਼ ਮਿੱਤਲ ਲਵਲੀ ਗਰੁਪ, ਨਿਤਿਨ ਕੋਹਲੀ ਪ੍ਰਧਾਨ ਹਾਕੀ ਪੰਜਾਬ ਅਤੇ ਟੂਰਨਾਮੈਂਟ ਦੀ ਜੇਤੂ ਟੀਮ ਨੂੰ 5-50 ਲੱਖ ਰੁਪਏ ਦੇਣ ਵਾਲੇ ਅਮੋਲਕ ਸਿੰਘ ਗਾਖਲ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ

ਇਸ ਮੌਕੇ ਤੇ ਅਮਰੀਕ ਸਿੰਘ ਪੁਆਰ ਡੀਸੀਪੀ, ਲਖਵਿੰਦਰ ਪਾਲ ਸਿੰਘ ਖਹਿਰਾ, ਹਰਪ੍ਰੀਤ ਮੰਡੇਰ ਉਲੰਪੀਅਨ, ਐਲ ਆਰ ਨਈਅਰ, ਰਾਮ ਪ੍ਰਤਾਪ, ਕਿਰਪਾਲ ਸਿੰਘ ਮਠਾਰੂ, ਜਰਨੈਲ ਸਿੰਘ ਕੁਲਾਰ, ਸੁਰਿੰਦਰ ਸਿੰਘ ਭਾਪਾ, ਇਕਬਾਲ ਸਿੰਘ ਸੰਧੂ, ਮਨਜੀਤ ਸਿੰਘ ਕਪੂਰ, ਜਗਦੀਪ ਗਿੱਲ, ਰਿਪੁਦਮਨ ਕੁਮਾਰ ਸਿੰਘ, ਉਲੰਪੀਅਨ ਮੁਖਬੈਨ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।