25.1 C
Delhi
Tuesday, April 23, 2024
spot_img
spot_img

ਸੁਤੰਤਰ ਅਤੇ ਨਿਰਪੱਖ ਜ਼ਿਮਨੀ ਚੋਣਾਂ ਲਈ ਨੀਮ ਫ਼ੌਜੀ ਦਸਤੇ ਤਾਇਨਾਤ ਕੀਤੇ ਜਾਣ: ਅਕਾਲੀ ਦਲ

ਚੰਡੀਗੜ੍ਹ, 07 ਅਕਤੂਬਰ, 2019:

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਚੋਣ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਚਾਰ ਵਿਧਾਨ ਸਭਾ ਹਲਕਿਆਂ ਵਿਚ ਜ਼ਿਮਨੀ ਚੋਣਾਂ ਕਰਵਾਉਣ ਲਈ ਪੰਜਾਬ ਅੰਦਰ ਨੀਮ ਫੌਜੀ ਦਸਤੇ ਤਾਇਨਾਤ ਕੀਤੇ ਜਾਣ। ਇਸ ਤੋਂ ਇਲਾਵਾ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਾਉਣ ਲਈ ਪਾਰਟੀ ਨੇ ਸਾਰੇ ਬੂਥਾਂ ਦੀ ਵੀਡਿਓਗਰਾਫੀ ਕਰਵਾਉਣ ਦੀ ਵੀ ਮੰਗ ਕੀਤੀ ਹੈ।

ਇਸ ਸੰਬੰਧੀ ਇੱਕ ਮੰਗ ਪੱਤਰ ਦੇਣ ਤੋਂ ਬਾਅਦ ਜਾਣਕਾਰੀ ਦਿੰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਨੇ ਮੁੱਖ ਚੋਣ ਅਧਿਕਾਰੀ ਡਾਕਟਰ ਕਰੁਣਾ ਰਾਜੂ ਨੂੰ ਜਾਣੂ ਕਰਵਾ ਦਿੱਤਾ ਹੈ ਕਿ ਕਾਂਗਰਸ ਪਾਰਟੀ ਜ਼ਿਮਨੀ ਚੋਣਾਂ ਵਾਲੇ ਚਾਰੇ ਵਿਧਾਨ ਸਭਾ ਹਲਕਿਆਂ ਅੰਦਰ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਲਈ ਡਰ ਦਾ ਮਾਹੌਲ ਪੈਦਾ ਕਰ ਰਹੀ ਹੈ।

ਇਹੀ ਸਭ ਕੁੱਝ ਕਾਂਗਰਸ ਨੇ ਸਥਾਨਕ ਇਕਾਈਆਂ ਅਤੇ ਨਗਰ ਨਿਗਮਾਂ ਦੀਆਂ ਚੋਣਾਂ ਵੇਲੇ ਵੀ ਕੀਤਾ ਸੀ। ਡਾਕਟਰ ਚੀਮਾ ਨੇ ਕਿਹਾ ਕਿ ਕਾਂਗਰਸ ਦੇ ਇਸ ਹਥਕੰਡੇ ਨੂੰ ਨਾਕਾਮ ਕਰਨ ਲਈ ਨੀਮ ਫੌਜੀ ਦਸਤਿਆਂ ਨੂੰ ਤਾਇਨਾਤ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਸਾਰੇ ਬੂਥਾਂ ਦੀ ਅੰਦਰੋਂ ਅਤੇ ਬਾਹਰੋ ਵੀਡਿਓਗ੍ਰਾਫੀ ਕੀਤੀ ਜਾਵੇ। ਅਕਾਲੀ ਦਲ ਨੇ ਸੁਤੰਤਰ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਚੋਣ ਨਿਗਰਾਨਾਂ ਦੀ ਗਿਣਤੀ ਵਧਾਉਣ ਦੀ ਵੀ ਮੰਗ ਕੀਤੀ।

