ਸੁਖਬੀਰ ਬਾਦਲ ਵੱਲੋਂ ਗ੍ਰਹਿ ਮੰਤਰਾਲੇ ਨੂੰ ਲਾਇਸੰਸੀ ਹਥਿਆਰ ਰੱਖਣ ਦੀ ਗਿਣਤੀ 3 ਤੋਂ ਘਟਾ ਕੇ ਇੱਕ ਨਾ ਕਰਨ ਦੀ ਅਪੀਲ

ਚੰਡੀਗੜ੍ਹ, 5 ਦਸੰਬਰ, 2019 –

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰੀ ਗ੍ਰਹਿ ਮੰਤਰਾਲ ਨੂੰ ਅਪੀਲ ਕੀਤੀ ਹੈ ਕਿ ਅਤੀਤ ਵਿਚ ਭਿਆਨਕ ਹਾਲਾਤਾਂ ‘ਚੋਂ ਲੰਘੇ ਹੋਣ ਦੇ ਤੱਥ ਨੂੰ ਧਿਆਨ ਵਿਚ ਰੱਖਦਿਆਂ ਉਹ ਪੰਜਾਬ ਵਿਚ ਲਾਇਸੰਸੀ ਹਥਿਆਰ ਰੱਖਣ ਦੀ ਆਗਿਆ ਤਿੰਨ ਹਥਿਆਰਾਂ ਤੋਂ ਘਟਾ ਕੇ ਇੱਕ ਨਾ ਕਰਨ।

ਇੱਥੇ ਇੱੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਆਰਮਜ਼ ਐਕਟ,1959 ਵਿਚ ਉੱਤੇ ਨਜ਼ਰਸਾਨੀ ਦੀ ਤਜਵੀਜ਼, ਜਿਸ ਦਾ ਉਦੇਸ਼ ਇੱਕ ਵਿਅਕਤੀ ਵੱਲੋਂ ਰੱਖੇ ਜਾ ਸਕਣ ਵਾਲੇ ਹਥਿਆਰਾਂ ਦੀ ਗਿਣਤੀ ਨੂੰ ਘਟਾਉਣਾ ਹੈ, ਬਾਰੇ ਮੁੜ ਵਿਚਾਰਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਅੱਤਵਾਦ ਦੇ ਭਿਆਨਕ ਦੌਰ ਵਿਚੋ ਲੰਘਿਆ ਹੈ, ਜਿਸ ਵੇਲੇ ਲੋਕਾਂ ਨੇ ਆਪਣੀ ਰਾਖੀ ਲਈ ਇੱਕ ਤੋਂ ਵੱਧ ਹਥਿਆਰ ਲੈ ਕੇ ਰੱਖ ਲਏ ਸਨ।

ਸਰਦਾਰ ਬਾਦਲ ਨੇ ਕਿਹਾ ਕਿ ਇਤਿਹਾਸਕ ਤੌਰ ਤੇ ਵੀ ਪੰਜਾਬ ਦੇ ਲੋਕੀਂ ਗੁਆਂਢੀ ਰਾਜਾਂ ਦੇ ਮੁਕਾਬਲੇ ਵੱਧ ਹਥਿਆਰ ਰੱਖਦੇ ਆਏ ਹਨ, ਕਿਉਂਕਿ ਇਕ ਸਰਹੱਦੀ ਸੂਬਾ ਹੋਣ ਕਰਕੇ ਜੰਗਾਂ ਦੇ ਸਮੇਂ ਇਹ ਕਾਫੀ ਖੂਨ ਖਰਾਬਾ ਵੇਖ ਚੁੱਕਿਆ ਹੈ। ਉਹਨਾਂ ਕਿਹਾ ਕਿ ਬਹੁਤ ਸਾਰੇ ਕਿਸਾਨ ਪਿੰਡਾਂ ਤੋਂ ਦੂਰ ‘ਢਾਣੀਆਂ’ ਵਿਚ ਰਹਿੰਦੇ ਹਨ ਅਤੇ ਉਹਨਾਂ ਨੂੰ ਆਪਣੀ ਸੁਰੱਖਿਆ ਲਈ ਹਥਿਆਰਾਂ ਦੀ ਲੋੜ ਹੈ ਅਤੇ ਉਹਨਾਂ ਹਥਿਆਰ ਰੱਖੇ ਹੋਏ ਹਨ। ਉਹਨਾਂ ਕਿਹਾ ਕਿ ਕੰਡੀ ਬੈਲਟ ਵਿਚ ਫਸਲਾਂ ਦੀ ਰਾਖੀ ਲਈ ਹਥਿਆਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਲਾਇਸੰਸੀ ਹਥਿਆਰ ਰੱਖਣ ਦੀ ਗਿਣਤੀ ਘਟਾਉਣ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਅਸੁਵਿਧਾ ਹੋਵੇਗੀ। ਉਹਨਾਂ ਅਪੀਲ ਕੀਤੀ ਕਿ ਇਸ ਤਜਵੀਜ਼ਤ ਸੋਧ ਬਾਰੇ ਦੁਬਾਰਾ ਗੌਰ ਕੀਤੀ ਜਾਵੇ।

Share News / Article

YP Headlines

Loading...