ਸਿੱਧੂ ਮੂਸੇਵਾਲਾ ਦੇ ਇਤਰਾਜ਼ਯੋਗ ਗੀਤ ’ਤੇ ਤੁਰੰਤ ਪਾਬੰਦੀ ਲਗਾਈ ਜਾਵੇ, ਉਸ ਖਿਲਾਫ਼ ਕੇਸ ਦਰਜ ਹੋਵੇ: ਅਕਾਲੀ ਦਲ

ਚੰਡੀਗੜ੍ਹ 20 ਸਤੰਬਰ, 2019:

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀ ਦੇ ਗਾਇਕ ਸਿੱਧੂ ਮੂਸੇਵਾਲਾ ਦੀ ਨਵੀਂ ਵੀਡੀਓ ਜਿਸ ਵਿੱਚ ਇੱਕ ਗਾਣੇ ਵਿੱਚ ਸਿੱਖ ਕੌਮ ਦੀ ਮਹਾਨ ਸ਼ਹੀਦ ਮਾਈ ਭਾਗੋ ਨੂੰ ਬਹੁਤ ਘਟੀਆ ਅੰਦਾਜ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੀ ਸਖਤ ਲਫਜਾਂ ਵਿੱਚ ਨਿਖੇਧੀ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਗਾਣੇ ਉਪਰ ਤੁਰੰਤ ਪਾਬੰਦੀ ਲਾਈ ਜਾਵੇ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਸਤੇ ਸਿੱਧੂ ਮੂਸੇਵਾਲਾ, ਇਸ ਗਾਣੇ ਦੇ ਲਿਖਾਰੀ ਅਤੇ ਇਸ ਵੀਡੀਊ ਨੂੰ ਜਾਰੀ ਕਰਨ ਵਾਲੀ ਕੰਪਨੀ ਖਿਲਾਫ ਤੁਰੰਤ ਕੇਸ ਦਰਜ ਕੀਤਾ ਜਾਵੇ ਅਤੇ ਇਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਵਿੱਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮਾਈ ਭਾਗੋ ਵਰਗੀ ਮਹਾਨ ਸ਼ਖਸ਼ੀਅਤ ਜਿਹਨਾਂ ਦਾ ਨਾਮ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਵਿੱਚ ਉਹਨਾਂ ਦੀ ਮਹਾਨ ਸੋਚ, ਬਹਾਦਰੀ, ਸਿੱਖ ਕੌਮ ਨੂੰ ਮਹਾਨ ਦੇਣ ਅਤੇ ਲਾਮਿਸਾਲ ਸ਼ਹਾਦਤ ਕਰਕੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ ਦੇ ਨਾਮ ਨੂੰ ਇੱਕ ਲੱਚਰ ਗਾਣੇ ਵਿੱਚ ਉਦਾਹਰਣ ਵਜੋਂ ਪੇਸ਼ ਕਰਕੇ ਬੇਹੱਦ ਘਟੀਆ ਕੰਮ ਕੀਤਾ ਹੈ।

ਉਹਨਾਂ ਕਿਹਾ ਕਿ ਸਿੱਖ ਕੌਮ ਅਜਿਹੇ ਬੱਜਰ ਗੁਨਾਹ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਹਨਾਂ ਮੰਗ ਕੀਤੀ ਕਿ ਇਸ ਘਿਨਾਉੂਣੇ ਕੰਮ ਵਾਸਤੇ ਉਪਰੋਕਤ ਗਾਇਕ, ਲਿਖਾਰੀ, ਕੰਪਨੀ ਅਤੇ ਹੋਰ ਸਹਿਯੋਗੀਆਂ ਖਿਲਾਫ ਤੁਰੰਤ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਫੌਜਦਾਰੀ ਕੇਸ ਦਰਜ ਕੀਤਾ ਜਾਵੇ ਅਤੇ ਇਹਨਾਂ ਸਾਰਿਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।

ਡਾ. ਚੀਮਾ ਨੇ ਪੰਜਾਬ ਸਰਕਾਰ ਨੂੰ ਇਹ ਵੀ ਬੇਨਤੀ ਕੀਤੀ ਕਿ ਅੱਗੇ ਤੋਂ ਅਜਿਹੀ ਗਲਤੀ ਨਾ ਹੋਵੇ ਇਸ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਤੁਰੰਤ ਢੁਕਵੇਂ ਦਿਸ਼ਾ ਨਿਰਦੇਸ਼ ਵੀ ਜਾਰੀ ਕਰੇ।

Share News / Article

YP Headlines