ਸੁਖਬੀਰ ਬਾਦਲ ਨੂੰ ਨਸ਼ਿਆਂ ਦੇ ਮੁੱਦੇ ‘ਤੇ ਬੋਲਣ ਦਾ ਕੋਈ ਹੱਕ ਨਹੀਂ : ਸੁਖਜਿੰਦਰ ਸਿੰਘ ਰੰਧਾਵਾ

ਚੰਡੀਗੜ੍ਹ, 13 ਜੁਲਾਈ, 2019:

ਸੀਨੀਅਰ ਕਾਂਗਰਸ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਨਸ਼ਿਆਂ ਦੇ ਮੁੱਦੇ ਸਬੰਧੀ ਕਾਂਗਰਸੀ ਵਿਧਾਇਕਾਂ ‘ਤੇ ਝੂਠੇ ਇਲਜ਼ਾਮ ਲਗਾਉਣ ਅਤੇ ਘਟੀਆ ਦੂਸ਼ਣਬਾਜ਼ੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਤਿੱਖੀ ਆਲੋਚਨਾ ਕੀਤੀ।

ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ, ਮੀਡੀਆ ਰਿਪੋਰਟਾਂ, ਜਿਨ੍ਹਾਂ ਵਿੱਚ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਨਸ਼ਿਆਂ ਖਾਸ ਕਰ ਚਿੱਟੇ ਦੀ ਸਪਲਾਈ ਵਿੱਚ ਸ਼ਾਮਲ ਹਨ, ਦਾ ਮੂੰਹ ਤੋੜ ਜਵਾਬ ਦਿੰਦਿਆਂ ਸ. ਰੰਧਾਵਾ ਨੇ ਕਿਹਾ ਕਿ ਕਾਂਗਰਸ ‘ਤੇ ਦੋਸ਼ ਲਾਉਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਆਪਣੀ ਪਾਰਟੀ ਦੇ ਬਿਕਰਮ ਸਿੰਘ ਮਜੀਠੀਆ ਦੁਆਰਾ ਕੀਤੇ ਕੁਕਰਮਾਂ ਵੱਲ ਝਾਤੀ ਮਾਰਨੀ ਚਾਹੀਦੀ ਹੈ ਜੋ ਨਸ਼ਾ ਤਸਕਰਾਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਨਾਲ ਇਸ ਧੰਦੇ ਵਿੱਚ ਸ਼ਾਮਲ ਹੋ ਕੇ ਪੰਜਾਬ ਦੇ ਨੌਜਵਾਨਾਂ ਦੀ ਬਰਬਾਦੀ ਲਈ ਪੂਰੀ ਤਰ੍ਹਾਂ ਬਦਨਾਮ ਹੈ।

ਸੂਬੇ ਦਾ ਹਰੇਕ ਨਾਗਰਿਕ ਇਸ ਬਾਰੇ ਜਾਣਦਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਹੀ ਇੱਕੋ ਇੱਕ ਧੰਦਾ ਹੈ ਜਿਸਨੇ ਅਕਾਲੀਆਂ ਦੇ ਰਾਜ ਵਿੱਚ ਆਪਣੀਆਂ ਜੜ੍ਹਾ ਪਸਾਰੀਆਂ ਅਤੇ ਕਈ ਡਰੱਗ ਘੁਟਾਲਿਆਂ ਵਿੱਚ ਜ਼ਿਆਦਤਰ ਅਕਾਲੀਆਂ ਦੇ ਨਾਮ ਸ਼ਾਮਲ ਹਨ।

ਸ੍ਰੋਮਣੀ ਅਕਾਲੀ ਦਲ ਪ੍ਰਧਾਨ ਨੂੰ ਨੀਵੇਂ ਪੱਧਰ ਦੀ ਸਿਆਸਤ ਵਿੱਚ ਗਰਕ ਨਾ ਹੋਣ ਲਈ ਚੇਤਾਵਨੀ ਦਿੰਦਿਆਂ ਸ. ਰੰਧਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਿਧਾਇਕ ਹਰ ਜਗ੍ਹਾ, ਹਰ ਸਮੇਂ ਜਾਂਚ ਲਈ ਤਿਆਰ ਹਨ।

ਕਾਂਗਰਸ ਆਗੂ ਨੇ ਹਾਈ ਕੋਰਟ ਦੇ ਜੱਜ ਦੁਆਰਾ ‘ਜੀਜੇ ਸਾਲੇ ਦੀ ਸਰਕਾਰ ਵਜੋਂ ਪ੍ਰਸਿੱਧ’ ਪੁਰਾਣੀ ਅਕਾਲੀ ਸਰਕਾਰ ਦੇ 10 ਸਾਲਾਂ ਦੇ ਕੁਸ਼ਾਸ਼ਨ ਦੌਰਾਨ ਅਕਾਲੀਆਂ ਦੁਆਰਾ ਕੀਤੇ ਕੁਕਰਮਾਂ ਦੀ ਕਾਂਗਰਸ ਸਰਕਾਰ ਦੇ ਢਾਈ ਸਾਲਾਂ ਦੇ ਕਾਰਜਕਾਲ ਨਾਲ ਤੁਲਨਾ ਕਰਨ ਲਈ ਵੱਖਰੇ ਤੌਰ ‘ਤੇ ਜਾਂਚ ਕਰਵਾਉਣ ਲਈ ਕਿਹਾ ਜਿਸ ਨਾਲ ਸਾਰੀ ਤਸਵੀਰ ਸਪੱਸ਼ਟ ਹੋ ਜਾਵੇਗੀ।

ਕਾਂਗਰਸ ਆਗੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸੂਬੇ ਵਿੱਚ ਨਸ਼ਾ ਮਾਫ਼ੀਆ ਦਾ ਲੱਕ ਹੀ ਨਹੀਂ ਤੋੜਿਆ ਸਗੋਂ ਇਸਨੇ ਜ਼ਿਆਦਤਰ ਨਸ਼ਾ ਤਸਕਰਾਂ ਨੂੰ ਸ਼ਲਾਖ਼ਾਂ ਪਿੱਛੇ ਵੀ ਸੁੱਟਿਆ ਹੈ।

ਸ. ਰੰਧਾਵਾ ਨੇ ਹਾਈ ਕੋਰਟ ਸਾਹਮਣੇ ਰੱਖ ਐਸ.ਟੀ.ਐਫ. ਦੀ ਰਿਪੋਰਟ ਰੱਖਣ ਦੀ ਵਕਾਲਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਯਾਦ ਕਰਵਾਇਆ ਕਿ ਜੋ ਸ਼ੀਸ਼ੇ ਦੇ ਘਰਾਂ ਵਿੱਚ ਰਹਿੰਦੇ ਹਨ ਉਨ੍ਹਾਂ ਨੂੰ ਦੂਜਿਆਂ ‘ਤੇ ਪੱਥਰ ਨਹੀਂ ਸੁੱਟਣੇ ਚਾਹੀਦੇ। ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਪਾਪ ਦਾ ਘੜ੍ਹਾ ਭਰ ਚੁੱਕਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਅਕਾਲੀਆਂ ਨੂੰ ਆਪਣੇ ਕੁਕਰਮਾਂ ਦਾ ਹਿਸਾਬ ਦੇਣਾ ਪਵੇਗਾ।

Share News / Article

Yes Punjab - TOP STORIES