ਡਾਕਟਰ ਚੀਮਾ ਨੇ ਕਿਹਾ ਕਿ ਚੋਣ ਅਧਿਕਾਰੀ ਨੇ ਅਕਾਲੀ ਵਫ਼ਦ ਨੂੰ ਭਰੋਸਾ ਦਿਵਾਇਆ ਹੈ ਕਿ ਸਾਰੇ ਬੂਥਾਂ ਦੀ ਵੀਡਿਓਗ੍ਰਾਫੀ ਕੀਤੀ ਜਾਵੇਗੀ ਅਤੇ ਸਾਰੇ ਬੂਥਾਂ ਅੰਦਰ ਮਾਈਕਰੋ ਚੋਣ ਨਿਗਰਾਨ ਤਾਇਨਾਤ ਕੀਤੇ ਜਾਣਗੇ। ਚੋਣ ਅਧਿਕਾਰੀ ਨੇ ਇਹ ਵੀ ਭਰੋਸਾ ਦਿਵਾਇਆ ਹੈ ਕਿ ਮਾਈਕਰੋ ਨਿਗਰਾਨ ਕੇਂਦਰ ਸਰਕਾਰ ਦੇ ਕਰਮਚਾਰੀ ਹੋਣਗੇ।

ਇੱਕ ਹੋਰ ਵਫ਼ਦ ਰਾਹੀਂ ਅਕਾਲੀ ਦਲ ਨੇ ਦਾਖਾ ਵਿਧਾਨ ਸਭਾ ਹਲਕੇ ਅੰਦਰ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਦਾਖਾ ਦੇ ਐਸਐਚਓ ਪ੍ਰੇਮ ਸਿੰਘ ਦਾ ਲੁਧਿਆਣਾ ਜ਼ਿਲ੍ਹੇ ‘ਚੋਂ ਤਬਾਦਲਾ ਕਰਨ ਅਤੇ ਉਸ ਵੱਲੋਂ ਕੀਤੀਆਂ ਧੱਕੇਸ਼ਾਹੀਆਂ ਅਤੇ ਬੇਨਿਯਮੀਆਂ ਦੀ ਇੱਕ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ।

ਵਫ਼ਦ ਨੇ ਕਿਹਾ ਕਿ ਇਹ ਐਸਐਚਓ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਚੋਣਾਂ ਦੇ ਐਲਾਨ ਤੋ ਪਹਿਲਾਂ ਹੀ ਵਿਰੋਧੀਆਂ ਨੂੰ ਧਮਕਾਉਣ ਲਈ ਇਸ ਨੂੰ ਦਾਖਾ ਵਿਖੇ ਲਾ ਦਿੱਤਾ ਗਿਆ ਸੀ। ਇਸ ਨੇ ਸਥਾਨਕ ਇਕਾਈਆਂ ਦੀਆਂ ਚੋਣਾਂ ਵੇਲੇ ਬਤੌਰ ਐਸਐਚਓ ਡੇਹਲੋਂ ਵੀ ਇਹੀ ਕੁੱਝ ਕੀਤਾ ਸੀ।

ਡਾਕਟਰ ਚੀਮਾ ਨੇ ਐਸਐਚਓ ਵੱਲੋਂ ਅਤੀਤ ਵਿਚ ਇੱਕ ਉਮੀਦਵਾਰ ਨੂੰ ਦਿੱਤੀਆਂ ਧਮਕੀਆਂ ਦੀ ਆਡਿਓ ਵੀ ਚੋਣ ਅਧਿਕਾਰੀ ਨੂੰ ਸੌਂਪੀ। ਇਸ ਆਡਿਓ ਵਿਚ ਐਸਐਚਓ ਅਮਨ ਅਰੋੜਾ ਨੂੰ ਧਮਕੀ ਦੇ ਰਿਹਾ ਹੈ, ਜਿਸ ਦੀ ਪਤਨੀ ਲੁਧਿਆਣਾ ਜ਼ਿਲ੍ਹੇ ਵਿਚ ਸ਼ਹੀਦ ਭਗਤ ਸਿੰਘ ਨਗਰ ਤੋਂ ਚੋਣ ਲੜ ਰਹੀ ਸੀ। ਐਸਐਚਓ ਕਹਿੰਦਾ ਸੁਣਾਈ ਦਿੰਦਾ ਹੈ ਕਿ ਉਹ ਕਾਂਗਰਸੀ ਉਮੀਦਵਾਰ ਦੇ ਹੱਕ ਵਿਚ ਨਾ ਬੈਠੀ ਤਾਂ ਉਸ ਨੂੰ ਨਤੀਜੇ ਭੁਗਤਣੇ ਪੈਣਗੇ।

