ਸਿੱਖ ਕੈਦੀਆਂ ਬਾਰੇ ਫ਼ੈਸਲੇ ਲਈ ਸੁਖ਼ਬੀਰ ਬਾਦਲ ਵੱਲੋਂ ਮੋਦੀ, ਸ਼ਾਹ ਦਾ ਧੰਨਵਾਦ, ਹੋਰ ਕੈਦੀਆਂ ਦੀ ਰਿਹਾਈ ਦੀ ਅਪੀਲ

ਚੰਡੀਗੜ੍ਹ, 28 ਸਤੰਬਰ, 2019:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਨਡੀਏ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਮੌਕੇ ਚੁੱਕੇ ਇੱਕ ਮਨੁੱਖਤਾ ਵਾਦੀ ਕਦਮ ਤਹਿਤ ਇੱਕ ਸਿੱਖ ਕੈਦੀ ਦੀ ਮੌਤ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰਨ ਅਤੇ 8 ਹੋਰ ਸਿੱਖ ਕੈਦੀਆਂ ਨੂੰ ਸਮੇਂ ਤੋਂ ਪਹਿਲਾਂ ਰਿਹਾ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਦਾ ਤਹਿ ਦਿਲੋਂ ਸ਼ੁਕਰਾਨਾ ਕੀਤਾ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਇਸ ਸੰਬੰਧੀ ਵਾਰ ਵਾਰ ਕੀਤੀਆਂ ਬੇਨਤੀਆਂ ਨੂੰ ਸੁਣਨ ਲਈ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਐਨਡੀਏ ਸਰਕਾਰ ਦਾ ਸ਼ੁਕਰਗੁਜ਼ਾਰ ਹੈ।

ਉਹਨਾਂ ਕਿਹਾ ਕਿ ਸਾਨੂੰ ਪੂਰਾ ਯਕੀਨ ਹੈ ਕਿ ਇਸ ਨਾਲ ਉੁਹਨਾਂ ਸਿੱਖ ਕੈਦੀਆਂ ਦੀ ਰਿਹਾਈ ਉੱਤੇ ਨਜ਼ਰਸਾਨੀ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ, ਜਿਹੜੇ ਜਾਂ ਤਾਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਜਾਂ ਜਿਹਨਾਂ ਨੂੰ ਧਾਰਮਿਕ ਅਤੇ ਜਜ਼ਬਾਤੀ ਹਾਲਾਤਾਂ ਕਾਰਨ ਮਜ਼ਬੂਰੀ ਵਿਚ ਕਾਨੂੰਨ ਦੇ ਉਲਟ ਭੁਗਤਣਾ ਪਿਆ ਸੀ।

ਉਹਨਾਂ ਕਿਹਾ ਕਿ ਇਹ ਇੱਕ ਬਹੁਤ ਵੱਡੀ ਸ਼ੁਰੂਆਤ ਹੈ ਅਤੇ ਮੈਨੂੰ ਯਕੀਨ ਹੈ ਕਿ ਜਿਸ ਸਿਆਸੀ ਦੂਰ-ਦ੍ਰਿਸ਼ਟੀ ਨਾਲ ਇਹ ਫੈਸਲਾਕੁੰਨ ਮਨੁੱਖਤਾਵਾਦੀ ਕਦਮ ਚੁੱਕਿਆ ਗਿਆ ਹੈ, ਇਸ ਬਾਕੀ ਬਚਦੇ ਕੇਸਾਂ ਉੱਤੇ ਵੀ ਲਾਗੂ ਕੀਤਾ ਜਾਵੇਗਾ, ਜਿਹੜੇ ਕਿ ਅਜਿਹੀ ਮੁਆਫੀ ਦੇ ਹੱਕਦਾਰ ਹਨ।

ਸਰਦਾਰ ਬਾਦਲ ਨੇ ਸਿੱਖਾਂ ਦੇ ਜ਼ਖਮਾਂ ਨੂੰ ਭਰਨ ਵਾਲੇ ਇਸ ਮਨੋਵਿਗਿਆਨਕ ਕਦਮ ਨੂੰ ਜਾਰੀ ਰੱਖਣ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਸੜ੍ਹ ਰਹੇ ਬਾਕੀ ਸਾਰੇ ਸਿੱਖ ਕੈਦੀਆਂ ਦੀ ਰਿਹਾਈ ਦੇ ਯਤਨ ਤੇਜ਼ ਕਰਨ ਲਈ ਪ੍ਰਧਾਨ ਮੰਤਰੀ ਅਤੇ ਗ੍ਰੁਹਿ ਮੰਤਰੀ ਨੂੰ ਉਚੇਚੇ ਤੌਰ ਤੇ ਬੇਨਤੀ ਕੀਤੀ।

ਉਹਨਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਭਾਰਤ ਸਰਕਾਰ ਪਹਿਲਾਂ ਹੀ ਇਹ ਕੰਮ ਕਰ ਰਹੀ ਹੈ ਅਤੇ ਇਸ ਵੱਲੋਂ ਉਹਨਾਂ ਰਾਜਾਂ ਦੀਆਂ ਸਰਕਾਰਾਂ ਨਾਲ ਰਾਬਤਾ ਬਣਾਇਆ ਹੋਇਆ ਹੈ, ਜਿੱਥੇ-ਜਿੱਥੇ ਇਹ ਸਾਰੇ ਸਿੱਖ ਕੈਦੀ ਬੰਦ ਹਨ।

