ਸੁਖਬੀਰ ਸਿੰਘ ਬਾਦਲ ਵੱਲੋਂ ਐਸ ਓ ਆਈ ਨੂੰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੀਆਂ ਚੋਣਾਂ ‘ਚ ਸ਼ਾਨਦਾਰ ਜਿੱਤ ਹਾਸਿਲ ਕਰਨ ਲਈ ਵਧਾਈ

ਚੰਡੀਗੜ੍ਹ, 06 ਸਤੰਬਰ, 2019:

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੀਆਂ ਚੋਣਾਂ ‘ਚ ਸ਼ਾਨਦਾਰ ਜਿੱਤ ਹਾਸਿਲ ਕਰਨ ਲਈ ਸਟੂਡੈਂਟਸ ਆਰਗੇਨਾਈਜ਼ੇਸਨ ਆਫ ਇੰਡੀਆ (ਐਸਓਆਈ) ਨੂੰ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਇਹ ਜਿੱਤ ਸੂਬੇ ਦੇ ਨੌਜਵਾਨਾਂ ਅੰਦਰ ਜ਼ੋਰ ਫੜ ਚੁੱਕੀ ਭਾਵਨਾ ਦਾ ਪ੍ਰਤੀਕ ਹੈ।

ਅਕਾਲੀ ਦਲ ਪ੍ਰਧਾਨ ਨੇ ਐਸਓਆਈ ਦੇ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਚੇਤਨ ਚੌਧਰੀ ਨੂੰ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (ਪੀਯੂਸੀਐਸਸੀ) ਦੇ ਸਾਰੇ ਵੱਡੇ ਅਹੁਦਿਆਂ ਉੱਤੇ ਜਿੱਤ ਹਾਸਿਲ ਕਰਨ ਲਈ ਵਧਾਈ ਦਿੱਤੀ। 2015 ਤੋਂ ਬਾਅਦ ਇਹ ਦੂਜੀ ਵਾਰ ਹੈ, ਜਦੋਂ ਐਸਓਆਈ ਨੇ ਵਿਦਿਆਰਥੀ ਕੌਂਸਲ ਚੋਣਾਂ ਵਿਚ ਜਿੱਤ ਹਾਸਿਲ ਕੀਤੀ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਅੰਦਰ ਪੂਰੇ ਪੰਜਾਬ ਦੇ ਵਿਦਿਆਰਥੀ ਪੜ੍ਹਦੇ ਹਨ, ਇਸ ਲਈ ਇਹ ਚੋਣ ਨਤੀਜੇ ਸੂਬੇ ਦੇ ਨੌਜਵਾਨਾਂ ਦੇ ਸਿਆਸੀ ਝੁਕਾਅ ਦੀ ਸੱਚੀ ਪ੍ਰਤੀਨਿਧਤਾ ਕਰਦੇ ਹਨ।ਉਹਨਾਂ ਕਿਹਾ ਕਿ ਤੱਥ ਇਹ ਹੈ ਕਿ ਐਸਓਆਈ ਨੇ ਸਾਰੀਆਂ ਔਕੜਾਂ ਨੂੰ ਪਾਰ ਕਰਕੇ ਇਹ ਜਿੱਤ ਹਾਸਿਲ ਕੀਤੀ ਹੈ ਅਤੇ ਪ੍ਰਧਾਨਗੀ ਦੇ ਅਹੁਦੇ ਲਈ ਚੋਣਾਂ ਵਿਚ ਐਨਐਸਯੂਆਈ ਦਾ ਚੌਥੇ ਸਥਾਨ ਉੱਤੇ ਆਉਣਾ ਦੱਸਦਾ ਹੈ ਕਿ ਨੌਜਵਾਨਾਂ ਦਾ ਕਾਂਗਰਸ ਪਾਰਟੀ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਚੁੱਕਿਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ (ਇੰਚਾਰਜ ਯੁਵਕ) ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਵੀ ਇਸ ਸ਼ਾਨਦਾਰ ਜਿੱਤ ਲਈ ਐਸਓਆਈ ਨੂੰ ਵਧਾਈ ਦਿੱਤੀ। ਉਹਨਾਂ ਇਸ ਜਿੱਤ ਨੂੰ ਹਾਂ-ਪੱਖੀ ਅਤੇ ਅਰਥ-ਭਰਪੂਰ ਤਬਦੀਲੀ ਕਰਾਰ ਦਿੱਤਾ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਲਈ ਕੀਤੀਆਂ ਜੀਅ-ਤੋੜ ਕੋਸਿ਼ਸ਼ਾਂ ਦੇ ਬਾਵਜੂਦ ਇਹ ਆਪਸੀ ਸਾਂਝ ਦੀ ਜਿੱਤ ਹੈ।

ਅਕਾਲੀ ਆਗੂ ਨੇ ਇਹ ਟਿੱਪਣੀਆਂ ਅੱਜ ਯੂਥ ਅਕਾਲੀ ਦਲ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਐਸਓਆਈ ਦੇ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਨਾਲ ਪੀਯੂ ਕੈਂਪਸ ਦਾ ਦੌਰਾ ਕਰਨ ਵੇਲੇ ਕੀਤੀਆਂ। ਇਸ ਦੌਰਾਨ ਸਟੂਡੈਂਟਸ ਸੈਂਟਰ ਵਿਖੇ ਸਰਦਾਰ ਮਜੀਠੀਆ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ, ਜਿੱਥੇ ਅਕਾਲੀ ਆਗੂ ਨੇ ਨੌਜਵਾਨਾਂ ਦੇ ਮੁੱਦਿਆਂ ਉੱਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਐਸਓਆਈ ਨੂੰ ਇਸ ਵੱਡੀ ਜਿੱਤ ਲਈ ਵਧਾਈ ਦਿੱਤੀ।

ਇਸੇ ਦੌਰਾਨ ਐਸਓਆਈ ਦੇ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਨੇ ਕਿਹਾ ਕਿ ਇਸ ਤੋਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਵੇਲੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹੋਸਟਲਾਂ ਅੰਦਰ ਸੋਲਰ ਵਾਟਰ ਹੀਟਰ ਲਗਾਉਣ ਸਮੇਤ ਬੁਨਿਆਦੀ ਢਾਂਚੇ ਦੇ ਸੁਧਾਰ ਲਈ 6 ਕਰੋੜ ਰੁਪਏ ਦੀ ਗਰਾਂਟ ਜਾਰੀ ਕਰਕੇ ਵਿਦਿਆਰਥੀਆਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰ ਦਿੱਤੇ ਸਨ। ਉਹਨਾਂ ਕਿਹਾ ਕਿ ਅਕਾਲੀ ਦਲ ਹਰ ਫੋਰਮ ਉੱਤੇ ਵਿਦਿਆਰਥੀਆਂ ਦੀ ਭਲਾਈ ਲਈ ਕੰਮ ਕਰਨਾ ਜਾਰੀ ਰੱਖੇਗਾ।

Share News / Article

Yes Punjab - TOP STORIES