ਸਿੱਧੂ ਨੇ ਅਸਤੀਫ਼ਾ ਕੈਪਟਨ ਨੂੰ ਭੇਜਿਆ

ਯੈੱਸ ਪੰਜਾਬ
ਚੰਡੀਗੜ੍ਹ, 15 ਜੁਲਾਈ, 2019:
ਪੰਜਾਬ ਦੇ ਕੈਬਨਿਟ ਮੰਤਰੀ ਸ: ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜ ਦਿੱਤਾ ਹੈ।

ਇਹ ਜਾਣਕਾਰੀ ਖ਼ੁਦ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟ ਰਾਹੀਂ ਦਿੰਦਿਆਂ ਦੱਸਿਆ ਹੈ ਕਿ ਉਹਨਾਂ ਨੇ ਮੁੱਖ ਮੰਤਰੀ ਦੇ ਨਾਂਅ ਆਪਣਾ ਅਸਤੀਫ਼ਾ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਭੇਜ ਦਿੱਤਾ ਹੈ।

ਸ: ਸਿੱਧੂ ਵੱਲੋਂ ਅੱਜ ਭੇਜੇ ਗਏ ਅਸਤੀਫ਼ੇ ਤੋਂ ਬਾਅਦ ਇਹ ਉਹਨਾਂ ਮੰਤਰੀਆਂ ਅਤੇ ਆਗੂਆਂ ਲਈ ਇਕ ਝਟਕਾ ਹੈ ਜਿਹੜੇ ਸ: ਸਿੱਧੂ ਦੇ ਅਸਤੀਫ਼ੇ ਨੂੰ ‘ਡਰਾਮਾ’ ਦੱਸ ਰਹੇ ਸਨ। ਉਹਨਾਂ ਦਾ ਕਹਿਣਾ ਸੀ ਕਿ ਇਹ ਅਸਤੀਫ਼ਾ ਮੁੱਖ ਮੰਤਰੀ ਜਾਂ ਰਾਜਪਾਲ ਨੂੂੰ ਭੇਜਿਆ ਜਾਣਾ ਚਾਹੀਦਾ ਸੀ।

ਯਾਦ ਰਹੇ ਸ: ਸਿੱਧੂ ਨੇ ਐਤਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੂੰ 10 ਜੂਨ ਦਾ ਲਿਖ਼ਿਆ ਇਕ ਪੱਤਰ ਟਵੀਟ ਕੀਤਾ ਸੀ ਜਿਸ ਵਿਚ ਉਹਨਾਂ ਕਿਹਾ ਸੀ ਕਿ ਉਹ ਪੰਜਾਬ ਦੇ ਕੈਬਨਿਟ ਮੰਤਰੀ ਵਜੋਂ ਅਸਤੀਫ਼ਾ ਦੇ ਰਹੇ ਹਨ।

ਇਸ ਮਗਰੋਂ ਆਏ ਸਿਆਸੀ ਭੂਚਾਲ ਦੇ ਦੌਰਾਨ ਜਿੱਥੇ ਵਿਰੋਧੀਆਂ ਨੇ ਸ: ਸਿੱਧੂ ਦੇ ਅਸਤੀਫ਼ੇ ਨੂੰ ਡਰਾਮੇਬਾਜ਼ੀ ਦੱਸਿਆ ਸੀ ਉੱਥੇ ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਸ੍ਰੀ ਬ੍ਰਹਮ ਮਹਿੰਦਰਾ ਅਤੇ ਸ:ਚਰਨਜੀਤ ਸਿੰਘ ਚੰਨੀ ਨੇ ਬਕਾਇਦਾ ਇਕ ਬਿਆਨ ਦੇ ਕੇ ਕਿਹਾ ਸੀ ਉਹ ਹਾਸੋਹੀਣੀ ਡਰਾਮੇਬਾਜ਼ੀ ਕਰ ਰਹੇ ਹਨ।

ਹੁਣ ਸਾਰੀਆਂ ਨਜ਼ਰਾਂ ਇਸ ਪਾਸੇ ਲੱਗੀਆਂ ਹਨ ਕਿ ਕੈਪਟਨ ਅਮਰਿੰਦਰ ਸਿੰਘ ਇਹ ਅਸਤੀਫ਼ਾ ਕਦ ਪ੍ਰਵਾਨ ਕਰਦੇ ਹਨ। ਇਹ ਸੰਭਾਵਨਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫ਼ਾ ਪ੍ਰਵਾਨ ਕਰ ਲਿਆ ਜਾਵੇਗਾ ਕਿਉਂਕਿ ਨਾ ਤਾਂ ਸਿੱਧੂ ਢਲਣ ਨੂੰ ਤਿਆਰ ਹਨ ਅਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਕਿਸੇ ਸਮਝੌਤੇ ਦੀ ਰੌਂਅ ਵਿਚ ਹਨ।

Share News / Article

Yes Punjab - TOP STORIES