ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਸੁਲਤਾਨਪੁਰ ਲੋਧੀ ਦੇ ਸਕੂਲਾਂ ਦਾ ਅਚਨਚੇਤ ਨਿਰੀਖਣ

ਸੁਲਤਾਨਪੁਰ ਲੋਧੀ (ਕਪੂਰਥਲਾ), 4 ਸਤੰਬਰ, 2019 –
ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਮਿਆਰੀ ਸਿੱਖਿਆ ਪ੍ਰਦਾਨ ਕਰਨ ਅਤੇ ਸਕੂਲਾਂ ਦੇ ਬੁਨਿਆਦੀ ਢਾਂਚੇ ਵਿਚ ਹੋਰ ਸੁਧਾਰ ਲਿਆਉਣ ਲਈ ਵਚਨਬੱਧ ਹੈ, ਜਿਸ ਲਈ ਜੀਅ-ਤੋੜ ਯਤਨ ਕੀਤੇ ਜਾ ਰਹੇ ਹਨ।

ਵਿਧਾਇਕ ਸ. ਨਵਤੇਜ ਸਿੰਘ ਚੀਮਾ ਦੇ ਨਾਲ ਸੁਲਤਾਨਪੁਰ ਲੋਧੀ ਦੇ ਸਕੂਲਾਂ ਦਾ ਅਚਨਚੇਤ ਨਿਰੀਖਣ ਕਰਨ ਪਹੁੰਚੇ ਸ੍ਰੀ ਸਿੰਗਲਾ ਨੇ ਕਿਹਾ ਕਿ ਸਿੱਖਿਆ ਵਿਭਾਗ ਨੂੰ ਸਫਲਤਾ ਦੇ ਰਾਹ ‘ਤੇ ਤੋਰਨ ਲਈ ਜਿਥੇ ਸੁਹਿਰਦ ਅਧਿਆਪਕਾਂ ਤੇ ਅਧਿਕਾਰੀਆਂ ਦੀ ਲੋੜ ਹੈ, ਉਥੇ ਹਰੇਕ ਨਾਗਰਿਕ ਨੂੰ ਸਰਕਾਰੀ ਸਕੂਲਾਂ ਵਿਚ ਗਿਆਨ ਦੇ ਦੀਪ ਜਲਾਉਣ ਲਈ ਸਹਿਯੋਗ ਕਰਨ ਦੀ ਵੀ ਬੇਹੱਦ ਜ਼ਰੂਰਤ ਹੈ। ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬਾਨ ਦੇ ਚੌਗਿਰਦੇ ਵਿਚ ਆਉਂਦੇ ਸੁਲਤਾਨਪੁਰ ਲੋਧੀ ਇਲਾਕੇ ਦੇ 35 ਸਕੂਲਾਂ ਦੇ ਸੁੰਦਰੀਕਰਨ ਲਈ ਜਲਦ ਹੀ 46 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਵੇਗੀ।

ਉਨਾਂ ਕਿਹਾ ਕਿ ਸੁਲਤਾਨਪੁਰ ਲੋਧੀ ਸਮੇਤ ਇਲਾਕੇ ਦੇ ਸਾਰੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕੀਤਾ ਜਾਵੇਗਾ, ਜਿਸ ਲਈ ਉੱਚ ਪੱਧਰੀ ਟੀਮਾਂ ਸਕੂਲਾਂ ਦੀਆਂ ਇਮਾਰਤਾਂ ਦੇ ਅਧਿਐਨ ਲਈ ਭੇਜੀਆਂ ਗਈਆਂ ਹਨ। ਉਨਾਂ ਕਿਹਾ ਕਿ ਸਕੂਲਾਂ ਵਿਚ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਦੀਆਂ ਖਾਲੀ ਪਈਆਂ ਅਸਾਮੀਆਂ 2020 ਤੱਕ ਭਰ ਦਿੱਤੀਆਂ ਜਾਣਗੀਆਂ। ਉਨਾਂ ਕਿਹਾ ਕਿ ਅਧਿਆਪਕਾਂ ਦੀ ਭਰਤੀ ਪੂਰਨ ਮੈਰਿਟ ਦੇ ਆਧਾਰ ‘ਤੇ ਕੀਤੀ ਜਾਵੇਗੀ।

