ਸਿੱਧੂ ਕਾਂਗਰਸ ਵੀ ਛੱਡਣ, ਉਨ੍ਹਾਂ ਨੂੰ 2022 ਲਈ ਮੁੱਖ ਮੰਤਰੀ ਦੇ ਤੌਰ ’ਤੇ ਪ੍ਰੌਜੈਕਟ ਕਰਨ ਲਈ ਤਿਆਰ ਹਾਂ: ਬੈਂਸ

ਯੈੱਸ ਪੰਜਾਬ
ਲੁਧਿਆਣਾ, 14 ਜੁਲਾਈ, 2019:

ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸ: ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਦੇ ਕੈਬਨਿਟ ਮੰਤਰੀ ਸ: ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਕੈਬਨਿਟ ਤੋਂ ਅਸਤੀਫ਼ਾ ਦਿੱਤੇ ਜਾਣ ’ਤੇ ਆਪਣਾ ਪ੍ਰਤੀਕਰਮ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਸ: ਸਿੱਧੂ ਨੂੰ ਕੇਵਲ ਕੈਬਨਿਟ ਹੀ ਨਹੀਂ ਸਗੋਂ ਕਾਂਗਰਸ ਪਾਰਟੀ ਨੂੰ ਵੀ ਅਲਵਿਦਾ ਆਖ਼ ਦੇਣਾ ਚਾਹੀਦਾ ਹੈ ਕਿਉਂਕਿ ਕਾਂਗਰਸ ਦੇ ਅੰਦਰ ਕਿਸੇ ਇਮਾਨਦਾਰ ਵਿਅਕਤੀ ਲਈ ਕੋਈ ਥਾਂ ਨਹੀਂ ਹੈ।

ਸ: ਬੈਂਸ ਨੇ ਇਕ ਵਾਰ ਫ਼ਿਰ ਸ: ਸਿੱਧੂ ਨੂੰ ਸੱਦਾ ਦਿੱਤਾ ਹੈ ਕਿ ਉਹ ਪੰਜਾਬ ਦਾ ਦਰਦ ਰੱਖਣ ਵਾਲੇ ਹੋਣ ਦੇ ਨਾਤੇ ਪੰਜਾਬ ਦੇ ਹੋਰ ਦਰਦਮੰਦਾਂ ਨਾਲ ਮਿਲ ਕੇ ਪੰਜਾਬ ਅਤੇ ਪੰਜਾਬੀਆਂ ਦੇ ਹਿਤ ਵਿਚ ਅੱਗੇ ਆਉਣ। ਉਹਨਾਂ ਕਿਹਾ ਕਿ ਸ: ਸਿੱਧੂ ਜੇ ਉਨ੍ਹਾਂ ਦੇ ਨਾਲ ਆਉਂਦੇ ਹਨ ਤਾਂ ਉਹ ਸ: ਸਿੱਧੂ ਨੂੰ 2022 ਚੋਣਾਂ ਵਿਚ ਮੁੱਖ ਮੰਤਰੀ ਦੇ ਚਿਹਰੇ ਵਜੋਂ ‘ਪ੍ਰੋਜੈਕਟ’ ਕਰਕੇ ਚੋਣਾਂ ਲੜਨ ਨੂੰ ਤਿਆਰ ਹਨ।

ਮੀਡੀਆ ਨਾਲ ਗੱਲਬਾਤ ਕਰਦਿਆਂ ਸ: ਬੈਂਸ ਨੇ ਕਿਹਾ ਕਿ ਭਾਵੇਂ ਸ: ਸਿੱਧੂ ਦਾ ਕੈਬਨਿਟ ਛੱਡਣਾ ਸਹੀ ਕਦਮ ਹੈ ਪਰ ਇਹ ਅਜੇ ਵੀ ‘ਗ਼ਲਤ ਸਟੈਪ’ ਹੈ ਕਿਉਂਕਿ ਉਹਨਾਂ ਨੂੰ ਅਸਲ ਵਿਚੋਂ ਕਾਂਗਰਸ ਵਿਚੋਂ ਹੀ ਅਸਤੀਫ਼ਾ ਦੇ ਕੇ ਬਾਹਰ ਆਉਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਕਾਂਗਰਸ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਉਹਨਾਂ ਲੋਕਾਂ ਦੀ ਲੋੜ ਹੈ ਜਿਹੜੇ ਬਾਦਲਾਂ ਦਾ ਰੇਤ ਮਾਫ਼ੀਆ ਅੱਗੇ ਚਲਾਉਣ ਵਿਚ ‘ਐਕਸਪਰਟ’ ਹੋਣ।

Share News / Article

Yes Punjab - TOP STORIES