ਅਕਾਲੀ ਵਫ਼ਦ ਨੇ ਵਿਸਥਾਰ ਵਿਚ ਦੱਸਿਆ ਕਿ ਕਿਸ ਤਰ੍ਹਾਂ ਐਸਐਚਓ ਦਾ ਬੇਟਾ ਜਸਪਰਮਵੀਰ ਸਿੰਘ (ਗੋਲਡੀ ਭੰਗੂ) ਕਾਂਗਰਸ ਪਾਰਟੀ ਦਾ ਇੱਕ ਸਰਗਰਮ ਆਗੂ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ੱਦੀ ਜ਼ਿਲ੍ਹੇ ਵਿਚ ਪੈਂਦੇ ਸਲੇਮਪੁਰ ਸੇਖਾਂ ਜ਼ੋਨ ਤੋਂ ਪੰਚਾਇਤ ਸੰਮਤੀ ਦੀ ਚੋਣ ਵੀ ਲੜ ਚੁੱਕਿਆ ਹੈ।

ਉਹਨਾਂ ਕਿਹਾ ਕਿ ਐਸਐਚਓ ਵੱਲੋਂ ਅਤੀਤ ਵਿਚ ਕੀਤੀਆਂ ਧੱਕੇਸ਼ਾਹੀਆਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਗੱਲ ਦੀ ਵੀ ਪੜਤਾਲ ਹੋਣੀ ਚਾਹੀਦੀ ਹੈ ਕਿ ਐਸਐਚਓ ਨੇ ਚੋਣ ਕਮਿਸ਼ਨ ਨੂੰ ਕਿਉਂ ਨਹੀਂ ਦੱਸਿਆ ਕਿ ਉਸ ਦਾ ਬੇਟਾ ਕਾਂਗਰਸ ਪਾਰਟੀ ਦਾ ਇੱਕ ਸਰਗਰਮ ਆਗੂ ਹੈ।

ਅਕਾਲੀ ਦਲ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਸ ਐਸਐਚਓ ਨੂੰ ਅਤੀਤ ਵਿਚ ਕੀਤੇ ਮਾੜੇ ਕੰਮਾਂ ਦੀ ਸਜ਼ਾ ਦੇਣ ਦੀ ਬਜਾਇ ਕਾਂਗਰਸ ਸਰਕਾਰ ਨੇ ਉਸ ਨੂੰ ਦਾਖਾ ਹਲਕੇ ਅੰਦਰ ਐਸਐਚਓ ਲਗਾ ਦਿੱਤਾ ਹੈ, ਜਿੱਥੇ ਜ਼ਿਮਨੀ ਚੋਣ ਹੋ ਰਹੀ ਹੈ ਅਤੇ ਮੁੱਖ ਮੰਤਰੀ ਦਾ ਕਾਰਜ ਸਾਧਕ ਅਧਿਕਾਰੀ ਸੰਦੀਪ ਸੰਧੂ ਕਾਂਗਰਸੀ ਉਮੀਦਵਾਰ ਵਜੋਂ ਚੋਣ ਲੜ ਰਿਹਾ ਹੈ।

ਵਫ਼ਦ ਦੇ ਮੈਂਬਰਾਂ ਵਿਚ ਹੋਰਨਾਂ ਤੋਂ ਇਲਾਵਾ ਅਕਾਲੀ ਦਲ ਪ੍ਰਧਾਨ ਦੇ ਸਿਆਸੀ ਸਕੱਤਰ ਸਰਦਾਰ ਚਰਨਜੀਤ ਸਿੰਘ ਬਰਾੜ, ਅਕਾਲੀ ਦਲ ਦੇ ਕਾਨੂੰਨੀ ਸੈਲ ਵੱਲੋਂ ਸਰਦਾਰ ਅਰਸ਼ਦੀਪ ਸਿੰਘ ਕਲੇਰ ਅਤੇ ਅਕਾਲੀ ਦਲ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਸਰਦਾਰ ਹਰਦੀਪ ਸਿੰਘ ਬੁਟਰੇਲਾ ਵੀ ਸ਼ਾਮਿਲ ਸਨ।

ਇਸ ਨੂੰ ਵੀ ਪੜ੍ਹੋ:
ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ

HS Bawa Gobind Singh Longowal

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION