ਸੁਖਨਾ ਝੀਲ ਵਿਖੇ ’ਮਲਟੀਮੀਡੀਅ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ’ ਦੇਖਣ ਪਹੁੰਚੇ ਹਜ਼ਾਰਾਂ ਲੋਕ

ਚੰਡੀਗੜ, 18 ਨਵੰਬਰ, 2019 –

ਪੰਜਾਬ ਸਰਕਾਰ ਵਲੋਂ ਅੱਜ ਸੂਖਨਾ ਝੀਲ, ਚੰਡੀਗੜ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਿਵੇਕਲੇ ਅਤੇ ਅਨੋਖੇ ‘ਮਲਟੀਮੀਡੀਆ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ’ ਕਰਵਾਇਆ ਗਿਆ। ਗੁਰੂ ਨਾਨਕ ਸਾਹਿਬ ਦੇ ਜੀਵਨ ਅਤੇ ਫ਼ਲਸਫੇ ਤੋਂ ਸੰਗਤ ਨੂੰ ਜਾਣੂੰ ਕਰਵਾਉਣ ਲਈ ਅਤਿ ਆਧੁਨਿਕ ਤਕਨੀਕ ਦੀ ਸਹਾਇਤਾ ਨਾਲ ਸ਼ਾਨਦਾਰ ਢੰਗ ਨਾਲ 45 ਮਿੰਟ ਦੇ ਸ਼ੋਅ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਰੂਪਮਾਨ ਕੀਤਾ ਗਿਆ।ਰੌਸ਼ਨੀ ਅਤੇ ਅਵਾਜ ਦੇ ਖੂਬਸੂਰਤ ਸੁਮੇਲ ਵਾਲੇ ਉਕਤ ਸ਼ੋਅ ਦੇ ਦੌਰਾਨ ਗੁਰੂ ਨਾਨਕ ਸਾਹਿਬ ਦੇ ਸਰਬ-ਸਾਂਝੀਵਾਲਤਾ, ਅਹਿੰਸਾ, ਸ਼ਾਂਤੀ, ਭਾਈਚਾਰਕ ਸਾਂਝ, ਮਹਿਲਾ ਸਸ਼ਕਤੀਕਰਨ ਅਤੇ ਕੁਦਰਤ ਦੀ ਸੁਰੱਖਿਆ ਦੇ ਸੰਦੇਸ਼ ਨੂੰ ਸੰਜੀਵੀ ਰੂਪ ਵਿੱਚ ਪੇਸ਼ ਕੀਤਾ ਗਿਆ। ਸ਼ੋਅ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਸਮਾਜਿਕ ਬਰਾਬਰਤਾ ਲਈ ਕੀਤੇ ਗਏ ਉਪਰਾਲਿਆਂ ਬਾਰੇ ਵੀ ਦਰਸ਼ਕਾਂ ਨੂੰ ਜਾਣੂੰ ਕਰਵਾਇਆ ਗਿਆ, ਜਿਸ ਦਾ ਮੌਜੂਦ ਹਜ਼ਾਰਾਂ ਸੰਗਤਾਂ ਨੇ ਬਹੁਤ ਹੀ ਨਿਮਰਤਾ ਅਤੇ ਸ਼ਰਧਾ ਨਾਲ ਆਨੰਦ ਮਾਣਿਆ।

ਇਸ ਸ਼ੋਅ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਪਹੁੰਚੇ, ਉੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰਕ ਮੈਂਬਰ, ਜੁਡੀਸ਼ੀਅਲ, ਸਿਵਲ ਅਤੇ ਪੁਲਿਸ ਅਧਿਕਾਰੀ ਵੀ ਪਰਿਵਾਰਾਂ ਸਮੇਤ ਸ਼ੋਅ ਦੇਖਣ ਪਹੁੰਚੇ।

