ਸਿੱਧੂ ਬਿਜਲੀ ਵਿਭਾਗ ਸੰਭਾਲਣ, ਕੈਪਟਨ ਅਤੇ ਬਾਦਲਾਂ ਦੀ ਮਿਲੀਭੁਗਤ ਜਗਜ਼ਾਹਿਰ ਕਰਨ: ਖ਼ਹਿਰਾ

ਚੰਡੀਗੜ੍ਹ, 13 ਜੁਲਾਈ, 2019:

ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਪੰਜਾਬ ਏਕਤਾ ਪਾਰਟੀ ਪ੍ਰਧਾਨ ਅਤੇ ਭੁਲੱਥ ਦੇ ਐਮ.ਐਲ.ਏ ਸੁਖਪਾਲ ਸਿੰਘ ਖਹਿਰਾ ਨੇ ਨਵਜੋਤ ਸਿੱਧੂ ਨੂੰ ਪਾਵਰ ਵਿਭਾਗ ਸੰਭਾਲਣ ਅਤੇ ਜੂਨੀਅਰ ਬਾਦਲ ਵੱਲੋਂ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਬੇਈਮਾਨੀ ਭਰੇ ਪੀ.ਪੀ.ਏ ਨੂੰ ਮੁੜ ਜਾਂਚਣ ਲਈ ਸੁਝਾੳ ਦਿੱਤਾ।

ਖਹਿਰਾ ਨੇ ਕਿਹਾ ਕਿ ਜੂਨੀਅਰ ਬਾਦਲ ਦੇ ਇਸ ਅਨੈਤਿਕ ਅਤੇ ਭ੍ਰਿਸ਼ਟ ਕਾਰੇ ਨੇ ਨਾ ਸਿਰਫ ਪੀ.ਐਸ.ਪੀ.ਸੀ.ਐਲ ਨੂੰ ਵਿੱਤੀ ਤਬਾਹੀ ਕੰਢੇ ਲਿਆ ਦਿੱਤਾ ਬਲਕਿ ਸਧਾਰਨ ਖਪਤਕਾਰਾਂ ਉੱਪਰ ਦੇਸ਼ ਦੇ ਸੱਭ ਤੋਂ ਮਹਿੰਗੀ ਬਿਜਲੀ ਟੈਰਿਫਾਂ ਦਾ ਵੱਡਾ ਬੋਝ ਵੀ ਪਾ ਦਿੱਤਾ।

ਖਹਿਰਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਸਟਰਲਾਈਟ ਕੰਪਨੀ ਨਾਲ 1980 ਮੈਗਾਵਾਟ ਤਲਵੰਡੀ ਸਾਬੋ ਥਰਮਲ ਪਲਾਂਟ, ਲਾਰਸਨ ਐਂਡ ਟਰਬੋ ਨਾਲ 1400 ਮੈਗਾਵਾਟ ਰਾਜਪੁਰਾ ਥਰਮਲ ਪਲਾਂਟ ਅਤੇ ਜੀ.ਵੀ.ਕੇ ਨਾਲ 500 ਮੈਗਾਵਾਟ ਗੋਇੰਦਵਾਲ ਸਾਹਿਬ ਥਰਮਲ ਪਲਾਂਟਾਂ ਦੇ ਪੀ.ਪੀ.ਏ ਸਾਈਨ ਕੀਤੇ ਸਨ।

ਉਹਨਾਂ ਇਲਜਾਮ ਲਗਾਇਆ ਕਿ ਅਜਿਹਾ ਕਰਕੇ ਪਿਛਲੀ ਸਰਕਾਰ ਨੇ ਦੇਸ਼ ਭਰ ਵਿੱਚ ਬਰਾਬਰ ਸਮੱਰਥਾ ਅਤੇ ਤਕਨੀਕ ਵਾਲੇ ਹੋਰਨਾਂ ਥਰਮਲ ਪਲਾਂਟਾਂ ਨਾਲੋਂ ਕਿਤੇ ਵੱਧ ਫੀ ਯੂਨਿਟ ਅਦਾ ਕੀਤੇ ਜਾਣ ਦੀ ਸਹਿਮਤੀ ਦਿੱਤੀ ਸੀ।

