ਸਿੱਧੂ ਵਾਲੀ ਕੋਠੀ ਰਾਣਾ ਸੋਢੀ ਨੂੰ ਅਲਾਟ, ਦਫ਼ਤਰ ਆਸ਼ੂ ਨੂੰ ਮਿਲਿਆ

ਯੈੱਸ ਪੰਜਾਬ
ਚੰਡੀਗੜ੍ਹ 30 ਜੁਲਾਈ, 2019:

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ:ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਮੁੱਖ ਮੰਤਰੀ ਦੇ ਨਾਲ ਮਤਭੇਦਾਂ ਦੇ ਚੱਲਦਿਆਂ ਆਪਣਾ ਅਹੁਦਾ ਤਿਆਗ ਦਿੱਤਾ ਸੀ ਅਤੇ ਅਸਤੀਫ਼ਾ ਪ੍ਰਵਾਨ ਹੋਣ ਤੋਂ ਇਕ ਦਿਨ ਬਾਅਦ ਹੀ ਸਰਕਾਰੀ ਰਿਹਾਇਸ਼ ਖ਼ਾਲੀ ਕਰ ਦਿੱਤੀ ਸੀ, ਵਾਲੀ ਕੋਠੀ ਹੁਣ ਪੰਜਾਬ ਦੇ ਖ਼ੇਡ ਅਤੇ ਐਨ.ਆਰ.ਆਈ. ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਅਲਾਟ ਕਰ ਦਿੱਤੀ ਗਈ ਹੈ। ਸ:ਸਿੱਧੂ ਮੁੱਖ ਮੰਤਰੀ ਨਿਵਾਸ ਤੋਂ ਇਕ ਕੋਠੀ ਛੱਡ ਕੇ ਸੈਕਟਰ 2 ਦੀ 42 ਨੰਬਰ ਕੋਠੀ ਵਿਚ ਰਹਿ ਰਹੇ ਸਨ ਜੋ ਹੁਣ ਰਾਣਾ ਗੁਰਮੀਤ ਸਿੰਘ ਸੋਢੀ ਦਾ ਸਰਕਾਰੀ ਨਿਵਾਸ ਹੋਵੇਗਾ।

ਜ਼ਿਕਰਯੋਗ ਹੈ ਕਿ ਅਜੇ ਤਾਂਈਂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੰਤਰੀ ਦੇ ਤੌਰ ’ਤੇ ਕੋਈ ਕੋਠੀ ਅਲਾਟ ਨਹੀਂ ਹੋਈ ਸੀ ਅਤੇ ਉਹ ਨਿੱਜੀ ਰਿਹਾਇਸ਼ ਵਿਚ ਰਹਿ ਰਹੇ ਸਨ।

ਇਸ ਤੋਂ ਪਹਿਲਾਂ ਸਕੱਤਰੇਤ ਵਿਚ ਸ: ਸਿੱਧੂ ਵਾਲਾ 5ਵੇਂ ਫ਼ਲੋਰ ਦਾ 33 ਨੰਬਰ ਕਮਰਾ ਲੁਧਿਆਣਾ ਨਾਲ ਸੰਬੰਧਤ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੂੰ ਅਲਾਟ ਕੀਤਾ ਜਾ ਚੁੱਕਾ ਹੈ। ਸ੍ਰੀ ਆਸ਼ੂ ਕੋਲ ਵੀ ਇਸ ਤੋਂ ਪਹਿਲਾਂ ਮੰਤਰੀਆਂ ਵਾਲਾ ਕੋਈ ਕਮਰਾ ਨਹੀਂ ਸੀ ਸਗੋਂ ਉਹ 5ਵੇਂ ਫ਼ਲੋਰ ’ਤੇ ਹੀ ਲੋਕ ਸੰਪਰਕ ਵਿਭਾਗ ਦੇ ਨਾਲ ਲੱਗਦੇ 14 ਨੰਬਰ ਕਮਰੇ ਵਿਚੋਂ ਆਪਣੇ ਵਿਭਾਗ ਦਾ ਕੰਮ ਚਲਾ ਰਹੇ ਸਨ। ਸ: ਸਿੱਧੂ ਦੇ ਅਸਤੀਫ਼ੇ ਤੋਂ ਤੁਰੰਤ ਬਾਅਦ ਉਨ੍ਹਾਂ ਦਾ ਕਮਰਾ ਸ੍ਰੀ ਆਸ਼ੂ ਨੂੰ ਅਲਾਟ ਹੋ ਗਿਆ ਸੀ ਅਤੇ ਉਹ ਆਪਣਾ ਦਫ਼ਤਰ ਉੱਥੇ ਤਬਦੀਲ ਕਰ ਚੁੱਕੇ ਹਨ।

