ਸੁਖਜਿੰਦਰ ਰੰਧਾਵਾ ਵੱਲੋਂ ਰੋਪੜ ਤੇ ਹੁਸ਼ਿਆਰਪੁਰ ਜੇਲ੍ਹਾਂ ਦੀ ਅਚਨਚੇਤ ਚੈਕਿੰਗ, 3 ਜੇਲ੍ਹ ਕਰਮੀ ਮੋਬਾਇਲ ਵਰਤਦੇ ਫ਼ੜੇ

ਚੰਡੀਗੜ੍ਹ, 16 ਸਤੰਬਰ, 2019 –

ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸਵੇਰੇ ਰੋਪੜ ਤੇ ਹੁਸ਼ਿਆਰਪੁਰ ਜੇਲ੍ਹ ਦੀ ਅਚਨਚੇਤੀ ਚੈਕਿੰਗ ਕੀਤੀ। ਇਸ ਚੈਕਿੰਗ ਦੌਰਾਨ ਤਿੰਨ ਜੇਲ੍ਹ ਕਰਮਚਾਰੀਆਂ ਨੂੰ ਨਿਯਮਾਂ ਦੇ ਉਲਟ ਮੋਬਾਈਲਾਂ ਦੀ ਵਰਤੋਂ ਕਰਦਿਆਂ ਫੜਿਆ ਗਿਆ। ਜੇਲ੍ਹ ਮੰਤਰੀ ਦੇ ਨਿਰਦੇਸ਼ਾਂ ’ਤੇ ਵਿਭਾਗ ਵੱਲੋਂ ਮੋਬਾਈਲ ਦੀ ਵਰਤੋਂ ਕਰਦੇ ਦੋ ਕਰਮਚਾਰੀ ਮੁਅੱਤਲ ਕੀਤੇ ਅਤੇ ਤੀਜੇ ਖਿਲਾਫ ਕਾਰਵਾਈ ਲਈ ਪੈਸਕੋ ਨੂੰ ਕਿਹਾ।

ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਜੇਲ੍ਹਾਂ ਦੀ ਸੁਰੱਖਿਆ ਨੂੰ ਹਰ ਹੀਲੇ ਯਕੀਨੀ ਬਣਾਉਣ ਦੀ ਵਚਨਬੱਧਤਾ ਦੁਹਰਾਉਦਿਆਂ ਜੇਲ੍ਹ ਮੰਤਰੀ ਸ. ਰੰਧਾਵਾ ਨੇ ਜ਼ਮੀਨੀ ਹਕੀਕਤਾਂ ਦੇਖਣ ਲਈ ਅੱਜ ਸਵੇਰੇ 7.10 ਵਜੇ ਰੋਪੜ ਜੇਲ੍ਹ ਅਚਨਚੇਤੀ ਪਹੁੰਚ ਕੇ ਚੈਕਿੰਗ ਕੀਤੀ। ਇਸ ਦੌਰਾਨ ਹੈਂਡ ਕਾਂਸਟੇਬਲ ਪਰਗਟ ਸਿੰਘ ਤੇ ਵਾਰਡਰ ਸਤਵਿੰਦਰ ਪਾਲ ਸਿੰਘ ਮੋਬਾਈਲ ਦੀ ਵਰਤੋਂ ਕਰਦੇ ਫੜੇ ਗਏ। ਜੇਲ੍ਹ ਮੰਤਰੀ ਦੇ ਆਦੇਸ਼ਾਂ ’ਤੇ ਦੋਵਾਂ ਨੂੰ ਵਿਭਾਗ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਬਾਅਦ ਜੇਲ੍ਹ ਮੰਤਰੀ ਨੇ 8.49 ਵਜੇ ਹੁਸ਼ਿਆਰਪੁਰ ਜੇਲ੍ਹ ਦਾ ਦੌਰਾ ਕੀਤਾ ਜਿੱਥੇ ਪੈਸਕੋ ਵਾਰਡਰ ਬੁੱਧ ਸਿੰਘ ਨੂੰ ਮੋਬਾਈਲ ਦੀ ਵਰਤੋਂ ਕਰਦਿਆਂ ਫੜਿਆ ਗਿਆ। ਜੇਲ੍ਹ ਵਿਭਾਗ ਨੇ ਇਸ ਕਰਮਚਾਰੀ ਨੂੰ ਹਟਾਉਣ ਲਈ ਪੈਸਕੋ ਨੂੰ ਕਿਹਾ ਹੈ।

ਜੇਲ੍ਹ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਜੇਲ੍ਹ ਮੰਤਰੀ ਸ. ਰੰਧਾਵਾ ਵੱਲੋਂ ਪਹਿਲੀ ਮਈ 2018 ਨੂੰ ਸੱਦੀ ਸਮੂਹ ਜੇਲ੍ਹ ਸੁਪਰਡੈਂਟਾਂ ਦੀ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਸੁਪਰਡੈਂਟ ਰੈਂਕ ਤੋਂ ਹੇਠਾਂ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਜੇਲ੍ਹ ਦੀ ਹੱਦ ਅੰਦਰ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰ ਸਕੇਗਾ। ਇਸ ਉਪਰੰਤ ਏ.ਡੀ.ਜੀ.ਪੀ. ਜੇਲ੍ਹਾਂ ਵੱਲੋਂ ਬਾਕਾਇਦਾ ਤੌਰ ’ਤੇ 17 ਮਈ 2018 ਨੂੰ ਸਮੂਹ ਜੇਲ੍ਹ ਸੁਪਰਡੈਂਟਾਂ ਨੂੰ ਪੱਤਰ ਲਿਖ ਕੇ ਜੇਲ੍ਹ ਮੰਤਰੀ ਦੇ ਆਦੇਸ਼ਾਂ ਬਾਰੇ ਜਾਣੂੰ ਕਰਵਾ ਦਿੱਤਾ ਗਿਆ ਸੀ ਜੇਕਰ ਜੇਲ੍ਹ ਅੰਦਰ ਸੁਪਰਡੈਂਟ ਤੋਂ ਹੇਠਾਂ ਰੈਂਕ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਮੋਬਾਈਲ ਦੀ ਵਰਤੋਂ ਕਰਦਾ ਫੜਿਆ ਗਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।

ਜੇਲ੍ਹ ਮੰਤਰੀ ਨੇ ਕਿਹਾ ਕਿ ਜੇਲ੍ਹਾਂ ਦੀ ਸੁਰੱਖਿਆ ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਜਾਂ ਗੈਰ ਅਨੁਸ਼ਾਸਨੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਲ੍ਹਾਂ ਦੀ ਸੁਰੱਖਿਆ ਦਾ ਮਾਮਲਾ ਬਹੁਤ ਸੰਵੇਦਨਸ਼ੀਲ ਹੈ ਜਿਹੜਾ ਸੂਬੇ ਦੀ ਕਾਨੂੰਨ, ਅਮਨ ਵਿਵਸਥਾ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ ਜਿਸ ਵਿੱਚ ਕੋਤਾਹੀ ਕਿਸੇ ਵੀ ਕੀਮਤ ’ਤੇ ਨਹੀਂ ਬਰਦਾਸ਼ਤ ਕੀਤੀ ਜਾ ਸਕਦੀ।

Share News / Article

Yes Punjab - TOP STORIES