ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਡੇਰਾ ਬਾਬਾ ਨਾਨਕ ਆਨਲਾਈ ਯੂਥ ਫ਼ੈਸਟੀਵਲ ਮੁਕਾਬਲਿਆਂ ਦਾ ਰਸਮੀ ਆਗਾਜ਼

ਚੰਡੀਗੜ੍ਹ, 4 ਅਕਤੂਬਰ, 2019:
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੂਬਾ ਸਰਕਾਰ ਵੱਲੋਂ ਕਰਵਾਏ ਜਾ ਰਹੇ ਡੇਰਾ ਬਾਬਾ ਨਾਨਕ ਉਤਸਵ ਦੇ ਸਬੰਧ ਵਿੱਚ ਕਰਵਾਏ ਜਾਣ ਵਾਲੇ ਡੇਰਾ ਬਾਬਾ ਨਾਨਕ ਆਨਲਾਈਨ ਯੁਵਾ ਉਤਸਵ ਮੁਕਾਬਲਿਆਂ ਦੀ ਅੱਜ ਸ਼ੁਰੂਆਤ ਹੋ ਗਈ ਜਿਸ ਦਾ ਰਸਮੀ ਆਗਾਜ਼ ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅਧਿਕਾਰਤ ਵੈਬਸਾਈਟ ਦਾ ਬਟਨ ਦਬਾ ਕੇ ਕੀਤਾ ਗਿਆ।

ਅੱਜ ਇੱਥੇ ਪੰਜਾਬ ਸਿਵਲ ਸਕੱਤੇਰਤ ਸਥਿਤ ਆਪਣੇ ਦਫਤਰ ਵਿਖੇ ਆਨਲਾਈਨ ਮੁਕਾਬਲਿਆਂ ਦਾ ਆਗਾਜ਼ ਕਰਦਿਆਂ ਸ. ਰੰਧਾਵਾ ਨੇ ਦੱਸਿਆ ਕਿ ਸੋਲੋ ਤੇ ਗਰੁੱਪ ਵਰਗ ਵਿੱਚ 13 ਵੰਨਗੀਆਂ ਦੇ ਆਨਲਾਈਨ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਦੇਸ਼ ਦੀ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਵਿਦਿਆਰਥੀ ਜਿਸ ਦੀ ਉਮਰ 25 ਸਾਲ ਤੋਂ ਘੱਟ ਹੈ, ਵਿੱਚ ਹਿੱਸਾ ਲੈ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਗਰੁੱਪ ਵਰਗ ਵਿੱਚ ਤਿੰਨ ਵੰਨਗੀਆਂ ਸ਼ਬਦ ਗਰੁੱਪ, ਢਾਡੀ ਕਲਾ ਤੇ ਕਵੀਸ਼ਰੀ ਅਤੇ ਸੋਲੋ ਵਰਗ ਵਿੱਚ ਸ਼ਬਦ ਸੋਲੋ, ਕਵਿਤਾ ਉਚਾਰਨ, ਕਵਿਤਾ ਗਾਇਨ, ਭਾਸ਼ਣ, ਲੇਖਣੀ, ਪੇਂਟਿੰਗ, ਅੱਖਰਕਾਰੀ, ਫੋਟੋਗ੍ਰਾਫੀ, ਡਿਜੀਟਲ ਪੋਸਟਰ ਅਤੇ ਸਕੈਚ (ਲਾਈਨ ਆਰਟ) ਦੇ ਮੁਕਾਬਲੇ ਹੋਣਗੇ।

ਸਾਰੇ ਵੰਨਗੀਆਂ ਦੇ ਜੇਤੂਆਂ ਨੂੰ ਮਿਲਾ ਕੇ ਕੁੱਲ 15 ਲੱਖ 90 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਣਗੇ। ਇਨ੍ਹਾਂ ਮੁਕਾਬਲਿਆਂ ਦੀ ਵਿਲੱਖਣਤਾ ਇਹ ਹੈ ਕਿ ਸਾਰੇ ਹਿੱਸਾ ਲੈਣ ਵਾਲੇ ਵਿਦਿਆਰਥੀ ਤੇ ਟੀਮਾਂ ਆਪਣੀਆਂ ਪੇਸ਼ਕਾਰੀਆਂ ਡੇਰਾ ਬਾਬਾ ਨਾਨਕ ਉਤਸਵ ਦੀ ਵੈਬਸਾਈਟ www.derababananakutsav.com ਉਤੇ ਆਨਲਾਈਨ ਅਪਲੋਡ ਕਰਨਗੇ ਅਤੇ ਜੱਜਾਂ ਵੱਲੋਂ ਨਤੀਜਾ ਐਲਾਨਣ ਸਮੇਂ ਹਰ ਪੇਸ਼ਕਾਰੀ ਨੂੰ ਸੋਸ਼ਲ ਮੀਡੀਆ ਉਪਰ ਮਿਲਣ ਵਾਲੇ ਹੁੰਗਾਰੇ ਨੂੰ ਵੀ ਆਧਾਰ ਬਣਾਇਆ ਜਾਵੇਗਾ।