ਜ਼ਿਕਰਯੋਗ ਹੈ ਕਿ 6 ਜੂਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਭਾਗੀ ਫ਼ੇਰਬਦਲ ਕੀਤੇ ਜਾਣ ਦੌਰਾਨ ਸਥਾਨਕ ਸਰਕਾਰਾਂ ਵਿਭਾਗ ਵਾਪਿਸ ਲਏ ਜਾਣ ਤੋਂ ਨਾਰਾਜ਼ ਸ: ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਅਲਾਟ ਕੀਤੇ ਗਏ ਬਿਜਲੀ ਮਹਿਕਮੇ ਦਾ ਕੰਮ ਕਾਜ ਨਹੀਂ ਸੰਭਾਲਿਆ ਸੀ। ਇੱਥੋਂ ਤਕ ਕਿ ਉਹ 6 ਜੂਨ ਤੋਂ ਬਾਅਦ ਆਪਣੇ ਦਫ਼ਤਰ ਹੀ ਨਹੀਂ ਗਏ।

ਉਹਨਾਂ ਨੇ ਲੰਬਾ ਸਮਾਂ ਕਾਂਗਰਸ ਹਾਈਕਮਾਨ ਦੀ ਵਿਚੋਲਗੀ ਲਈ ਦਿੰਦਿਆਂ ਆਪਣੇ ਦਫ਼ਤਰ ਅਤੇ ਜਨਤਕ ਸਮਾਗਮਾਂ ਤੋਂ ਖ਼ੁਦ ਨੂੰ ਦੂਰ ਰੱਖਿਆ ਪਰ ਕੋਈ ਗੱਲ ਨਾ ਬਣਦੀ ਵੇਖ਼ ਅੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਜਿਸਨੂੂੰ ਮੁੱਖ ਮੰਤਰੀ ਵੱਲੋਂ ਪ੍ਰਵਾਨ ਕਰ ਲਿਆ ਗਿਆ ਸੀ।

ਸ: ਸਿੱਧੂ ਨੇ ਪਿਛਲੇ ਐਤਵਾਰ, ਭਾਵ 21 ਜੁਲਾਈ ਨੂੰ ਆਪਣੀ ਸਰਕਾਰੀ ਰਿਹਾਇਸ਼ ਦੀਆਂ ਚਾਬੀਆਂ ਸੰਬੰਧਤ ਅਧਿਕਾਰੀਆਂ ਨੂੰ ਸੌਂਪ ਦਿੱਤੀਆਂ ਸਨ ਜਿਸ ਮਗਰੋਂ ਸਰਕਾਰ ਵੱਲੋਂ ਹੁਣ ਇਹ ਕੋਠੀ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਅਲਾਟ ਕਰਨ ਬਾਰੇ ਫ਼ੈਸਲਾ ਲਏ ਜਾਣ ਦੀ ਖ਼ਬਰ ਹੈ।

ਭਾਵੇਂ ਸ: ਸਿੱਧੂ ਦੇ ਅਸਤੀਫ਼ੇ ਮਗਰੋਂ ਮੁੱਖ ਮੰਤਰੀ ਵੱਲੋਂ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨਡਾ:ਰਾਜ ਕੁਮਾਰ ਵੇਰਕਾ ਨੂੰ ਕੈਬਨਿਟ ਦਰਜਾ ਦਿੱਤਾ ਗਿਆ ਹੈ ਪਰ ਮੰਤਰੀ ਮੰਡਲ ਵਿਚ ਸ: ਸਿੱਧੂ ਦੇ ਅਸਤੀਫ਼ੇ ਨਾਲ ਖ਼ਾਲੀ ਹੋਈ ਥਾਂ ਅਜੇ ਭਰੀ ਜਾਣੀ ਬਾਕੀ ਹੈ।

Share News / Article

Yes Punjab - TOP STORIES