ਸਿੱਧੂ ਨੇ ‘ਬਿਜਲੀ ਮਾਫ਼ੀਆ’ ਤੋਂ ਪੀੜਤ ਪੰਜਾਬ ਦੇ ਪੰਜਾਬੀਆਂ ਨੂੰ ਰਾਹਤ ਦੇਣ ਦਾ ਮੌਕਾ ਖੁੰਝਾਇਆ: ਹਰਪਾਲ ਚੀਮਾ

ਚੰਡੀਗੜ੍ਹ, 20 ਜੁਲਾਈ, 2019 –
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਬਿਜਲੀ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਲੰਬੇ ਸਮੇਂ ਤੋਂ ਲਟਕਿਆ ਅਸਤੀਫ਼ਾ ਮਨਜ਼ੂਰ ਹੋਣ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਬੇਸ਼ੱਕ ਇਹ ਕਾਂਗਰਸ ਦਾ ਅੰਦਰੂਨੀ ਮਾਮਲਾ ਅਤੇ ਦੋ ਵੱਡੇ ਲੀਡਰਾਂ ‘ਚ ਕੁਰਸੀ ਦੀ ਲੜਾਈ ਦਾ ਮਾਮਲਾ ਹੈ, ਪ੍ਰੰਤੂ ਇਸ ਪੂਰੇ ਘਟਨਾਕ੍ਰਮ ਨੇ ਦੋ ਗੱਲਾਂ ਸਾਫ਼ ਕਰ ਦਿੱਤੀਆਂ ਹਨ। ਪਹਿਲੀ ਪਰਿਵਾਰਵਾਦ, ਭ੍ਰਿਸ਼ਟਾਚਾਰ, ਹਾਉ ਮੈਂ ਅਤੇ ਜੀ ਹਜ਼ੂਰੀ ਕਲਚਰ ਦਾ ਸ਼ਿਕਾਰ ਕਾਂਗਰਸ ਦਾ ਦੇਸ਼ ਭਰ ‘ਚੋਂ ਮੁਕੰਮਲ ਸਫ਼ਾਇਆ ਨਿਸ਼ਚਿਤ ਹੈ।

ਚੀਮਾ ਅਨੁਸਾਰ ਜੋ ਗਾਂਧੀ ਪਰਿਵਾਰ ਅਤੇ ਕਾਂਗਰਸ ਹਾਈਕਮਾਨ ਆਪਣੇ ਦੋ ਆਗੂਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੀ ‘ਕੁਰਸੀ’ ਦੀ ਲੜਾਈ ਦਾ ਸਕਾਰਾਤਮਿਕ ਹੱਲ ਕੱਢਣ ‘ਚ ਅਸਫਲ ਰਹੀ, ਉਸ ਤੋਂ ਦੇਸ਼ ਅਤੇ ਪੰਜਾਬ ਦੇ ਲੋਕਾਂ ਨੂੰ ਦਰਪੇਸ਼ ਭਖਵੇਂ ਮਸਲਿਆਂ ਦੇ ਹੱਲ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ?

ਚੀਮਾ ਨੇ ਕਿਹਾ ਕਿ ਇਸ ਪੂਰੇ ਘਟਨਾਕ੍ਰਮ ਨੇ ਨਵਜੋਤ ਸਿੰਘ ਸਿੱਧੂ ਦੀ ‘ਸਿਆਸੀ ਸਮਝ ਅਤੇ ਚਾਹਤ ‘ਤੇ ਸਵਾਲੀਆ ਚਿੰਨ੍ਹ ਲਗਾਇਆ ਹੈ, ਬਿਹਤਰ ਹੁੰਦਾ ਨਵਜੋਤ ਸਿੰਘ ਸਿੱਧੂ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਸਬਰ ਸੰਤੋਖ ਤੋਂ ਕੰਮ ਲੈਂਦੇ ਅਤੇ ਬਿਜਲੀ ਮਹਿਕਮਾ ਸੰਭਾਲ ਕੇ ਅਰਬਾਂ ਰੁਪਏ ਦੇ ‘ਬਿਜਲੀ ਮਾਫ਼ੀਆ’ ‘ਚ ਬਾਦਲਾਂ-ਕੈਪਟਨ ਅਤੇ ਹੋਰ ਰਸੂਖਵਾਨਾਂ ਦੀਆਂ ਹਿੱਸੇਦਾਰੀਆਂ ਤੇ ਦਲਾਲੀਆਂ ਨੰਗਾ ਕਰਦੇ।

ਜਨਤਕ ਖੇਤਰ ਦੇ ਸਰਕਾਰੀ ਥਰਮਲ ਪਲਾਂਟਾਂ ਨੂੰ ਬਰਬਾਦ ਅਤੇ ਬੰਦ ਕਰ ਕੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਮਹਿੰਗੇ ਅਤੇ ਮਾਰੂ ਸ਼ਰਤਾਂ ਵਾਲੇ ਬਿਜਲੀ ਖ਼ਰੀਦ ਸਮਝੌਤੇ (ਪੀਪੀਏਜ਼) ਰੱਦ ਕਰਕੇ ਪੰਜਾਬ ਦੇ ਖ਼ਜ਼ਾਨੇ ਅਤੇ ਲੋਕਾਂ ਦੀ ਲੁੱਟ ਬੰਦ ਕਰਕੇ ਅਸਲੀ ਹੀਰੋ ਬਣਦੇ, ਪਰੰਤੂ ਨਵਜੋਤ ਸਿੰਘ ਸਿੱਧੂ ਇਹ ਸੁਨਹਿਰੀ ਮੌਕਾ ਗੁਆ ਬੈਠੇ।

Share News / Article

Yes Punjab - TOP STORIES