ਸ. ਰੰਧਾਵਾ ਨੇ ਦੱਸਿਆ ਕਿ ਹਰ ਵੰਨਗੀ ਦਾ ਵਿਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਤੋਂ ਲੈ ਕੇ 25 ਅਕਤੂਬਰ ਦੇ ਸ਼ਾਮ ਪੰਜ ਵਜੇ ਤੱਕ ਕੋਈ ਵੀ ਵਿਦਿਆਰਥੀ ਜਾਂ ਟੀਮ ਆਨਲਾਈਨ ਆਪਣੀ ਐਂਟਰੀ ਜਮ੍ਹਾਂ ਕਰਵਾ ਕੇ ਮੁਕਾਬਲੇ ਦਾ ਹਿੱਸਾ ਬਣ ਸਕਦੀ ਹੈ।

ਇਸ ਉਪਰੰਤ ਹਰ ਵੰਨਗੀ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਕੱਢੀਆਂ ਜਾਣਗੀਆਂ। ਨਤੀਜੇ ਦਾ ਐਲਾਨ 5 ਨਵੰਬਰ ਨੂੰ ਹੋਵੇਗਾ। ਗਰੁੱਪ ਵਰਗ ‘ਚ ਪਹਿਲੇ ਤਿੰਨ ਸਥਾਨਾਂ ‘ਤੇ ਆਉਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 71000, 51000 ਤੇ 31000 ਰੁਪਏ ਅਤੇ ਸੋਲੋ ਵਰਗ ਵਿੱਚ ਪਹਿਲੇ ਤਿੰਨ ਸਥਾਨਾਂ ‘ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 51000, 31000 ਤੇ 21000 ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਓਵਰ ਆਲ ਜੇਤੂ ਬਣਨ ਵਾਲੀ ਵਿਦਿਅਕ ਸੰਸਥਾ ਨੂੰ 1 ਲੱਖ ਇਕ ਹਜ਼ਾਰ ਰੁਪਏ ਦੇ ਨਗਦ ਇਨਾਮ ਦੇ ਨਾਲ ‘ਬਾਬਾ ਨਾਨਕ 550 ਸਰਵੋਤਮ ਟਰਾਫੀ’ ਦਿੱਤੀ ਜਾਵੇਗੀ। ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਟੀਮਾਂ ਅਤੇ ਵਿਦਿਆਰਥੀਆਂ ਦੀ ਪੇਸ਼ਕਾਰੀ ਡੇਰਾ ਬਾਬਾ ਨਾਨਕ ਉਤਸਵ ਦੌਰਾਨ ਕਰਵਾਈ ਜਾਵੇਗੀ।

ਇਸ ਮ ੌਕੇ ਵਿਧਾਇਕ ਸ੍ਰੀ ਦਵਿੰਦਰ ਸਿੰਘ ਘੁਬਾਇਆ, ਰਜਿਸਟਰਾਰ ਸਹਿਕਾਰੀ ਸਭਾਵਾਂ ਸ੍ਰੀ ਵਿਕਾਸ ਗਰਗ, ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦੇ ਐਮ.ਡੀ. ਸ੍ਰੀ ਚਰਨਦੇਵ ਸਿੰਘ ਮਾਨ, ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ.ਡੀ. ਡਾ.ਐਸ.ਕੇ.ਬਾਤਿਸ਼, ਡੇਰਾ ਬਾਬਾ ਨਾਨਕ ਉਤਸਵ ਦੇ ਕੋਆਰਡੀਨੇਟਰ ਸ੍ਰੀ ਅਮਰਜੀਤ ਸਿੰਘ ਗਰੇਵਾਲ, ਡਾ. ਨਿਰਮਲ ਜੌੜਾ, ਸ੍ਰੀ ਕੰਵਲਜੀਤ ਸਿੰਘ ਰਾਣਾ ਹਾਜ਼ਰ ਸਨ।

Share News / Article

Yes Punjab - TOP STORIES