ਉਨਾਂ ਕਿਹਾ ਕਿ ਸੂਬੇ ਦੇ ਵਿਕਾਸ ਲਈ ਮਿਆਰੀ ਸਿੱਖਿਆ ਬੇਹੱਦ ਜ਼ਰੂਰੀ ਹੈ, ਜਿਸਦੇ ਲਈ ਸੂਬੇ ਦੇ 3700 ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਜਾ ਚੁੱਕਾ ਹੈ ਅਤੇ ਸਾਰੇ ਸਕੂਲਾਂ ਨੂੰ ਸਮਾਰਟ ਬਣਾਉਣ ਲਈ ‘ਸਮਾਰਟ ਸਕੂਲ ਨੀਤੀ’ ਲਿਆਂਦੀ ਜਾ ਰਹੀ ਹੈ, ਜਿਸ ਅਧੀਨ ਲੋਕਾ ਦੇ ਸਹਿਯੋਗ ਨਾਲ ਇਨਾਂ ਸਕੂਲਾਂ ਦੀ ਮੁਕੰਮਲ ਕਾਇਆ ਕਲਪ ਕੀਤੀ ਜਾਵੇਗੀ। ਉਨਾਂ ਕਿਹਾ ਕਿ ਅਗਲੇ ਕੁਝ ਸਮੇਂ ਵਿਚ ਸੂਬੇ ਦੇ 1300 ਸਕੂਲਾਂ ਨੂੰ ਸੋਲਰ ਐਨਰਜੀ ਯੁਕਤ ਕਰਨ ਦਾ ਟੀਚਾ ਹੈ ਅਤੇ 13 ਹਜਾਰ ਤੋਂ ਵੱਧ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਜਮਾਨਾਂ ਦੀ ਸ਼ੁਰੂਆਤ ਕੀਤੀ ਗਈ ਹੈ।

ਉਨਾਂ ਕਿਹਾ ਕਿ ਸਕੂਲ ਸਿੱਖਿਆ ਪ੍ਰਣਾਲੀ ਵਿਚ ਸੁਧਾਰ ਲਈ ਸਾਰੇ ਸਬੰਧਤ ਖੇਤਰਾਂ ਤੋਂ ਫੀਡਬੈਕ ਲਈ ਜਾ ਰਹੀ ਹੈ। ਉਨਾਂ ਕਿਹਾ ਕਿ ਸਿੱਖਿਆ ਦੇ ਵਿਕਾਸ ਲਈ ਵਿਭਾਗ ਦੇ ਸਾਰੇ ਕਰਮਚਾਰੀਆਂ ਨੂੰ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ। ਇਸ ਦੌਰਾਨ ਉਨਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਦਾ ਦੌਰਾ ਕਰਕੇ ਕਲਾਸ ਰੂਮਾਂ, ਮਿੱਡ-ਡੇ-ਮੀਲ ਸਟੋਰ, ਲਾਇਬ੍ਰੇਰੀ, ਕੰਪਿਊਟਰ ਲੈਬ ਆਦਿ ਦਾ ਨਿਰੀਖਣ ਕਰਨ ਤੋਂ ਇਲਾਵਾ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ।

ਉਨਾਂ ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਕਿਹਾ ਕਿ ਉਹ ਸਕੂਲਾਂ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਲਿਆਉਣ ਲਈ ਆਪਣੇ ਪੱਧਰ ‘ਤੇ ਵੀ ਯਤਨ ਕਰਨ।

ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ (ਸ) ਸ. ਮੱਸਾ ਸਿੰਘ, ਜ਼ਿਲਾ ਸਿੱਖਿਆ ਅਫ਼ਸਰ (ਅ) ਸ. ਗੁਰਭਜਨ ਸਿੰਘ ਲਸਾਨੀ, ਲੋਕ ਨਿਰਮਾਣ ਵਿਭਾਗ ਦੇ ਚੀਫ ਇੰਜੀਨੀਅਰ ਸ. ਜੇ ਐਸ. ਮਾਨ, ਨਿਗਰਾਨ ਇੰਜੀਨੀਅਰ ਸ. ਏ. ਐਸ ਬਰਾੜ, ਡੀ. ਐਸ. ਪੀ. ਸ. ਸਰਵਨ ਸਿੰਘ ਬੱਲ, ਐਕਸੀਅਨ ਸ੍ਰੀ ਵਰਿੰਦਰ ਕੁਮਾਰ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਸ) ਸ. ਬਿਕਰਮਜੀਤ ਸਿੰਘ, ਸ. ਪਰਵਿੰਦਰ ਸਿੰਘ ਪੱਪਾ, ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਅਸ਼ੋਕ ਮੋਗਲਾ, ਸ੍ਰੀ ਸੁਸ਼ੀਲ ਕੁਮਾਰ, ਸ. ਦਵਿੰਦਰ ਸਿੰਘ, ਸ੍ਰੀ ਬਲਜਿੰਦਰ ਸਿੰਘ ਤੇ ਹੋਰ ਹਾਜ਼ਰ ਸਨ।

Share News / Article

Yes Punjab - TOP STORIES