ਖਹਿਰਾ ਨੇ ਕਿਹਾ ਕਿ ਪੰਜਾਬ ਤਲਵੰਡੀ ਸਾਬੋ ਥਰਮਲ ਪਲਾਂਟ ਨੂੰ 1.35 ਰੁਪਏ ਫੀ ਯੁਨਿਟ, ਰਾਜਪੁਰਾ ਪਲਾਂਟ ਨੂੰ 1.50 ਰੁਪਏ ਫੀ ਯੂਨਿਟ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਨੂੰ 1.93 ਰੁਪਏ ਫੀ ਯੂਨਿਟ ਦਾ ਫਿਕਸ ਖਰਚਾ ਅਦਾ ਕਰ ਰਿਹਾ ਹੈ। ਜਦਕਿ ਗੁਜਰਾਤ ਵਿਚਲੇ ਮੁੰਦਰਾ ਥਰਮਲ ਪਲਾਂਟ ਦੇ 90 ਪੈਸੇ ਫੀ ਯੁਨਿਟ ਅਤੇ ਮੱਧ ਪ੍ਰਦੇਸ਼ ਦੇ ਸਾਸਨ ਥਰਮਲ ਪਲਾਂਟ ਦੇ ਸਿਰਫ 17 ਪੈਸੇ ਫਿਕਸ ਖਰਚੇ ਹਨ।

ਖਹਿਰਾ ਨੇ ਇਲਜਾਮ ਲਗਾਇਆ ਕਿ ਉਸ ਵੇਲੇ ਦੇ ਰਿਨਿਊਏਬਲ ਐਨਰਜੀ ਅਤੇ ਪੇਡਾ ਦੇ ਮੰਤਰੀ ਬਿਕਰਮ ਮਜੀਠੀਆ ਅਤੇ ਬਿਜਲੀ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੋਲਰ ਅਤੇ ਬਾਇਉਮਾਸ ਪਲਾਂਟਾਂ ਨਾਲ ਵੀ ਵੱਡੀ ਦਰ ਉੱਪਰ ਪੀ.ਪੀ.ਏ ਸਾਈਨ ਕੀਤੇ ਹਨ।

ਉਹਨਾਂ ਕਿਹਾ ਕਿ ਪੰਜਾਬ ਸਟੇਟ ਇਲੈਕਟਰੀਸਿਟੀ ਰੈਗੂਲੇਟਰੀ ਕਮੀਸ਼ਨ ਦੇ ਟੈਰਿਫ ਆਰਡਰ ਅਨੁਸਾਰ ਪੰਜਾਬ ਨੇ 2017-18 ਦੋਰਾਨ 5.90 ਰੁਪਏ ਫੀ ਯੁਨਿਟ ਦੇ ਹਿਸਾਬ ਨਾਲ 1712 ਮਿਲੀਅਨ ਯੁਨਿਟ ਸੋਲਰ ਪਾਵਰ ਦੇ 1010 ਕਰੋੜ ਰੁਪਏ ਅਦਾ ਕੀਤੇ। ਇਸੇ ਦੋਰਾਨ ਹੀ ਬਾਇਉ ਮਾਸ ਪਲਾਂਟਾਂ ਨੂੰ 5.32 ਰੁਪਏ ਫੀ ਯੂਨਿਟ ਦੇ ਹਿਸਾਬ ਨਾਲ 1459 ਮਿਲੀਅਨ ਯੂਨਿਟ ਦੇ 776 ਕਰੋੜ ਰੁਪਏ ਸੂਬੇ ਨੇ ਅਦਾ ਕੀਤੇ।

