ਸੀ.ਬੀ.ਐਸ.ਈ.ਸਕੂਲ ਐਸੋਸੀਏਸ਼ਨ ਵਲੋਂ ਸੁਰਜੀਤ ਹਾਕੀ ਟੂਰਨਾਮੈਂਟ ’ਚ ਯੋਗਦਾਨ ਵਜੋਂ 5 ਲੱਖ ਦਾ ਚੈਕ ਭੇਟ

ਜਲੰਧਰ 09 ਅਕਤੂਬਰ 2019 –

ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਜੋ ਕਿ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਵੀ ਹਨ ਨੂੰ ਅੱਜ ਸੀ.ਬੀ.ਐਸ.ਈ.ਸਕੂਲ ਐਸੋਸੀਏਸ਼ਨ ਵਲੋਂ 10 ਤੋਂ 19 ਅਕਤੂਬਰ ਤੱਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਕਰਵਾਏ ਜਾ ਰਹੇ 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਵਿੱਚ ਸਹਿਯੋਗ ਦੇਣ ਲਈ ਸੀ.ਟੀ.ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਮੁਖੀ ਅਨਿਲ ਚੋਪੜਾ ਦੀ ਅਗਵਾਈ ਵਿੱਚ 5 ਲੱਖ ਰੁਪਏ ਦਾ ਚੈਕ ਭੇਟ ਕੀਤਾ ਗਿਆ।

ਇਸ ਮੌਕੇ ਐਸੋਸੀਏਸ਼ਨ ਵਲੋਂ ਇਸ ਨੇਕ ਕੰਮ ਵਿੱਚ ਯੋਗਦਾਨ ਪਾਉਣ ਦੀ ਸ਼ਲਾਘਾ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਐਸੋਸੀਏਸ਼ਨ ਵਲੋਂ ਸੂਬੇ ਵਿੱਚ ਰਾਸ਼ਟਰੀ ਖੇਡ ਨੂੰ ਹੋਰ ਉਤਸ਼ਾਹਿਤ ਕਰਨ ਲਈ ਭੇਟ ਕੀਤੀ ਗਈ ਰਾਸ਼ੀ ਮੀਲ ਦਾ ਪੱਥਰ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਰਾਸ਼ੀ ਨਾਲ 550 ਹਾਕੀ ਕਿੱਟਾਂ ਖ਼ਰੀਦ ਕੀਤੀਆਂ ਜਾਣਗੀਆਂ ਜੋ ਨੌਜਵਾਨ ਖਿਡਾਰੀਆਂ ਵਿੱਚ ਤਕਸੀਮ ਕੀਤੀਆਂ ਜਾਣਗੀਆਂ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੁਰਜੀਤ ਹਾਕੀ ਸੁਸਾਇਟੀ ਨੌਜਵਾਨਾਂ ਹਾਕੀ ਖਿਡਾਰੀਆਂ ਨੂੰ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ । ਉਨ੍ਹਾਂ ਕਿਹਾ ਕਿ ਸੁਰਜੀਤ ਹਾਕੀ ਸੁਸਾਇਟੀ ਨੇ ਕਈ ਪ੍ਰਸਿੱਧ ਹਾਕੀ ਖਿਡਾਰੀ ਪੈਦਾ ਕੀਤੇ ਹਨ ਜਿਨਾਂ ਨੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ’ਤੇ ਦੇਸ਼ ਅਤੇ ਸੂਬੇ ਦਾ ਨਾਮ ਰੋਸ਼ਨ ਕੀਤਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੁਰਜੀਤ ਹਾਕੀ ਸੁਸਾਇਟੀ ਵਲੋਂ ਕੀਤੀ ਗਈ ਇਸ ਪਹਿਲ ਕਦਮੀ ਨਾਲ ਸੂਬੇ ਵਿੱਚ ਖੇਡ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਸੀ.ਬੀ.ਐਸ.ਈ.ਸਕੂਲ ਐਸੋਸੀਏਸ਼ਨ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਪੁਲਿਸ ਅਮਰੀਕ ਸਿੰਘ ਪਵਾਰ, ਐਲ.ਪੀ.ਐਸ.ਖਹਿਰਾ, ਡਾ.ਅਨੂਪ ਬੋਹਰੀ (ਇੰਨੋਸੈਂਟ ਹਾਰਟ ਗਰੁੱਪ), ਨਰੋਤਮ ਸਿੰਘ (ਸਟੇਟ ਪਬਲਿਕ ਸਕੂਲ), ਸੰਜੀਵ ਮੈਦੀਆ (ਲਿਟਲ ਬਲੂਸਮ ਗਰੁੱਪ), ਜੋਧਰਾਜ ਗੁਪਤਾ (ਲਾਰੈਂਸ ਇੰਟਰਨੈਸ਼ਨ) ਅਤੇ ਹੋਰ ਵੀ ਹਾਜ਼ਰ ਸਨ।

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES