ਸੀਨੀਅਰ ਆਈ.ਪੀ.ਐਸ ਅਧਿਕਾਰੀ ਸੀ.ਐਸ.ਆਰ ਰੈਡੀ ਦੀ ਮੌਤ, ਕੈਪਟਨ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਚੰਡੀਗੜ, 17 ਸਤੰਬਰ, 2019:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਡਰ ਦੇ ਸੀਨੀਅਰ ਆਈ.ਪੀ.ਐਸ ਅਧਿਕਾਰੀ ਸੀ.ਐਸ.ਆਰ ਰੈਡੀ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜਿਨਾਂ ਨੇ ਸੰਖੇਪ ਬਿਮਾਰੀ ਮਗਰੋਂ ਚੇਨਈ ਦੇ ਰੇਲਾ ਇੰਸਟੀਚਿੳੂਟ ਤੇ ਮੈਡੀਕਲ ਸੈਂਟਰ ਵਿਖੇ ਆਖਰੀ ਸਾਹ ਲਿਆ।

ਇਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਸ੍ਰੀ ਰੈਡੀ ਨੂੰ ਸੂਝਵਾਨ, ਇਮਾਨਦਾਰ ਅਤੇ ਬਹਾਦਰ ਅਫਸਰ ਦੱਸਿਆ ਜਿਨਾਂ ਨੇ ਪੁਲਿਸ ਫੋਰਸ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਂਦਿਆਂ ਅੱਤਵਾਦ ਵਿਰੁੱਧ ਵੀ ਡਟ ਕੇ ਲੜਾਈ ਲੜੀ।

ਉਨਾਂ ਕਿਹਾ ਕਿ ਸ੍ਰੀ ਰੈਡੀ ਦੇ ਤੁਰ ਜਾਣ ਨਾਲ ਪੁਲਿਸ ਫੋਰਸ ਇਕ ਬਹਾਦਰ ਤੇ ਗਤੀਸ਼ੀਲ ਪੁਲਿਸ ਅਧਿਕਾਰੀ ਦੀਆਂ ਸੇਵਾਵਾਂ ਤੋਂ ਵਾਂਝੀ ਹੋ ਗਈ ਹੈ। ਉਨਾਂ ਕਿਹਾ ਕਿ ਸ੍ਰੀ ਰੈਡੀ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਦੀ ਸ਼ਾਂਤੀ ਅਤੇ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਅਰਦਾਸ ਕੀਤੀ।

ਇਹ ਜ਼ਿਕਰਯੋਗ ਹੈ ਕਿ ਸੀ.ਐਸ.ਆਰ ਰੈਡੀ ਇਸ ਵੇਲੇ ਡੀ.ਜੀ.ਪੀ ਜਾਂਚ, ਲੋਕਪਾਲ ਵਜੋਂ ਤਾਇਨਾਤ ਸਨ। ਸ੍ਰੀ ਰੈਡੀ ਨੇ ਸੂਬੇ ਵਿਚ ਅੱਤਵਾਦ ਦੇ ਸਿਖਰਲੇ ਦੌਰ ਮੌਕੇ ਪੰਜਾਬ ਕਾਡਰ ਵਿਚ ਜੁਆਇਨ ਕੀਤਾ ਸੀ ਅਤੇ ਗੁਰਦਾਸਪੁਰ ਜ਼ਿਲੇ ਵਿਚ ਸਿਖਲਾਈ ਹਾਸਲ ਕੀਤੀ ਅਤੇ ਬਟਾਲਾ ਅਤੇ ਫਿਲੌਰ ਸਬ-ਡਵੀਜ਼ਨ ਵਿਚ ਏ.ਐਸ.ਪੀ ਵਜੋਂ ਤਾਇਨਾਤ ਰਹੇ।

ਜਲੰਧਰ ਵਿਚ ਐਸ.ਪੀ. ਸਿਟੀ ਦਾ ਕਾਰਜਕਾਲ ਨਿਭਾਉਣ ਤੋਂ ਬਾਅਦ ਬਟਾਲਾ, ਪਟਿਆਲਾ, ਮਜੀਠਾ ਅਤੇ ਚੰਡੀਗੜ ਵਿਚ ਐਸ.ਐਸ.ਪੀ ਵਜੋਂ ਤਾਇਨਾਤ ਰਹੇ। ਉਨਾਂ ਨੇ ਡੀ.ਆਈ.ਜੀ ਜਲੰਧਰ ਰੇਂਜ, ਡੀ.ਆਈ.ਜੀ ਮੁੱਖ ਮੰਤਰੀ ਸੁਰੱਖਿਆ, ਡੀ.ਆਈ.ਜੀ ਟ੍ਰੈਫਿਕ, ਡੀ.ਆਈ.ਜੀ ਵਿਜੀਲੈਂਸ ਬਿਊਰੋ ਵਜੋਂ ਵੀ ਡਿਊਟੀ ਨਿਭਾਈ।

ਆਈ.ਜੀ. ਰੈਂਕ ਦੀ ਤਰੱਕੀ ਤੋਂ ਬਾਅਦ ਸ੍ਰੀ ਰੈਡੀ ਡਾਇਰੈਕਟਰ ਵਿਜੀਲੈਂਸ ਬਿਊਰੋ, ਆਈ.ਜੀ./ਆਈ.ਆਰ.ਬੀ, ਜ਼ੋਨਲ ਆਈ.ਜੀ ਪਟਿਆਲਾ, ਜ਼ੋਨਲ ਆਈ.ਜੀ. ਫਿਰੋਜ਼ਪੁਰ, ਆਈ.ਜੀ. ਸੁਰੱਖਿਆ ਅਤੇ ਆਈ.ਜੀ ਪ੍ਰੋਵਿਜ਼ਨਿੰਗ ਵਜੋਂ ਤਾਇਨਾਤ ਰਹੇ। ਸ੍ਰੀ ਰੈਡੀ ਏ.ਡੀ.ਜੀ.ਪੀ ਸੁਰੱਖਿਆ, ਏ.ਡੀ.ਜੀ.ਪੀ ਪ੍ਰੋਵਿਜ਼ਨਿੰਗ ਅਤੇ ਏ.ਡੀ.ਜੀ.ਪੀ ਆਈ.ਟੀ ਐਂਡ ਟੀ ਵਜੋਂ ਵੀ ਤਾਇਨਾਤ ਰਹੇ।

Share News / Article

Yes Punjab - TOP STORIES