ਖਹਿਰਾ ਨੇ ਇਲਜਾਮ ਲਗਾਇਆ ਕਿ ਭਾਰੀ ਕੀਮਤ ਉੱਪਰ ਕੋਲਾ ਇਮਪੋਰਟ ਕਰਨ ਵਾਲੀਆਂ ਅਡਾਨੀਆਂ ਦੀਆਂ ਕੰਪਨੀਆਂ ਨੂੰ ਲਾਹਾ ਪਹੁੰਚਾਉਣ ਲਈ ਬਾਦਲਾਂ ਨੇ ਜਾਣ ਬੁੱਝ ਕੇ ਝਾਰਖੰਡ ਵਿੱਚ ਅਲਾਟ ਹੋਈ ਪਛਵਾੜਾ ਕੋਲਾ ਖਾਨ ਨੂੰ ਅਪ੍ਰੈਲ 2015 ਤੋਂ ਚਾਲੂ ਹੀ ਨਹੀਂ ਕੀਤਾ ਜਿਸ ਕਾਰਨ ਸਰਕਾਰੀ ਖਜਾਨੇ ਨੂੰ ਸੈਂਕੜਿਆਂ ਕਰੋੜਾਂ ਦਾ ਨੁਕਸਾਨ ਹੋਇਆ।

ਉਹਨਾਂ ਕਿਹਾ ਕਿ ਇਸ ਕਾਰਨ ਪ੍ਰਾਈਵੇਟ ਥਰਮਲ ਪਲਾਂਟਾਂ ਅਤੇ ਹੋਰਨਾਂ ਨਿੱਜੀ ਕੰਪਨੀਆਂ ਤੋਂ ਮਹਿੰਗੇ ਮੁੱਲ ਉੱਪਰ ਬਿਜਲੀ ਅਤੇ ਕੋਲਾ ਖਰੀਦਣਾ ਪਿਆ।

ਉਹਨਾਂ ਇਹ ਵੀ ਇਲਜਾਮ ਲਗਾਇਆ ਕਿ ਬਾਦਲਾਂ ਨੇ ਸੱਤ ਸਾਲ ਕੇ.ਡੀ ਚੋਧਰੀ ਨੂੰ ਪੀ.ਐਸ.ਪੀ.ਸੀ.ਐਲ ਦਾ ਚੇਅਰਮੈਨ ਲਗਾਈ ਰੱਖਿਆ ਅਤੇ ਉਸ ਨੇ ਉਹਨਾਂ ਦੇ ਹੱਥਠੋਕੇ ਵਜੋਂ ਕੰਮ ਕੀਤਾ ਜਿਸ ਕਾਰਨ ਸੂਬੇ ਦੇ ਖਜਾਨੇ ਨੂੰ ਭਾਰੀ ਨੁਕਸਾਨ ਹੋਇਆ।

ਖਹਿਰਾ ਨੇ ਕਿਹਾ ਕਿ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਸਰਾਸਰ ਗਲਤ ਪੀ.ਪੀ.ਏ ਨੂੰ ਰਿਵਿਊ ਕਰਨ ਉਪਰੰਤ ਰੱਦ ਕਰਕੇ ਨਵਜੋਤ ਸਿੱਧੂ ਨਾ ਸਿਰਫ ਪੰਜਾਬ ਨੂੰ ਹੋਰ ਵਿੱਤੀ ਨੁਕਸਾਨ ਤੋਂ ਬਚਾ ਸਕਦੇ ਹਨ ਬਲਕਿ ਸੂਬੇ ਦੇ ਲੋਕਾਂ ਨੂੰ ਰਾਹਤ ਦੇਣ ਦੇ ਨਾਲ ਨਾਲ ਉਹ ਆਪਣਾ ਇਹ ਤਰਕ ਵੀ ਸਾਬਿਤ ਕਰ ਸਕਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਦੋਸਤਾਨਾ ਮੈਚ ਖੇਡ ਰਹੇ ਹਨ ਕਿਉਂਕਿ ਦੋਨਾਂ ਨੇ ਇੱਕ ਦੂਸਰੇ ਦੇ ਭ੍ਰਿਸ਼ਟ ਕੰਮਾਂ ਉੱਪਰ ਅੱਖਾਂ ਮੀਟੀਆਂ ਹੋਈਆਂ ਹਨ।

Share News / Article

Yes Punjab - TOP STORIES