ਅਤਿ ਅਧੂਨਿਕ ਤਕਨੀਕ ਰਾਹੀਂ ਪੇਸ਼ ਕੀਤੇ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਦੀ ਪੇਸ਼ਕਾਰੀ ਨਾਲ ਚੰਡੀਗੜ ਦੀ ਸੁਖਨਾ ਝੀਲ ਗੁਰੂ ਨਾਨਕ ਦੇ ਰੰਗ ਵਿਚ ਰੰਗੀ ਗਈ।ਰੰਗ ਬਿਰੰਗੀਆਂ ਲਾਈਟਾਂ ਅਤੇ ਲੇਜ਼ਰ ਕਿਰਨਾਂ ਰਾਹੀਂ ਪਾਣੀ ਵਿਚੋਂ ਨਿਕਲੀਆਂ ਅਲੌਕਿਕ ਤਿਰੰਗਾਂ ਅਤੇ ਰੌਸ਼ਨੀਆਂ ਨਾਲ ਪੂਰੀ ਝੀਲ ਅਤੇ ਚੁਫੇਰਾ ਜਗਮਗਾ ਉੱਠੀਆ।

ਚੰਡੀਗੜ ਦੀ ਧਰਤੀ ’ਤੇ ਸਥਿੱਤ ਸੁਖਨਾ ਝੀਲ ’ਤੇ ਪਹਿਲੀ ਵਾਰ ਅਧਿਆਤਮਕਤਾ ਦੀ ਅਜਿਹੀ ਧਾਰਾ ਵਹੀ, ਜਿਸਦੇ ਅਲੌਕਿਕ ਪ੍ਰਕਾਸ਼ ਨੇ ਪੂਰੇ ਚੰਡੀਗੜ ਨੂੰ ਗੁਰੂ ਦੇ ਰੰਗ ਵਿੱਚ ਪਰੋ ਦਿੱਤਾ।’ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ’ ਦੌਰਾਨ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਨੂੰ ਮਲਟੀ ਮੀਡੀਆ ਤਕਨੀਕਾਂ ਰਾਹੀਂ ਰੂਪਮਾਨ ਕਰਨਾ ਸਰਕਾਰ ਦਾ ਨਿਵੇਕਲਾ ਉਪਰਾਲਾ ਹੈ।

ਪੰਜਾਬ ਸਰਕਾਰ ਵਲੋਂ ਯੂ.ਟੀ ਪ੍ਰਸਾਸ਼ਨ ਦੇ ਸਹਿਯੋਗ ਨਾਲ ਸੁਖਨਾ ਝੀਲ ਵਿਖੇ ਇਹ ਸ਼ੋਅ ਦੋ ਦਿਨ ਕਰਵਾਇਆ ਜਾ ਰਿਹਾ ਹੈ, ਅੱਜ ਪਹਿਲੇ ਦਿਨ ਦੋ ਸ਼ੋਅ ਕਰਵਾਏ ਗਏ। ਇਸੇ ਤਰਾਂ ਕੱਲ ਮਿਤੀ 19 ਨਵੰਬਰ ਨੂੰ ਵੀ ਇਸੇ ਸਥਾਨ ’ਤੇ ਸ਼ਾਮ 7 ਤੋਂ 7.45 ਵਜੇ ਤੱਕ ਅਤੇ 8.15 ਤੋਂ 9.00 ਵਜੇ ਤੱਕ ਦੋ ਸ਼ੋਅ ਕਰਵਾਏ ਜਾਣਗੇ।

