ਯੈੱਸ ਪੰਜਾਬ
ਲੁਧਿਆਣਾ, 8 ਜੂਨ, 2019:
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਸ: ਸਿਮਰਜੀਤ ਸਿੰਘ ਬੈਂਸ ਨੇ ਕਾਂਗਰਸ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ: ਨਵਜੋਤ ਸਿੰਘ ਸਿੱਧੂ ਨੂੰ ਪੀ.ਡੀ.ਏ. ਵਿਚ ਸ਼ਮੂਲੀਅਤ ਕਰਨ ਲਈ ਖੁਲ੍ਹਾ ਸੱਦਾ ਦਿੰਦਿਆਂ ਕਿਹਾ ਹੈ ਕਿ ਜੇ ਸ: ਸਿੱਧੂ ਪੰਜਾਬ ਦੇ ਭਲੇ ਲਈ ਉਨ੍ਹਾਂ ਨਾਲ ਹੱਥ ਮਿਲਾ ਲੈਣ ਤਾਂ ਉਹ ਸ: ਸਿੱਧੂ ਨੂੰ 2022 ਚੋਣਾਂ ਵਿਚ ਪੰਜਾਬ ਡੈਮੋਕਰੈਟਿਕ ਅਲਾਇੰਸ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨ ਨੂੰ ਤਿਆਰ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਤਭੇਦਾਂ ਦੇ ਚੱਲਦਿਆਂ ਸ: ਸਿੱਧੂ ਤੋਂ ਉਨ੍ਹਾਂ ਦਾ ਸਥਾਨਕ ਸਰਕਾਰਾਂ ਵਿਭਾਗ ਅਤੇ ਸੈਰ ਸਪਾਟਾ ਵਿਭਾਗ ਵਾਪਸ ਲਏ ਜਾਣ ਮਗਰੋਂ ਅਜੇ ਤਾਈਂ ਖ਼ਾਮੋਸ਼ ਬੈਠੇ ਸ:ਸਿੱਧੂ ਨੂੰ ਉਕਤ ਅਪੀਲ ਕਰਦਿਆਂ ਸ: ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਅਤੇ ਉਨ੍ਹਾਂ ਨੂੰ ਪੰਜਾਬ ਦੀ ਬੇਹਤਰੀ ਲਈ ਪੀ.ਡੀ.ਏ. ਵਿਚ ਸ਼ਾਮਿਲ ਹੋ ਜਾਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਡੈਮੋਕਰੈਟਿਕ ਅਲਾਇੰਸ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸ: ਸੁਖ਼ਪਾਲ ਸਿੰਘ ਖ਼ਹਿਰਾ ਵੱਲੋਂ ਬਣਾਇਆ ਗਿਆ ਗਠਜੋੜ ਹੈ ਜਿਸ ਵਿਚ ਪੀ.ਈ.ਪੀ. ਅਤੇ ਲੋਕ ਇਨਸਾਫ਼ ਪਾਰਟੀ ਤੋਂ ਇਲਾਵਾ ਬਸਪਾ ਅਤੇ ਕਮਿਊਨਿਸਟ ਪਾਰਟੀ ਸ਼ਾਮਿਲ ਹਨ।
ਸ: ਸਿਮਰਜੀਤ ਸਿੰਘ ਬੈਂਸ ਨੇ ਸ:ਸਿੱਧੂ ਨੂੰ ਭਾਵੁਕ ਅਪੀਲ ਕਰਦਿਆਂ ਆਖ਼ਿਆ ਕਿ ਪੰਜਾਬ ਵਿਚੋਂ ਲੁੱਟ ਅਤੇ ਮਾਫ਼ੀਆ ਤੋਂ ਇਲਾਵਾ ਰਿਸ਼ਵਤਖ਼ੋਰੀ ਦੇ ਖ਼ਾਤਮੇ ਲਈ ਪੰਜਾਬ ਨੂੰ ਪਿਆਰ ਕਰਨ ਵਾਲੇ 5-7 ਲੋਕਾਂ ਨੂੰ ਮਿਲ ਕੇ ਅੱਗੇ ਆਉਣਾ ਪਵੇਗਾ ਨਹੀਂ ਤਾਂ ਪੰਜਾਬ ਦਾ ਬੇੜਾ ਗ਼ਰਕ ਹੋ ਜਾਵੇਗਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਸ: ਸਿੱਧੂ ਉਨ੍ਹਾਂ ਦੇ ਖੁਲ੍ਹੇ ਸੱਦੇ ਨੂੰ ਸੁਹਿਰਦਤਾ ਨਾਲ ਵਿਚਾਰਨਗੇ।
ਇੱਥੇ ਇਹ ਵਰਨਣਯੋਗ ਹੈ ਕਿ ਸ: ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੱਘ ਵਿਚਾਲੇ ਦੂਰੀਆਂ ਮੋੜਾ ਪਾ ਸਕਣ ਵਾਲੇ ਹਾਲਾਤ ਤੋਂ ਅੱਗੇ ਲੰਘ ਗਈਆਂ ਜਾਪਦੀਆਂ ਹਨ ਅਤੇ ਦੋਹਾਂ ਧਿਰਾਂ ਵਿਚਾਲੇ ਗੱਲਬਾਤ ਲਗਪਗ ਬੰਦ ਪਈ ਹੈ ਜਿਸ ਦੇ ਚੱਲਦਿਆਂ ਸ: ਸਿੱਧੂ ਨਾ ਕੇਵਲ ਬੀਤੇ ਦਿਨੀਂ ਹੋਈ ਪੰਜਾਬ ਕਾਂਗਰਸ ਦੀ ਸਮੀਖ਼ਿਆ ਮੀਟਿੰਗ ਤੋਂ ਹੀ ਲਾਂਭੇ ਰਹੇ ਸਗੋਂ ਉਨ੍ਹਾਂ ਨੇ ਬੀਤੇ ਦਿਨੀਂ ਹੋਈ ਕੈਬਨਿਟ ਮੀਟਿੰਗ ਵਿਚ ਵੀ ਹਿੱਸਾ ਨਹੀਂ ਲਿਆ ਜਿਸ ਮਗਰੋਂ ਸ਼ਾਮ ਨੂੰ ਹੀ ਕੀਤੀ ਗਈ ਮੰਤਰੀ ਮੰਡਲ ਫ਼ੇਰਬਦਲ ਵਿਚ ਉਨ੍ਹਾਂ ਦੇ ਵਿਭਾਗ ਉਨ੍ਹਾਂ ਤੋਂ ਵਾਪਿਸ ਲੈਂਦਿਆਂ ਉਨ੍ਹਾਂ ਨੂੰ ਬਿਜਲੀ ਮੰਤਰੀ ਬਣਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸ: ਸਿੱਧੂ ਨੇ ਅਜੇ ਤਾਂਈਂ ਆਪਣੇ ਨਵੇਂ ਮਹਿਕਮੇ ਦਾ ਚਾਰਜ ਨਹੀਂ ਸੰਭਾਲਿਆ।