ਸਰਦਾਰ ਬਾਦਲ ਨੇ ਕਿਹਾ ਕਿ ਇਹ ਫੈਸਲਾ ਪ੍ਰਧਾਨ ਮੰਤਰੀ ਵੱਲੋਂ ਬਹਾਦਰ ਅਤੇ ਦੇਸ਼ ਭਗਤ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਸ਼ੁਰੂ ਕੀਤੀ ਪ੍ਰਕਿਰਿਆ ਦਾ ਅਹਿਮ ਹਿੱਸਾ ਹੈ। ਉਹਨਾਂ ਕਿਹਾ ਕਿ ਇਹ ਪ੍ਰਕਿਰਿਆ ਕਾਂਗਰਸੀ ਗੁੰਡਿਆਂ ਵੱਲੋਂ 1984 ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕੀਤੇ ਕਤਲੇਆਮ ਵਿਚ ਭੂਮਿਕਾ ਨਿਭਾਉਣ ਲਈ ਸੱਜਣ ਕੁਮਾਰ ਨੂੰ ਜੇਲ੍ਹ ਭੇਜਣ ਨਾਲ ਸ਼ੁਰੂ ਹੋਈ ਸੀ।

ਸਰਦਾਰ ਬਾਦਲ ਨੇ ਕਿਹਾ ਕਿ ਉਹ ਇਸ ਫੈਸਲੇ ਵਾਸਤੇ ਇਸ ਕਰਕੇ ਸ਼ੁਕਰਗੁਜ਼ਾਰ ਹਨ, ਕਿਉਂਕਿ ਇਹ ਫੈਸਲਾ ਸਾਡੇ ਵੱਲੋਂ ਪ੍ਰਧਾਨ ਮੰਤਰੀ ਨੂੰ ਕੀਤੀ ਆਖਰੀ ਬੇਨਤੀ ਤੋਂ ਤੁਰੰਤ ਬਾਅਦ ਲਿਆ ਗਿਆ ਹੈ, ਜਿਸ ਵਿਚ ਮੈਂ ਗੁਜ਼ਾਰਿਸ਼ ਕੀਤੀ ਸੀ ਕਿ ਇਹ ਫੈਸਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਰਾਹੀਂ ਸਿਰਜੇ ਗਏ ਧਾਰਮਿਕ ਉਤਸ਼ਾਹ ਅਤੇ ਸਾਂਝ ਵਾਲੇ ਮਾਹੌਲ ਨੂੰ ਇੱਕ ਢੁੱਕਵੀਂ ਸ਼ਰਧਾਂਜ਼ਲੀ ਸਾਬਿਤ ਹੋਵੇਗਾ।

ਇੱਥੇ ਜ਼ਿਕਰਯੋਗ ਹੈ ਕਿ ਸਰਦਾਰ ਬਾਦਲ ਵੱਲੋਂ ਇਹ ਮੰਗ ਪਿਛਲੇ ਹਫਤੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਲਿਖੀ ਇੱਕ ਚਿੱਠੀ ਵਿਚ ਕੀਤੀ ਗਈ ਸੀ। ਅਕਾਲੀ ਦਲ ਦੀ ਕੋਰ ਕਮੇਟੀ ਨੇ ਇਸ ਮੰਗ ਨੂੰ ਲੈ ਕੇ ਕਈ ਮਤੇ ਪਾਸ ਕੀਤੇ ਹਨ ਅਤੇ ਇਸ ਸੰਬੰਧੀ ਤਾਜ਼ਾ ਮਤਾ 10 ਦਿਨ ਪਹਿਲਾਂ ਚੰਡੀਗੜ੍ਹ ਵਿਚ ਪਾਸ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ ਜਦੋਂ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਹੁੰਦੇ ਸਨ ਤਾਂ ਸੀਨੀਅਰ ਅਕਾਲੀ ਆਗੂਆਂ ਦੀ ਅਗਵਾਈ ਵਿਚ ਅਕਾਲੀ ਦਲ ਦੇ ਕਿੰਨੇ ਹੀ ਵਫ਼ਦ ਕੇਂਦਰ ਸਰਕਾਰ ਨੂੰ ਮਿਲ ਚੁੱਕੇ ਹਨ।

ਸਰਦਾਰ ਬਾਦਲ ਨੇ ਕਿਹਾ ਕਿ ਇਹ ਉਸ ਭਾਵਨਾ ਨੂੰ ਸ਼ਰਧਾਂਜ਼ਲੀ ਹੈ, ਜਿਸ ਨਾਲ ਅਕਾਲੀ-ਭਾਜਪਾ ਗਠਜੋੜ ਸਿੱਖਾਂ ਦੇ ਮੁੱਦਿਆਂ ਨੂੰ ਹੱਲ ਕਰਨ ਅਤੇ ਉਹਨਾਂ ਦੇ ਜ਼ਖਮਾਂ ਨੂੰ ਭਰਨ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਵਜੋਂ ਸਾਡੀ ਮੰਗ ਦਾ ਤਹਿ ਦਿਲੋਂ ਸਮਰਥਨ ਕਰਨ ਲਈ ਮੈਂ ਭਾਜਪਾ ਅੰਦਰਲੇ ਆਪਣੇ ਸਾਥੀਆਂ ਦਾ ਰਿਣੀ ਹਾਂ। ਸਾਡੀ ਮੰਗ ਦੇ ਹੱਕ ਵਿਚ ਉਹਨਾਂ ਵੱਲੋਂ ਨਿਭਾਈ ਪ੍ਰਭਾਵਸ਼ਾਲੀ ਭੂਮਿਕਾ ਤੋਂ ਬਗੈਰ ਇਹ ਸੰਭਵ ਨਹੀਂ ਸੀ ਹੋਣਾ।

ਇਸ ਨੂੰ ਵੀ ਪੜ੍ਹੋ:
ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ

Share News / Article

Yes Punjab - TOP STORIES