ਪੰਜਾਬ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਯਾਦ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਦੇ ਤਹਿਤ ਹੀ ਸੂਚਨਾ ’ਤੇ ਲੋਕ ਸੰਪਰਕ ਵਿਭਾਗ, ਪੰਜਾਬ ਵਲੋਂ ‘ਮਲਟੀਮੀਡੀਆ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ’ ਸੂਬੇ ਭਰ ਵਿਚ ਪੇਸ਼ ਕੀਤਾ ਗਿਆ।ਇਸ ਤੋਂ ਪਹਿਲਾਂ ਇਹ ਸ਼ੋਅ ਪੰਜਾਬ ਦੇ 10 ਜ਼ਿਲਿਆਂ ਲੁਧਿਆਣਾ, ਰੋਪੜ, ਹੁਸ਼ਿਆਰਪੁਰ, ਜਲੰਧਰ, ਗੁਰਦਾਸਪੁਰ, ਮੋਗਾ, ਕਪੂਰਥਲਾ, ਸ੍ਰੀ ਅੰਮਿ੍ਰਤਸਰ ਸਾਹਿਬ, ਤਰਨ ਤਾਰਨ ਅਤੇ ਫ਼ਿਰੋਜ਼ਪੁਰ ਵਿੱਚੋਂ ਲੰਘਦੇ ਬਿਆਸ ਅਤੇ ਸਤਲੁਜ ਦਰਿਆਵਾਂ ਵਿੱਚ ਵੀ ਕਰਵਾਇਆ ਗਿਆ ਹੈ।ਇਸ ਸ਼ੋਅ ਦਾ ਮੁਖ ਮਕਸਦ ਸੂਬਾ ਵਾਸੀਆਂ ਅਤੇ ਖਾਸ ਕਰ ਨੌਜਵਾਨ ਪੀੜੀ ਅਤੇ ਬੱਚਿਆਂ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਉਣਾ ਹੈ।ਲੇਜ਼ਰ ਰੌਸ਼ਨੀ ਅਤੇ ਅਵਾਜ਼ ’ਤੇ ਅਧਾਰਿਤ ਇਸ ਸ਼ੋਅ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ’ਤੇ ਅਧਾਰਿਤ ਵਿਆਪੀ ਸੰਦੇਸ਼ ਨੂੰ ਸ਼ਾਨਦਾਰ ਢੰਗ ਨਾਲ ਵਿਜੂਅਲ ਪ੍ਰੋਜੈਕਸ਼ਨ ਅਤੇ ਐਡਵਾਂਸ ਲੇਜਰ ਰਾਹੀਂ ਪ੍ਰਦਰਸ਼ਿਤ ਕੀਤਾ ਗਿਆ।

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਫਲੋਟਿੰਗ ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ’ ਪੰਜਾਬ ਸਰਕਾਰ ਦਾ ਨਿਵੇਕਲਾ ਉਪਰਾਲਾ ਹੈ।ਸ਼ੋਅ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਦਾਸੀਆਂ ਨੂੰ ਰੂਪਮਾਨ ਕੀਤਾ ਗਿਆ ਹੈ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਬਾਰੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਉਨਾਂ ਨੇ ਕਿਹਾ ਕਿ ਮੌਜੂਦਾ ਧਰੂਵੀਕਰਨ ਦੇ ਮਾਹੌਲ ਵਿੱਚ ਗੁਰੂ ਸਾਹਿਬ ਦਾ ਸਰਬ ਸਾਂਝੀਵਾਲਤਾ ਦਾ ਸੁਨੇਹਾ ਫੈਲਾਉਣ ਦਾ ਇਹ ਢੁਕਵਾਂ ਯਤਨ ਹੈ। ਬਹੁਤ ਹੀ ਖੋਜ ਉਪਰੰਤ ਬਾਰੀਕੀ ਨਾਲ ਡਿਜ਼ਾਈਨ ਕੀਤਾ ਇਹ ਸ਼ੋਅ ਗੁਰੂ ਸਾਹਿਬ ਦੇ ਅਤੇ ਕੁਦਰਤੀ ਸਰੋਤਾ ਪਾਣੀ, ਹਵਾ ਅਤੇ ਧਰਤੀ ਨੂੰ ਬਚਾਉਣ ਦੇ ਸਿਧਾਂਤ ਨੂੰ ਵੀ ਰੂਪਮਾਨ ਕਰਦਾ ਹੈ।

Share News / Article

Yes Punjab - TOP STORIES